ਅੰਮ੍ਰਿਤਸਰ – ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਕੇ ਸਮੇਂ ਦੀ ਜ਼ਾਲਮ ਹਕੂਮਤ ਨਾਲ ਟੱਕਰ ਲੈਣ ਅਤੇ ਸਿੱਖ ਕੌਮ ’ਚ ਨਵਾਂ ਜੋਸ਼ ਭਰਨ ਲਈ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਵਿਲੱਖਣ ਇਤਿਹਾਸ ਸਿਰਜਿਆ, ਇਸ ਦਿਹਾੜੇ ਨੂੰ ਸਮਰਪਿਤ 2 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸਜਣਗੇ। ਇਹ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਮੇਂ ਦੀ ਨਜ਼ਾਕਤ ਨੂੰ ਪਹਿਚਾਣਦਿਆਂ ਕੌਮ ਨੂੰ ਸਾਸ਼ਤਰਾਂ ਦੇ ਨਾਲ ਸ਼ਸ਼ਤਰਾਂ ਦੇ ਧਾਰਨੀ ਵੀ ਬਣਾਇਆ ਅਤੇ ਜਬਰ ਤੇ ਜ਼ੁਲਮ ਦੇ ਟਾਕਰੇ ਲਈ ਨਵਾਂ ਜੋਸ਼ ਪੈਦਾ ਕਰਨ ਲਈ ਢਾਡੀ ਪ੍ਰਥਾ ਨੂੰ ਉਤਸ਼ਾਹਤ ਕੀਤਾ। ਗੁਰੂ ਘਰ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਸੁੰਦਰ ਘੋੜੇ ਤੇ ਵਧੀਆ ਸਸ਼ਤਰ ਲਿਆਉਣ ਦੇ ਆਦੇਸ਼ ਦਿੱਤੇ ਅਤੇ ਸਰੀਰਕ ਪੱਖੋਂ ਰਿਸ਼ਟ-ਪੁਸ਼ਟ ਕਰਨ ਲਈ ਆਰੰਭ ਹੋਈਆਂ ਨੌਜਵਾਨਾਂ ਦੀਆਂ ਸਰੀਰਕ ਕਸਰਤਾਂ ਅਤੇ ਜੰਗਜੂ ਕਰਤਬਾਂ ਨੇ ਨਵੀਆਂ ਇਤਿਹਾਸਕ ਪੈੜਾਂ ਸਿਰਜੀਆਂ। ਅਜਿਹਾ ਇਤਿਹਾਸਕ ਦਿਹਾੜਾ ਸਿੱਖ ਕੌਮ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦਿਹਾੜੇ ਨੂੰ ਸਮਰਪਿਤ 2 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 7.30 ਤੋਂ 8.30 ਵਜੇ ਧਾਰਮਿਕ ਦੀਵਾਨ ਸਜਾਇਆ ਜਾਵੇਗਾ, ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਨਗੇ।