ਚੰਡੀਗੜ੍ਹ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ (ਸੈਕਟਰ-੨੭ ਬੀ) ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ ਹੋਈ।ਇਕੱਤਰਤਾ ਦੀ ਆਰੰਭਤਾ ਮੂਲ ਮੰਤਰ ਦੇ ਜਾਪ ਕਰਕੇ ਕੀਤੀ ਗਈ।ਇਹ ਇਕੱਤਰਤਾ ਇਕ ਨੁਕਾਤੀ ਮੁੱਦੇ ਤੇ ਕੇਂਦਰਿਤ ਰਹੀ ਜਿਸ ਤਹਿਤ ਮੌਜੂਦਾ ਪੰਥਕ ਹਾਲਾਤ ਤੇ ਵਿਚਾਰ-ਚਰਚਾ ਕੀਤੀ ਗਈ।
ਇਕੱਤਰਤਾ ਬਾਰੇ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਮੈਂਬਰਾਂ ਨੇ ਪਿਛਲੇ ਦਿਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਾਮਲੇ ਨੇ ਅੱਜ ਪੰਥ ਨੂੰ ਨਾਜ਼ੁਕ ਦੌਰ ਵਿੱਚ ਲੈ ਆਂਦਾ ਹੈ ਅਤੇ ਸਿੱਖ ਸੰਗਤਾਂ ਦਾ ਰੋਸ ਜਾਇਜ਼ ਹੈ ਕਿਉਂਕਿ ਉਹ ਆਪਣੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਕਦੇ ਵੀ ਸਹਾਰ ਨਹੀਂ ਸਕਦੀਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਾਜ਼ਰ ਮੈਂਬਰ ਸਾਹਿਬਾਨ ਨੇ ਲੰਮੀ ਵਿਚਾਰ ਚਰਚਾ ਉਪਰੰਤ ਇਹ ਫੈਸਲਾ ਕੀਤਾ ਹੈ ਕਿ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਨੇ ਇਕੱਤਰਤਾ ਕਰਕੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਮਿਤੀ ੨੩ ਅਕਤੂਬਰ ੨੦੧੫ ਨੂੰ ਤਲਬ ਕਰਨ ਦਾ ਫੈਸਲਾ ਲਿਆ ਸੀ।ਇਸ ਕਾਰਣ ਪੰਜ ਪਿਆਰੇ ਸਾਹਿਬਾਨ ਨੂੰ ਸਰਵਿਸ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਦੀ ਬਹਾਲੀ ਸਬੰਧੀ ਅੰਤ੍ਰਿੰਗ ਕਮੇਟੀ ਨੇ ਅਗਲੇਰੀ ਕਾਰਵਾਈ ਕਰਨ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਦੇ ਦਿੱਤੇ ਹਨ।ਉਨ੍ਹਾਂ ਕਿਹਾ ਕਿ ਜਲਦ ਹੀ ਇਹ ਮਾਮਲਾ ਨਿਪਟਾ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਜ ਦੀ ਇਕੱਤਰਤਾ ਵਿੱਚ ਦੀਰਘ ਵਿਚਾਰ ਉਪਰੰਤ ਪੰਜਾਬ ਸਰਕਾਰ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਢਾਹ ਲਾਉਣ ਵਾਲੇ ਦੋਸ਼ੀਆਂ ਤੇ ਕਾਰਵਾਈ ਕਰਨ ਸਮੇਂ ਡੂੰਘੀ ਤਫਤੀਸ਼ ਕਰਵਾ ਲਈ ਜਾਵੇ ਤਾਂ ਕਿ ਕਿਸੇ ਬੇਕਸੂਰ ਵਿਅਕਤੀ ਨਾਲ ਬੇ-ਇਨਸਾਫੀ ਨਾ ਹੋ ਜਾਵੇ।