? ਮਿੱਤਰ ਜੀ ਜਦੋਂ ਮਨੁੱਖ ਦੀ ਮੌਤ ਹੁੰਦੀ ਹੈ ਤਾਂ ਸਰੀਰ ਵਿਚੋਂ ਕਿਹੜੀ ਚੀਜ਼ ਨਿਕਲਦੀ ਹੈ ਇਸ ਬਾਰੇ ਸਾਨੂੰ ਸ਼ੰਕਾ ਨਵਿਰਤੀ ਰਾਹੀਂ ਜ਼ਰੂਰ ਦੱਸਣਾ।
* ਜਦੋਂ ਰੇਡੀਓ ਚੱਲਣਾ ਬੰਦ ਹੋ ਜਾਂਦਾ ਹੈ ਤਾਂ ਕੀ ਵਿੱਚੋਂ ਕੋਈ ਚੀਜ਼ ਬਾਹਰ ਨਿਕਲ ਜਾਂਦੀ ਹੈ। ਨਹੀਂ ਅਸਲ ਵਿਚ ਰੇਡੀਓ ਦੇ ਅੰਦਰੂਨੀ ਸਰਕਟਾਂ ਦੇ ਆਪਸੀ ਤਾਲਮੇਲ ਵਿੱਚੋਂ ਕਿਸੇ ਇੱਕ ਸਰਕਟ ਦੇ ਬੰਦ ਹੋਣ ਨਾਲ ਰੁਕਾਵਟ ਆ ਜਾਂਦੀ ਹੈ। ਇਵੇਂ ਹੀ ਸਰੀਰ ਦੀਆਂ ਵੱਖ-ਵੱਖ ਅੰਗ ਪ੍ਰਣਾਲੀਆਂ ਵਿੱਚੋਂ ਕਿਸੇ ਦੇ ਕੰਮ ਬੰਦ ਕਰ ਦੇਣ ਨਾਲ ਸਰੀਰ ਦਾ ਆਪਸੀ ਤਾਲਮੇਲ ਖ਼ਤਮ ਹੋ ਜਾਂਦਾ ਹੈ। ਆਪਸੀ ਤਾਲ ਮੇਲ ਖ਼ਤਮ ਹੋ ਜਾਂਦਾ ਹੈ। ਸਿੱਟੇ ਵਜੋਂ ਮਨੁੱਖ ਦੀ ਮੌਤ ਹੋ ਜਾਂਦੀ ਹੈ।
? ਮੌਜੂਦਾ ਮਨੁੱਖ ਵਿਚ ਆਉਣ ਵਾਲੇ ਸਮੇਂ ਵਿਚ ਕੀ-ਕੀ ਤਬਦੀਲੀਆਂ ਹੋ ਸਕਦੀਆਂ ਹਨ?
* ਅਸੀਂ ਹਰ ਪਲ ਹਰ ਘੜੀ ਬਦਲ ਰਹੇ ਹਾਂ। ਮੇਰੇ ਪਿਤਾ ਜੀ ਨੇ ਜਦੋਂ ਸਾਇਕਲ ਸਿੱਖਿਆ ਸੀ ਤਾਂ ਦੋ ਜਣੇ ਉਸ ਨੂੰ ਪਿੱਛੋਂ ਫੜਦੇ ਸਨ। ਫਿਰ ਵੀ ਸਿੱਖਦੇ-ਸਿੱਖਦੇ ਗੋਡਿਆਂ ‘ਤੇ ਟਾਕੀਆਂ ਵਰਗੇ ਜ਼ਖਮ ਹੋ ਜਾਂਦੇ ਸਨ ਪਰ ਮੇਰੇ ਬੇਟੇ ਨੇ ਜਦੋਂ ਸਾਇਕਲ ਸਿੱਖਿਆ ਉਸ ਨੂੰ ਕੋਈ ਅਜਿਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਿਆ। ਪਿਛਲੇ ਇਕ ਦਹਾਕੇ ਵਿਚ ਆਈਆਂ ਤਬਦੀਲੀਆਂ ਹੀ ਨੋਟ ਕਰਨ ਵਾਲੀਆਂ ਹਨ। ਇੰਟਰਨੈੱਟ, ਮੋਬਾਇਲ ਅਤੇ ਕਲੋਨਿੰਗ ਨੇ ਮਨੁੱਖੀ ਜ਼ਿੰਦਗੀ ਵਿਚ ਅਥਾਹ ਤਬਦੀਲੀਆਂ ਲਿਆ ਦਿੱਤੀਆਂ ਹਨ। ਜਿਵੇਂ ਬਾਬੇ ਤੇ ਪੋਤੇ ਵਿਚ ਵੱਡੀਆਂ ਤਬਦੀਲੀਆਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ। ਆਉਣ ਵਾਲੀਆਂ 20-30 ਪੀੜੀਆਂ ਬਾਅਦ ਵਾਲੇ ਮਨੁੱਖਾਂ ਲਈ ਤਾਂ ਅੱਜ ਦਾ ਮਨੁੱਖ ਜੰਗਲੀ ਮਨੁੱਖਾਂ ਵਰਗਾ ਜਾਪੇਗਾ।
? ਕਿਰਪਾ ਕਰਕੇ ਮਨੁੱਖੀ ਕੋਸ਼ਿਕਾਵਾਂ ਦੀ ਗਿਣਤੀ ਦੱਸੋ?
* ਮਨੁੱਖੀ ਸਰੀਰ ਵਿਚ ਕੋਸ਼ਿਕਾਵਾਂ ਦੀ ਗਿਣਤੀ ਖਰਬਾਂ ਵਿਚ ਹੁੰਦੀ ਹੈ।
? ਕੀ ਬੱਸ ਸਟੈਂਡਾਂ ਉੱਪਰ ਵਿਕਦੇ ਬਣਾਵਟੀ ਜੂਸ ਸਿਹਤ ਲਈ ਚੰਗੇ ਹੁੰਦੇ ਹਨ?
* ਜੂਸ ਜਿਹੜੇ ਵੀ ਵਿਗਿਆਨਕ ਢੰਗਾਂ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਹਰ ਪੱਖੋਂ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ। ਸਿਹਤ ਪੱਖੋਂ ਠੀਕ ਹੁੰਦੇ ਹਨ।
? ਸਰਦੀ ਦੇ ਮੌਸਮ ਵਿੱਚ ਸਾਡੇ ਮੂੰਹ ਵਿੱਚੋਂ ਭਾਫ਼ ਕਿਉਂ ਨਿਕਲਦੀ ਹੈ।
* ਸਰਦੀ ਦੇ ਮੌਸਮ ਵਿੱਚ ਸਾਡੇ ਮੂੰਹ ਵਿਚੋਂ ਨਿਕਲੇ ਪਾਣੀ ਦੇ ਕਣ ਹਵਾ ਵਿਚਲੇ ਰੇਤ ਦੇ ਕਣਾਂ ਤੇ ਜੰਮ ਜਾਂਦੇ ਹਨ ਇਸ ਲਈ ਇਹ ਭਾਫ਼ ਦੀ ਤਰ੍ਹਾਂ ਨਜ਼ਰ ਆਉਂਦੇ ਹਨ।
? ਸੱਪ ਦੇ ਕੱਟੇ ਆਦਮੀ ਨੂੰ ਜੇਕਰ ਦੁੱਧ ਦਿੱਤਾ ਜਾਵੇ ਤਾਂ ਕੀ ਜ਼ਹਿਰ ਜ਼ਿਆਦਾ ਫੈਲਦਾ ਹੈ।
* ਸੱਪ ਦੇ ਕੱਟੇ ਆਦਮੀ ਨੂੰ ਦੁੱਧ ਦੇਣ ਨਾਲ ਜ਼ਹਿਰ ਦੇ ਵੱਧ ਜਾਂ ਘੱਟ ਫੈਲਣ ਤੇ ਕੋਈ ਪ੍ਰਭਾਵ ਨਹੀਂ ਪੈਂਦਾ।
? ਪਹਿਲਾਂ ਆਦਮੀ ਆਇਆ ਜਾਂ ਔਰਤ?
* ਅਸਲ ਵਿਚ ਧਰਤੀ ਉੱਤੇ ਪਹਿਲਾਂ ਅਜਿਹੇ ਇੱਕ ਸੈਲੇ ਜੀਵ ਹੋਂਦ ਵਿਚ ਆਏ ਜਿੰਨਾਂ ਵਿਚ ਸੈਕਸ ਪੱਖੋਂ ਕੋਈ ਫ਼ਰਕ ਨਹੀਂ ਸਨ। ਇਨ੍ਹਾਂ ਇੱਕ ਸੈੱਲੇ ਜੀਵਾਂ ਤੋਂ ਬਾਅਦ ਵਿੱਚ ਇਸਤਰੀ ਲਿੰਗ ਤੇ ਪੁਲਿੰਗ ਵਾਲੇ ਜੀਵਾਣੂ ਇਕੋ ਸਮੇਂ ਹੋਂਦ ਵਿਚ ਆ ਗਏ। ਇਸ ਤਰ੍ਹਾਂ ਹੀ ਬਾਂਦਰ ਦੇ ਮਨੁੱਖ ਬਣਨ ਦੇ ਵਿਕਾਸ ਸਮੇਂ ਵੀ ਇੰਝ ਹੀ ਹੋਇਆ।
? ਗੰਢਾ (ਪਿਆਜ਼) ਕੱਟਣ ਸਮੇਂ ਅੱਖਾਂ ਵਿੱਚ ਕੁੜੱਤਣ ਅਤੇ ਪਾਣੀ ਕਿਵੇਂ ਆਉਂਦਾ ਅਤੇ ਕਿਉਂ।
* ਪਿਆਜ ਦੇ ਰਸ ਵਿੱਚ ਏਲਾਈਲ ਨਾਂ ਦਾ ਤੇਲ ਹੁੰਦਾ ਹੈ। ਕੱਟਦੇ ਸਮੇਂ ਇਸ ਦੇ ਅਣੂ ਅੱਖਾਂ ਵਿਚ ਪੈ ਜਾਂਦੇ ਹਨ। ਅੱਖਾਂ ਨਾਲ ਏਲਾਈਲ ਦੀ ਕਿਰਿਆ ਕਰਕੇ ਪਾਣੀ ਆਉਣ ਲੱਗ ਜਾਂਦਾ ਹੈ।
? ਕੀ ਖੁਸਰਿਆਂ ਵਿੱਚ ਗੁਣ ਇੱਕਠੇ ਹੁੰਦੇ ਹਨ।
* ਖੁਸਰਿਆਂ ਵਿੱਚ ਵੀ ਮੇਲ ਫੀਮੇਲ ਹੁੰਦੇ ਹਨ। ਅਸਲ ਵਿੱਚ ਹਰੇਕ ਵਿਅਕਤੀ ਵਿੱਚ ਮੇਲ ਤੇ ਫੀਮੇਲ ਦੇ ਗੁਣ ਹੁੰਦੇ ਹਨ। ਅਸਲ ਗੱਲ ਇਹ ਹੁੰਦੀ ਹੈ ਕਿ ਪ੍ਰਭਾਵੀ ਕਿਹੜੇ ਹਨ ਜਾਂ ਪ੍ਰਗਟ ਕਿਹੜੇ ਹੁੰਦੇ ਹਨ।
? ਅੱਜ ਕੱਲ੍ਹ ਮਾਵਾਂ ਉਨ੍ਹਾਂ ਬੱਚਿਆਂ ਨੂੰ ਜਨਮ ਦੇ ਰਹੀਆਂ ਹਨ ਜਿਨ੍ਹਾਂ ਦੇ ਸਿਰ ਜਾਂ ਧੜ ਜੁੜੇ ਹੋਏ ਹੁੰਦੇ ਹਨ। ਅਜਿਹਾ ਕਿਉਂ?
* ਤੁਹਾਡੀ ਅੱਜ ਕੱਲ੍ਹ ਵਾਲੀ ਗੱਲ ਦਰੁਸਤ ਨਹੀਂ ਤੇ ਨਾ ਹੀ ਇਹ ਕਿਸੇ ਸਬੂਤ ‘ਤੇ ਆਧਾਰਿਤ ਹੈ। ਉਂਝ ਜੁੜਵੇਂ ਬੱਚੇ ਪੈਦਾ ਹੋਣ ਦਾ ਕਾਰਨ ਮਾਂ ਰਾਹੀਂ ਪੈਦਾ ਕੀਤੇ ਦੋ ਵੱਖ-ਵੱਖ ਆਂਡੇ ਜਾਂ ਇੱਕ ਆਂਡੇ ਦੇ ਦੋ ਵੱਖ-ਵੱਖ ਭਾਗਾਂ ਵਿੱਚ ਟੁੱਟ ਜਾਣ ਕਰਕੇ ਹੁੰਦਾ ਹੈ। ਇਨ੍ਹਾਂ ਬੱਚਿਆਂ ਦੇ ਜੁੜੇ ਰਹਿ ਜਾਣ ਦਾ ਕਾਰਨ ਵੀ ਮਾਂ ਦੇ ਪੇਟ ਵਿੱਚ ਬੱਚੇ ਦੀ ਵਾਧੇ ਦੌਰਾਨ ਹੋਈ ਕੋਈ ਗੜਬੜ ਹੀ ਹੁੰਦਾ ਹੈ।
? ਖੁਸ਼ੀ/ਗਮੀ ਵੇਲੇ ਹੰਝੂ ਕਿਉਂ ਆਉਂਦੇ ਹਨ।
* ਹੰਝੂ ; ਪ; (ਹੰਝੂ ਗ੍ਰੰਥੀਆਂ) ਦੁਆਰਾ ਛੱਡਿਆ ਗਿਆ ਨਮਕੀਨ ਤਰਲ ਪਦਾਰਥ ਹੁੰਦਾ ਹੈ। ਹੰਝੂ ਗ੍ਰੰਥੀਆਂ ਸਾਡੀਆਂ ਅੱਖਾਂ ਦੇ ਉਪਰਲੇ ਬਾਹਰਲੇ ਪਾਸੇ ਹੁੰਦੀਆਂ ਹਨ ਜੋ ਆਮ ਹਾਲਤਾਂ ਵਿੱਚ ਵੀ ਇੱਕ ਤਰਲ ਛੱਡਦੀਆਂ ਰਹਿੰਦੀਆਂ ਹਨ ਜੋ ਅੱਖਾਂ ਝਪਕਣ ਨਾਲ ਅੱਖਾਂ ਦੀ ਬਾਹਰੀ ਝਿੱਲੀ ਉੱਪਰ ਫੈਲ ਜਾਂਦਾ ਹੈ। ਇਸਦੇ ਨਿਮਨਲਿਖਤ ਕੰਮ ਹੁੰਦੇ ਹਨ :-
1. ਇਸ ਦੇ ਵਿੱਚ ਐਨਜ਼ਾਈਮ ਹੁੰਦਾ ਹੈ ਜੋ ਕੁਝ ਜੀਵਾਣੂਆਂ ਨੂੰ ਮਾਰਨ ਵਿੱਚ ਸਹਾਈ ਹੁੰਦਾ ਹੈ ਅਤੇ ਇੰਝ ਅੱਖਾਂ ਨੂੰ ਤੰਦਰੁਸਤ ਰੱਖਣ ਵਿੱਚ ਮੱਦਦ ਕਰਦਾ ਹੈ।
2. ਇਹ ਅੱਖਾਂ ਦੀ ਸਤ੍ਹਾ ਨੂੰ ਗਿੱਲਾ ਰੱਖਦਾ ਹੈ ਤਾਂ ਕਿ ਅੱਖਾਂ ਆਸਾਨੀ ਨਾਲ ਅਲੱਗ-ਅਲੱਗ ਦਿਸ਼ਾ ‘ਚ ਘੁੰਮ ਸਕਣ।
3. ਇਹ ਕਾਰਨੀਆਂ ਨੂੰ ਖੁਰਾਕ ਦਿੰਦਾ ਹੈ ਕਿਉਂਕਿ ਕਾਰਨੀਆਂ ਵਿੱਚ ਖੂਨ ਦੀਆਂ ਨਸਾਂ ਨਾ ਹੋਣ ਕਰਕੇ ਇਹ ਖੂਨ ਤੋਂ ਸਿੱਧੇ ਤਰ੍ਹਾਂ ਖੁਰਾਕ ਪ੍ਰਾਪਤ ਨਹੀਂ ਕਰ ਸਕਦੀ।
4. ਇਹ ਅੱਖਾਂ ਤੋਂ ਧੂੜ ਆਦਿ ਨੂੰ ਧੋਣ ਦਾ ਕੰਮ ਕਰਦਾ ਹੈ।
ਬਾਹਰੀ ਕਣਾਂ ਜਾਂ ਕੁਝ ਗੈਸਾਂ ਨਾਲ ਜਲਨ ਹੋਣ ਕਰਕੇ/ਤੀਬਰ ਉਤੇਜਨਾ ਕਰਕੇ (ਜਿਵੇਂ ਕਿ ਅਚਾਨਕ ਖੁਸ਼ੀ ਜਾਂ ਗਮੀ ਦੀ ਖ਼ਬਰ ਸੁਣਕੇ)/ ਬਿਨਾਂ ਅੱਖ ਝਪਕੇ ਲਗਾਤਾਰ ਦੇਖਣ ਨਾਲ ਹੰਝੂ ਗ੍ਰੰਥੀਆਂ ਦੇ ਆਸ-ਪਾਸ ਦੀਆਂ ਮਾਸ ਪੇਸ਼ੀਆਂ ਕਸੀਆਂ ਜਾਂਦੀਆਂ ਹਨ ਅਤੇ ਇਸ ਨਾਲ ਇਨ੍ਹਾਂ ਗ੍ਰੰਥੀਆਂ ‘ਤੇ ਆਮ ਨਾਲੋਂ ਜ਼ਿਆਦਾ ਦਬਾ ਪੈਣ ਕਰਕੇ ਵੱਧ ਮਾਤਰਾ ‘ਚ ਤਰਲ ਨਿਕਲਦਾ ਹੈ, ਜਿਸਨੂੰ ਹੰਝੂ ਕਹਿੰਦੇ ਹਨ।
ਉਪਰੋਕਤ ਸਥਿਤੀਆਂ ਵਿੱਚ ਹੰਝੂ ਵਗਣ ਤੋਂ ਇਲਾਵਾ ਸਰੀਰ ‘ਚ ਕੁਝ ਹੋਰ ਵੀ ਗ੍ਰੰਥੀਆਂ ਦੇ ਤਰਲ ਨੂੰ ਅੱਖਾਂ ਤੋਂ ਬਾਹਰ ਡਿੱਗਣ ਤੋਂ ਰੋਕਣ ਵਾਸਤੇ ;ਜਲ ਪ; ਇੱਕ ਤੇਲ ਛੱਡਦੀਆਂ ਹਨ, ਜੋ ਪਲਕਾਂ ਦੇ ਕਿਨਾਰਿਆਂ ਤੇ ਜੰਮ ਜਾਂਦਾ ਹੈ।