ਫ਼ਰੀਦਕੋਟ – ਪੰਜਾਬ ਵਿੱਚ ਦੋ ਦਿਨਾਂ ਦੇ ਦੌਰੇ ਤੇ ਆਏ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਚ ਮੱਥਾ ਟੇਕਿਆ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕਾਂਗਰਸੀ ਨੇਤਾਵਾਂ ਨਾਲ ਅਰਦਾਸ ਵਿੱਚ ਸ਼ਾਮਿਲ ਹੋਏ ਅਤੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਵੀ ਛੱਕਿਆ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਰਾਹੁਲ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।
ਗੁਰਦੁਆਰਾ ਦਮਦਮਾ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਰਾਹੁਲ ਪੰਜਾਬ ਦੇ ਕੁਝ ਨੇਤਾਵਾਂ ਸਮੇਤ ਭਗਵਾਨਗੜ੍ਹ ਅਤੇ ਭੁੱਖਿਆਂਵਾਲੀ ਪਿੰਡਾਂ ਵਿੱਚ ਵੀ ਗਏ। ਇੱਥੇ ਨਰਮੇ ਦੀ ਫਸਲ ਖਰਾਬ ਹੋਣ ਕਰਕੇ ਆਤਮਹੱਤਿਆ ਕਰਨ ਵਾਲੇ ਕਿਸਾਨਾਂ ਦੇ ਘਰ ਜਾ ਕੇ ਉਨ੍ਹਾਂ ਦੇ ਪਰੀਵਾਰਾਂ ਨੂੰ ਵੀ ਮਿਲੇ। ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਕਾਂਗਰਸੀ ਨੇਤਾ ਆਤਮਹੱਤਿਆ ਕਰਨ ਵਾਲੇ ਕਿਸਾਨ ਜਗਦੇਵ ਸਿੰਘ ਦੇ ਘਰ ਵੀ ਪਹੁੰਚੇ ਅਤੇ ਉਸ ਦੇ ਪ੍ਰੀਵਾਰ ਨਾਲ ਗੱਲਬਾਤ ਕੀਤੀ। ਭਗਵਾਨਗੜ੍ਹ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਉਨ੍ਹਾਂ ਨੇ ਪੈਦਲ ਮਾਰਚ ਵੀ ਕੀਤਾ।
ਰਾਹੁਲ ਨੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੀੜਿਤ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਇਸ ਦੇ ਲਈ ਕੇਂਦਰ ਅਤੇ ਪੰਜਾਬ ਸਰਕਾਰ ਜਿੰਮੇਵਾਰ ਹੈ। ਮੋਦੀ ਦੇਸ਼ ਨੂੰ ਅਤੇ ਬਾਦਲ ਸਰਕਾਰ ਪੰਜਾਬ ਨੂੰ ਬਰਬਾਦ ਕਰ ਰਹੇ ਹਨ। ਦੋਵੇਂ ਹੀ ਸਰਕਾਰਾਂ ਦੇਸ਼ ਵਿਰੋਧੀ ਹਨ।ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਸਾਰੇ ਕਾਰੋਬਾਰ ਤੇ ਬਾਦਲ ਪਰੀਵਾਰ ਨੇ ਕਬਜਾ ਜਮਾਇਆ ਹੋਇਆ ਹੈ। ਇਸ ਸਮੇਂ ਉਥੇ ਇੱਕਠੇ ਹੋਏ ਲੋਕਾਂ ਨੇ ‘ਕੈਪਟਨ ਲਿਆਓ ਪੰਜਾਬ ਬਚਾਓ’ ਦੇ ਵਿੱਚ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਜਿਸ ਤੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਊਹ ਆਪਣਾ ਗੁੱਸਾ 2017 ਦੇ ਲਈ ਸੰਭਾਲ ਕੇ ਰੱਖਣ।
ਕੈਪਟਨ ਨੇ ਰਾਹੁਲ ਅਤੇ ਹੋਰ ਕਾਂਗਰਸੀ ਨੇਤਾਵਾਂ ਸਮੇਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਿਆ
This entry was posted in ਪੰਜਾਬ.