ਫਤਿਹਗੜ੍ਹ ਸਾਹਿਬ – “ਕੈਨੇਡਾ ਦੀ ਪਾਰਲੀਮੈਂਟ (ਹਾਉਸ ਆਫ ਕਾਮਨਜ਼) ਦੀਆਂ ਹੋਈਆਂ ਚੋਣਾਂ ਵਿੱਚ ਸ਼੍ਰੀ ਜਸਟਿਨ ਟਰੂਡੋ ਦੀ ਅਗਵਾਈ ਵਿਚ ਸਰਗਰਮ ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਬਹੁਮੱਤ ਪ੍ਰਾਪਤ ਕਰਨ ਅਤੇ ਇਹਨਾਂ ਜਿੱਤੇ ਹੋਇਆਂ ਵਿੱਚ ਪੰਜਾਬੀਆਂ ਅਤੇ ਸਿੱਖਾਂ ਦੀ 19 ਦੇ ਕਰੀਬ ਵੱਡੀ ਗਿਣਤੀ ਵਿਚ ਜਿੱਤਣ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀ ਸਿੱਖ ਕੌਮ ਵੱਲੋਂ ਹਾਰਦਿਕ ਮੁਬਾਰਕਬਾਦ ਭੇਜੀ ਜਾਂਦੀ ਹੈ। ਜਿਵੇਂ ਓਂਟਾਰੀਉ, ਟੋਰਾਂਟੋ, ਬਰੈਂਮਪਟਨ, ਮਿਸੀਸਾਗਾ, ਕੈਲਗਰੀ, ਬ੍ਰਿਟਿਸ਼ ਕੋਲੰਬੀਆ, ਸਰੀ ਅਤੇ ਵੈਨਕੂਵਰ ਆਦਿ ਮਹੱਤਵਪੂਰਨ ਚੋਣ ਹਲਕਿਆਂ ਵਿਚ ਵੋਟਰਾਂ ਨੇ ਸਿੱਖਾਂ ਅਤੇ ਪੰਜਾਬੀਆਂ ਦੇ ਹੱਕ ਵਿਚ ਵੱਡੇ ਉਤਸ਼ਾਹ ਨਾਲ ਵੋਟ ਭੁਗਤਾਏ ਹਨ, ਉਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕੈਨੇਡਾ ਮੁਲਕ ਵਿਚ ਵੀ ਸਿੱਖ ਅਤੇ ਪੰਜਾਬੀ ਆਪਣੇ ਪਿਛੋਕੜ ਇਤਿਹਾਸਿਕ ਲੀਹਾਂ ਉਤੇ ਪਹਿਰਾ ਦਿੰਦੇ ਹੋਏ ਯੋਗ ਸੇਵਾ ਅਤੇ ਕੈਨੇਡਾ ਨੂੰ ਸਮਰਪਿਤ ਹਨ ਅਤੇ ਕੈਨੇਡਾ ਦੀ ਹਰ ਪੱਖੋਂ ਤਰੱਕੀ ਵਿਚ ਯੋਗਦਾਨ ਪਾ ਰਹੇ ਹਨ। ਇਹੀ ਵਜ੍ਹਾ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਵਿਚ 19 ਸਿੱਖਾਂ ਅਤੇ ਪੰਜਾਬੀਆਂ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਦੇ ਬਣਨ ਜਾ ਰਹੇ ਨਵੇਂ ਵਜੀਰੇ ਆਜ਼ਮ ਸ਼੍ਰੀ ਜਸਟਿਨ ਟਰੂਡੋ, ਸਮੁੱਚੀ ਲਿਬਰਲ ਪਾਰਟੀ ਅਤੇ ਜਿੱਤਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਨੂੰ ਇਸ ਖੁਸ਼ੀ ਦੇ ਮੌਕੇ ‘ਤੇ ਹਾਰਦਿਕ ਮੁਬਾਰਕਬਾਦ ਭੇਜਦਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੈਨੇਡਾ ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਉਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਜਾਹਰ ਕੀਤੇ। ਉਹਨਾਂ ਜਸਟਿਨ ਟਰੂਡੋ ਅਤੇ ਸਮੁੱਚੀ ਲਿਬਰਲ ਪਾਰਟੀ ਤੋਂ ਇਹ ਉਮੀਦ ਪ੍ਰਗਟ ਕੀਤੀ ਕਿ ਕੈਨੇਡਾ ਦੀ ਬਣਨ ਜਾ ਰਹੀ ਹਕੂਮਤ ਭਾਰਤ ਵਿਚ ਸਿੱਖ, ਮੁਸਲਿਮ, ਇਸਾਈ ਅਤੇ ਰੰਘਰੇਟੇਆਂ ਘੱਟ ਗਿਣਤੀ ਕੌਮਾਂ ਉਤੇ ਹੁਕਮਰਾਨਾ ਵੱਲੋਂ ਕੀਤੇ ਜਾ ਰਹੇ ਅਣਮਨੁੱਖੀ ਜਬਰ ਜੁਲਮਾਂ ਵਿਰੁੱਧ ਕੌਮਾਂਤਰੀ ਪੱਧਰ ਉਤੇ ਆਵਾਜ਼ ਵੀ ਉਠਾਉਂਦੀ ਰਹੇਗੀ ਅਤੇ ਘੱਟ ਗਿਣਤੀ ਕੌਮਾਂ ਦੇ ਵਿਧਾਨਕ , ਧਾਰਮਿਕ ਅਤੇ ਸਮਾਜਿਕ ਹੱਕਾਂ ਦੀ ਹਿਫਾਜਤ ਲਈ ਆਪਣੇ ਫਰਜ਼ ਪੂਰੇ ਕਰਦੀ ਰਹੇਗੀ। ਉਹਨਾਂ ਕਿਹਾ ਕਿ ਸਿੱਖਾਂ ਅਤੇ ਪੰਜਾਬੀਆਂ ਨੇ ਕੈਨੇਡਾ ਵਿਚ ਹੀ ਨਹੀਂ ਬਲਕਿ ਜਿਥੇ ਕਿਤੇ ਵੀ ਬਾਹਰਲੇ ਮੁਲਕਾਂ ਵਿਚ ਊਹ ਵੱਸੇ ਹੋਏ ਹਨ, ਉਹ ਆਪਣੀ ਮੇਹਨਤ, ਬਹਾਦਰੀ, ਦ੍ਰਿੜ੍ਹਤਾ ਅਤੇ ਲੋੜਵੰਦਾਂ ਦੇ ਕੰਮ ਆਉਣ ਦੇ ਗੁਣਾਂ ਦੀ ਬਦੌਲਤ ਪੰਜਾਬੀਅਤ ਅਤੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਮਜਬੂਤ ਵੀ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਸਮੁੱਚੇ ਸੰਸਾਰ ਦੇ ਮੁਲਕਾਂ ਵਿਚ ਜਮਹੂਰੀਅਤ ਅਤੇ ਅਮਨ ਚੈਨ ਦਾ ਬੋਲਬਾਲਾ ਲੋੜਦਾ ਹੈ। ਕਿਉਂ ਕਿ ਸਾਨੂੰ ਗੁਰੁ ਸਾਹਿਬਾਨ ਨੇ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਤੋਂ ਮੁੱਖਤਾ ਦੀ ਬੇਹਤਰੀ ਲਈ ਯਤਨਸ਼ੀਲ ਰਹਿਣ ਅਤੇ ਹਰ ਤਰ੍ਹਾਂ ਦੇ ਜਬਰ ਜੁਲਮ ਵਿਰੁੱਧ ਆਵਾਜ ਉਠਾਊਣ ਦੇ ਹੁਕਮ ਦਿੱਤੇ ਹਨ। ਇਸ ਲਈ ਜਿਥੇ ਕੈਨੇਡਾ ਵਿਚ ਪੰਜਾਬੀ ਅਤੇ ਸਿੱਖ ਇਥੋਂ ਦੇ ਨਿਵਾਸੀਆਂ ਦੀ ਸੇਵਾ ਕਰਨ ਦੇ ਫਰਜ਼ ਅਦਾ ਕਰਨ, ਉਥੇ ਉਹ ਆਪਣੀ ਜਨਮ ਭੂਮੀ ਪੰਜਾਬ ਅਤੇ ਸਿੱਖੀ ਨੂੰ ਪ੍ਰਫੁਲਿੱਤ ਕਰਨ ਲਈ ਵੀ ਕੈਨੇਡਾ ਵਿਚ ਆਪਣੀਆਂ ਜਿੰਮੇਵਾਰੀਆਂ ਪੂਰੀਆਂ ਕਰਨ ਅਤੇ ਕੈਨੇਡਾ ਦੀ ਪਾਰਲੀਮੈਂਟ ਵਿਚ ਅਜਿਹੀ ਪੰਜਾਬ ਅਤੇ ਸਿੱਖ ਕੌਮ ਪੱਖੀ ਲਾਬੀ ਮਜਬੂਤ ਕਰਨ, ਜਿਸ ਨਾਲ ਜਦੋਂ ਕਦੀ ਵੀ ਹਿੰਦ ਹਕੂਮਤ ਪੰਜਾਬੀਆਂ ਅਤੇ ਸਿੱਖਾਂ ਨਾਲ ਧ੍ਰੋਹ ਕਮਾਵੇ ਤਾਂ ਕੈਨੇਡਾ ਦੀ ਹਕੂਮਤ, ਪਾਰਲੀਮੈਂਟ ਦੇ ਮੈਂਬਰਾਂ ਬਾਦਲੀਲ ਤਰੀਕੇ ਸਰਬੱਤ ਦਾ ਭਲਾ ਲੋੜਨ ਵਾਲੇ ਸਿੱਖਾਂ ਅਤੇ ਪੰਜਾਬੀਆਂ ਉਤੇ ਹੋਣ ਵਾਲੇ ਹਕੂਮਤੀ ਜਬਰ ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਨ। ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਿੱਤੇ ਹੋਏ ਪੰਜਾਬੀ ਅਤੇ ਸਿੱਖ ਐਮ ਪੀ ਪੰਜਾਬ ਵਿਚ ਬਾਦਲ ਹਕੂਮਤ, ਸ਼੍ਰੀ ਮੱਕੜ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਕੀਤੀਆਂ ਗਈਆਂ ਬੱਜਰ ਗੁਸਤਾਖੀਆਂ ਦੀ ਬਦੌਲਤ ਪੰਜਾਬ ਦੇ ਬਦਤਰ ਬਣੇ ਹਾਲਾਤਾਂ ਉਤੇ ਪੂਰੀ ਗੌਰ ਕਰਦੇ ਹੋਏ , ਜੋ ਪੰਜਾਬ ਵਿਚ ਮੰਦਭਾਵਨਾ ਅਧੀਨ ਫੌਜ ਅਤੇ ਅਰਧ ਸੈਨਿਕ ਬਲ ਲਗਾਏ ਗਏ ਹਨ, ਉਹਨਾਂ ਨੂੰ ਪੰਜਾਬੀਆਂ ਅਤੇ ਸਿੱਖਾਂ ਦੇ ਖੁਨ ਨਾਲ ਫਿਰ ਤੋਂ ਹੋਲੀ ਖੇਡਣ ਦੀ ਇਜਾਜ਼ਤ ਬਿਲਕੁਲ ਨਹੀਂ ਦੇਣਗੇ ਅਤੇ ਸੈਂਟਰ ਸਿੱਖ ਵਿਰੋਧੀ ਮੋਦੀ ਹਕੂਮਤ ਅਤੇ ਉਹਨਾਂ ਦੀਆਂ ਸਾਜਿਸ਼ਾਂ ਵਿਚ ਭਾਈਵਾਲ ਬਣੀ ਬਾਦਲ ਹਕੂਮਤ ਦੇ ਗੈਰ ਵਿਧਾਨਕ ਅਤੇ ਗੈਰ ਸਮਾਜਿਕ ਅਮਲਾਂ ਨੂੰ ਕੌਮਾਂਤਰੀ ਪੱਧਰ ਉਤੇ ਉਜਾਗਰ ਕਰਦੇ ਹੋਏ ਸਿੱਖ ਕੌਮ ਦੀ ਇਸ ਦੁੱਖ ਦੀ ਘੜੀ ਵਿਚ ਪੂਰਨ ਸਾਥ ਦੇਣਗੇ। ਤਾਂ ਜੋ ਹਿੰਦ ਦੀਆਂ ਫੌਜਾਂ ਅਤੇ ਅਰਧ ਸੈਨਿਕ ਬਲ ਪੰਜਾਬ ਵਿਚ ਫਿਰ ਤੋਂ ਸਿੱਖ ਨੌਜਵਾਨੀ ਦਾ ਘਾਣ ਨਾ ਕਰ ਸਕਣ।