ਇਸਲਾਮਾਬਾਦ – ਪਾਕਿਸਤਾਨ ਦੇ ਇੱਕ ਅਖ਼ਬਾਰ ਨੇ ਸ਼ਿਵਸੈਨਾ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਭਾਰਤ ਵਿੱਚ ਸ਼ਿਵ ਸੈਨਾ ‘ਦਾਨਵ’ ਦੀ ਤਰ੍ਹਾਂ ਬੇਲਗਾਮ ਹੁੰਦੀ ਜਾ ਰਹੀ ਹੈ। ਅਖ਼ਬਾਰ ਵਿੱਚ ਭਾਰਤ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਸ਼ਿਵਸੈਨਾ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।
ਪਾਕਿਸਤਾਨ ਦੇ ‘ਦੀ ਨਿਊਜ਼ ਇੰਟਰਨੈਸ਼ਨਲ’ ਅਖ਼ਬਾਰ ਵਿੱਚ “ਸ਼ਿਵਸੈਨਾ ਮੈਡਨੇਸ” ਦੇ ਸਿਰਲੇਖ ਹੇਠ ਲਿਖੇ ਗਏ ਸੰਪਾਦਕੀ ਵਿੱਚ ਲਿਖਿਆ ਗਿਆ ਹੈ ਕਿ ਸ਼ਿਵਸੈਨਾ ਇੱਕ ਅੱਤਵਾਦੀ ਸੰਗਠਨ ਹੈ ਜੋ ਖਤਰਨਾਕ ਦੈਂਤ ਦੀ ਤਰ੍ਹਾਂ ਵਿਹਾਰ ਕਰ ਰਹੀ ਹੈ ਅਤੇ ਹੁਣ ਇਸ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਗਿਆ ਹੈ। ਅਖ਼ਬਾਰ ਵਿੱਚ ਪਾਕਿਸਤਨੀ ਇੰਪਾਇਰ ਅਲੀਮ ਨੂੰ ਸ਼ਿਵਸੈਨਾ ਵੱਲੋਂ ਭਾਰਤ ਛੱਡਣ ਦੀ ਦਿੱਤੀ ਗਈ ਧਮਕੀ ਦਾ ਵੀ ਜਿਕਰ ਕੀਤਾ ਗਿਆ ਹੈ। ਜਮੂੰ-ਕਸ਼ਮੀਰ ਦੇ ਵਿਧਾਇਕ ਰਾਸਿ਼ਦ ਤੇ ਕਾਲੀ ਸਿਆਹੀ ਸੁੱਟੇ ਜਾਣ ਅਤੇ ਭਾਜਪਾ ਵਿਧਾਇਕ ਦੁਆਰਾ ਉਸ ਦੀ ਕੁੱਟਮਾਰ ਕੀਤੇ ਜਾਣ ਦੀਆਂ ਘੱਟਨਾਵਾਂ ਦਾ ਜਿਕਰ ਕਰਦੇ ਹੋਏ ਕਿਹਾ ਹੈ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਸ਼ਿਵਸੈਨਾ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ।
ਅਖ਼ਬਾਰ ਵਿੱਚ ਲਿਖਿਆ ਗਿਆ ਹੈ ਕਿ ਇਹ ਪਾਰਟੀ ਪਹਿਲਾਂ ਵੀ ਅਜਿਹੀਆਂ ਹਰਕਤਾਂ ਕਰਦੀ ਸੀ ਪਰ ਹੁਣ ਆਪਣੀ ਪੂਰੀ ਤਾਕਤ ਵਰਤ ਕੇ ਹਿੰਸਾਤਮਕ ਪ੍ਰਦਰਸ਼ਨ ਕਰ ਰਹੀ ਹੈ। ਸੰਪਾਦਕੀ ਵਿੱਚ ਇਹ ਵੀ ਲਿਖਿਆ ਗਿਆ ਹੈ, “ਸ਼ਿਵਸੈਨਾ ਦੀਆਂ ਇਨ੍ਹਾਂ ਹਰਕਤਾਂ ਦਾ ਸੱਭ ਤੋਂ ਵੱਡਾ ਕਾਰਣ ਭਾਜਪਾ ਦੀ ਸਹਿਯੋਗੀ ਪਾਰਟੀ ਹੋਣਾ ਹੈ।” ਸੰਪਾਦਕ ਨੇ ਇਹ ਵੀ ਲਿਖਿਆ ਹੈ ਕਿ ਨਵੀਂ ਦਿੱਲੀ ਦੇ ਲਈ ਆਪਣੇ ਅਕਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਰਵਾਈ ਕਰਨਾ ਜਰੂਰੀ ਹੋ ਗਿਆ ਹੈ ਕਿਉਂਕਿ ਦੋਵਾਂ ਦੇਸ਼ਾਂ ਦੇ ਸਬੰਧ ਪਹਿਲਾਂ ਹੀ ਬਹੁਤ ਤਣਾਅ ਪੂਰਣ ਹਨ।