ਪਟਨਾ – ਬਿਹਾਰ ਦੀ ਸੂਝਵਾਨ ਜਨਤਾ ਨੇ ਮੀਡੀਆ ਦੇ ਇੱਕਤਰਫ਼ਾ-ਪਰਚਾਰ,ਕਾਂਟੇ ਦੀ ਟੱਕਰ ਦੇ ਸਿਆਸੀ ਕਿਆਸਾਂਅਤੇ ਚਾਣਕਿਆਂ ਵਰਗਿਆਂ ਦੇ ਐਕਜਿਕਟ ਪੋਲਾਂ ਦੀ ਹਵਾ ਕੱਢਦੇ ਹੋਏ ਰਾਜ ਵਿੱਚ ਮਹਾਂਗਠਬੰਧਨ ਨੂੰ ਭਾਰੀ ਬਹੁਮੱਤ ਨਾਲ ਜਤਾਇਆ। ਰਾਜ ਵਿਧਾਨਸਭਾ ਦੀਆਂ 243 ਸੀਟਾਂ ਵਿੱਚੋਂ ਮਹਾਂਗਠਬੰਧਨ ਦੀ ਝੋਲੀ ਵਿੱਚ 178 ਸੀਟਾਂ ਪਈਆਂ। ਲਾਲੂ ਪ੍ਰਸਾਦ ਦੀ ਪਾਰਟੀ ਰਾਜਦ ਇਨ੍ਹਾਂ ਚੋਣਾਂ ਵਿੱਚ 80 ਸੀਟਾਂ ਪ੍ਰਾਪਤ ਕਰਕੇ ਸੱਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ।
ਮਹਾਂਗਠਬੰਧਨ ਵਿੱਚ ਸ਼ਾਮਿਲ ਜੇਡੀਯੂ ਨੂੰ 71 ਸੀਟਾਂ ਮਿਲੀਆਂ ਬੀਜੇਪੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ 58 ਸੀਟਾਂ ਤੇ ਹੀ ਸਬਰ ਕਰਨਾ ਪਿਆ। ਕਾਂਗਰਸ ਨੇ 27 ਸੀਟਾਂ ਪ੍ਰਾਪਤ ਕਰਕੇ ਚੰਗਾ ਪ੍ਰਦਰਸ਼ਨ ਕੀਤਾ। 60 ਸੀਟਾਂ ਤੇ ਚੋਣ ਲੜਨ ਵਾਲੀ ਰਾਮ ਵਿਲਾਸ ਪਾਸਵਾਨ ਦੀ ਲੋਜਪਾ ਸਿਰਫ਼ 2 ਸੀਟਾਂ ਤੱਕ ਹੀ ਪਹੁੰਚ ਪਾਈ। ਸਾਬਕਾ ਮੁੱਖਮੰਤਰੀ ਜੀਤਨ ਰਾਮ ਮਾਂਝੀ ਦੀ 21 ਸੀਟਾਂ ਤੇ ਚੋਣ ਲੜਨ ਵਾਲੀ ਪਾਰਟੀ ਹਮ ਵੀ ਇੱਕ ਸੀਟ ਤੱਕ ਹੀ ਸਿਮਟ ਕੇ ਰਹਿ ਗਈ। ਮਾਂਝੀ ਨੇ ਦੋ ਸੀਟਾਂ ਤੋਂ ਚੋਣ ਲੜੀ ਸੀ, ਉਹ ਵੀ ਕੇਵਲ ਆਪਣੀ ਇੱਕ ਹੀ ਸੀਟ ਬਚਾ ਸਕਿਆ।
ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਦੇ ਦੋਵੇਂ ਬੇਟੇ ਤੇਜ਼ ਪ੍ਰਤਾਪ ਯਾਦਵ ਮਹੂਆ ਤੋਂ ਅਤੇ ਤੇਜਸਵੀ ਯਾਦਵ ਰਾਧੋਗੜ੍ਹ ਤੋਂ ਚੋਣ ਜਿੱਤ ਗਏ ਹਨ। ਵੈਸੇ ਇਨ੍ਹਾਂ ਚੋਣਾਂ ਵਿੱਚ ਜਿਆਦਾ ਤਰ ਵੱਡੇ ਨੇਤਾਵਾਂ ਦੇ ਪੁੱਤਰਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ।
ਬਿਹਾਰ ਵਿੱਚ ਪੰਜਵੀਂ ਵਾਰ ਮੁੱਖਮੰਤਰੀ ਬਣਨ ਜਾ ਰਹੇ ਨਤੀਸ਼ ਕੁਮਾਰ ਨੇ ਕਿਹਾ, ‘ ਇਹ ਬਿਹਾਰ ਦੇ ਸਵੈਅਭਿਮਾਨ ਦੀ ਜਿੱਤ ਹੈ। ਜੋ ਇਸ ਨੂੰ ਕਾਂਟੇ ਦੀ ਟੱਕਰ ਦੱਸ ਰਹੇ ਸਨ, ਉਨ੍ਹਾਂ ਨੂੰ ਜਨਤਾ ਨੇ ਜਵਾਬ ਦੇ ਦਿੱਤਾ ਹੈ।
ਲਾਲੂ ਪ੍ਰਸਾਦ ਯਾਦਵ ਨੇ ਕਿਹਾ, ‘ ਬਿਹਾਰ ਵਿੱਚ ਨਤੀਸ਼ ਜੀ ਸਰਕਾਰ ਚਲਾਉਣਗੇ ਅਤੇ ਮੈਂ ਦੇਸ਼ਭਰ ਵਿੱਚ ਮੋਦੀ ਅਤੇ ਭਾਜਪਾ ਨੂੰ ਉਖਾੜਨ ਦਾ ਕੰਮ ਕਰਾਂਗਾ।