ਨਵੀਂ ਦਿੱਲੀ – ਵਾਜਪਾਈ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਬੀਜੇਪੀ ਦੇ ਉਚਕੋਟੀ ਦੇ ਨੇਤਾ ਅਰੁਣ ਸ਼ੌਰੀ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਬਹੁਤ ਤਿੱਖੇ ਹਮਲੇ ਬੋਲੇ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦਿਸ਼ਾਹੀਣ ਹੈ ਜੋ ਅਰਥਵਿਵਸਥਾ ਸੁਧਾਰਨ ਦੀ ਬਜਾਏ ਸਿਰਫ਼ ਸੁਰਖੀਆਂ ਵਿੱਚ ਰਹਿਣ ਨੂੰ ਤਰਜੀਹ ਦੇ ਰਹੀ ਹੈ।
ਅਰੁਣ ਸ਼ੌਰੀ ਨੇ ਇੱਕ ਪੁਸਤਕ ਰਲੀਜ਼ ਦੇ ਮੌਕੇ ਤੇ ਕਿਹਾ ਕਿ ਦੇਸ਼ ਦੇ ਲੋਕ ਹੁਣ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੂੰ ਯਾਦ ਕਰਨ ਲਗੇ ਹਨ। ਮੋਦੀ ਸਰਕਾਰ ਦਾ ਨੀਤੀਆਂ ਬਣਾਉਣ ਦਾ ਤਰੀਕਾ ਬਿਲਕੁਲ ਕਾਂਗਰਸ ਵਰਗਾ ਹੀ ਹੈ, ਸਿਰਫ਼ ਗਾਂ ਦਾ ਮੁੱਦਾ ਹੀ ਵੱਖਰਾ ਹੈ। ਸ਼ੌਰੀ ਨੇ ਕਿਹਾ ਕਿ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਤੇ ਮੋਦੀ ਸਰਕਾਰ ਵਿੱਚ ਦੂਸਰਾ ਅੰਤਰ ਇਹ ਹੈ ਕਿ ਮੌਜੂਦਾ ਸਰਕਾਰ ਦਾ ਅਰਥਵਿਵਸਥਾ ਦਾ ਪ੍ਰਬੰਧ ਕਰਨ ਦਾ ਮਤਲੱਬ ਆਪਣੇ ਆਪ ਨੂੰ ਸੁਰਖੀਆਂ ਵਿੱਚ ਰੱਖਣ ਦਾ ਪ੍ਰਬੰਧ ਕਰਨਾ ਹੈ, ਅਸਲ ਵਿੱਚ ਵਿਕਾਸ ਦਾ ਕੋਈ ਕੰਮ ਕਰਨਾ ਨਹੀਂ ਹੈ।
ਪ੍ਰਸਿੱਧ ਪੱਤਰਕਾਰ ਟੀਐਨ ਦੀ ਪੁਸਤਕ ਟਰਨ ਆਫ਼ ਦ ਟਾਰਟਾਈਜ਼ ਦੇ ਰਲੀਜ਼ ਸਮਾਗਮ ਦੌਰਾਨ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਸ ਤੋਂ ਕਮਜੋਰ ਪੀਐਮਓ ਪਹਿਲਾਂ ਕਦੇ ਨਹੀਂ ਰਿਹਾ। ਪੀਐਮਓ ਵਿੱਚ ਕੋਈ ਵੀ ਵਿਅਕਤੀ ਯੋਗਤਾ ਵਾਲਾ ਨਹੀਂ ਹੈ ਜੋ ਇਸ ਨੂੰ ਚਲਾ ਸਕੇ। ਇਸ ਸਮਾਗਮ ਵਿੱਚ ਅਰੁਣ ਸ਼ੌਰੀ ਤੋਂ ਇਲਾਵਾ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ, ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਅਤੇ ਸਾਬਕਾ ਵਿਦੇਸ਼ ਸਕੱਤਰ ਸਚਿਵ ਸਿ਼ਆਮ ਸਰਨ ਮੌਜੂਦ ਸਨ।