ਤਲਵੰਡੀ ਸਾਬੋ -ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿੱਚ ਯੂਨੀਵਰਸਿਟੀ ਕਾਲਜ ਆਫ਼ ਬੇਸਿਕ ਸਾਇੰਸਜ਼ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਨਾਟਕ ਅਤੇ ਥੀਏਟਰ ਦਾ ਨਾਇਕ ਅਜਮੇਰ ਸਿੰਘ ਔਲਖ ਦੇ ਨਾਟਕ ‘ਅਵੇਸਲੇ ਯੁੱਧਾਂ ਦੀ ਨਾਇਕਾ’ ਕਰਵਾਇਆ ਗਿਆ।ਕਲਾਕਾਰਾਂ ਦੀ ਸਫ਼ਲ ਅਦਾਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਨਾਟਕ ਵਿਚ ਸੁਨੇਹਾ ਦਿੱਤਾ ਗਿਆ ਕਿ ਨਸ਼ਿਆਂ ਕਾਰਨ ਕਿਵੇਂ ਘਰ ਪੱਟੇ ਜਾ ਰਹੇ ਹਨ। ਬਦਲਦੀਆਂ ਪ੍ਰਸਥਿਤੀਆਂ ਵਿਚ ਘਰ ਦੀ ਸੁਆਣੀ ਨੂੰ ਕਈ ਪੱਧਰਾਂ ‘ਤੇ ਲੜਾਈ ਲੜਨੀ ਪੈ ਰਹੀ ਹੈ।
ਇਸ ਮੌਕੇ ਜਿੱਥੇ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਜਸਬੀਰ ਸਿੰਘ ਸਿੱਧੂ ਨੇ ਅਜਮੇਰ ਔਲਖ ਅਤੇ ਉਨ੍ਹਾਂ ਦੀ ਟੀਮ ਨੂੰ ਯੂਨੀਵਰਸਿਟੀ ਵੱਲੋਂ ਜੀ ਆਇਆਂ ਕਿਹਾ, ਉੱਥੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਨੇ ਅਜਮੇਰ ਔਲਖ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਉਸਦੇ ਨਾਟਕ ਸਮਾਜ ਖਾਸ ਕਰ ਮਾਲਵੇ ਦੇ ਪੇਂਡੂ ਜੀਵਨ ਦੀਆਂ ਪੀੜਾਂ ਨੂੰ ਦਰਸਾ ਕੇ ਉਨ੍ਹਾਂ ਦਾ ਹੱਲ ਦੱਸਣ ਵਿੱਚ ਉਸਾਰੂ ਰੋਲ ਅਦਾ ਕਰ ਰਹੇ ਹਨ।ਇਸ ਮੌਕੇ ਪ੍ਰੋ. ਹਰਪ੍ਰੀਤ ਕੌਰ ਮਾਨ ਔਲਖ ਦੀ ਕਾਵਿ ਪੁਸਤਕ ‘ਕੁੱਖ ਤੋਂ ਕਬਰ ਤੱਕ’ ਰਿਲੀਜ਼ ਕੀਤੀ ਗਈ।ਇਸ ਮੌਕੇ ਚੇਅਰਮੈਨ ਗੁਰਲਾਭ ਸਿੰਘ ਸਿੱਧੂ, ਜਨਰਲ ਸੈਕਟਰੀ ਇੰਜੀਨੀਅਰ ਸੁਖਵਿੰਦਰ ਸਿੰਘ, ਐਮ. ਡੀ. ਸੁਖਰਾਜ ਸਿੰਘ ਸਿੱਧੂ, ਪ੍ਰੋ. ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਸਮੇਤ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਅਤੇ ਸਮੂਹ ਸਟਾਫ ਅਤੇ ਸ੍ਰ. ਔਲਖ ਨੇ ਪ੍ਰੋ. ਹਰਪ੍ਰੀਤ ਕੌਰ ਮਾਨ ਨੂੰ ਮੁਬਾਰਕਵਾਦ ਦਿੱਤੀ । ਬਾਅਦ ਵਿੱਚ ਵਿਦਿਆਰਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਨਾਟਕ ਦਾ ਜਿੱਥੇ ਭਰਪੂਰ ਆਨੰਦ ਮਾਣਿਆ ਹੈ, ਉੱਥੇ ਇਸ ਨਾਟਕ ਤੋਂ ਉਨ੍ਹਾਂ ਨੂੰ ਸੇਧ ਵੀ ਮਿਲੀ ਹੈ। ਯੂਨੀਵਰਸਿਟੀ ਵਿੱਚ ਅਜਿਹੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਹਨ। ਮੰਚ ਸੰਚਾਲਨ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਨੇ ਕੀਤਾ।