ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤੇ ਗਏ ਦੋ ਸਾਲਾ ਪੱਤਰ-ਵਿਹਾਰ ਕੋਰਸ ਨੂੰ ਵੱਡਾ ਹੁੰਗਾਰਾ ਮਿਲਿਆ ਹੈ ਇਹ ਕੋਰਸ ਹੁਣ ਪੰਜਾਬੀ ਤੇ ਹਿੰਦੀ ਤੋਂ ਬਾਅਦ ਵਿਸ਼ਵ ਭਰ ਦੀਆਂ ਸੰਗਤਾਂ ਲਈ ਅੰਗਰੇਜ਼ੀ ਵਿਚ ਵੀ ਸ਼ੁਰੂ ਕੀਤਾ ਜਾਵੇਗਾ। ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਨਵੀਂ ਪੀੜੀ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਾਉਣ ਲਈ ਇਹ ਕਾਰਜ ਬਹੁਤ ਹੀ ਉਪਯੋਗੀ ਸਿੱਧ ਹੋਵੇਗਾ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇਕ ਸਮਾਗਮ ਸਮੇਂ ਧਰਮ ਪ੍ਰਚਾਰ ਕਮੇਟੀ ਵੱਲੋਂ ਆਰੰਭ ਕੀਤੇ ਦੋ ਸਾਲਾ ਪੱਤਰ-ਵਿਹਾਰ ਕੋਰਸ ਨਾਲ ਸੰਬੰਧਤ ਪਾਠ-ਸਮੱਗਰੀ ਦੀ ਪੁਸਤਕ ‘ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ’ ਭਾਗ ਦੂਜਾ ਰਿਲੀਜ਼ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੱਤਰ-ਵਿਹਾਰ ਕੋਰਸ ਲਈ ਇਸ ਪੁਸਤਕ ਦੀ ਪਾਠ-ਸਮੱਗਰੀ ਨੂੰ ਪੱਤਰ ਵਿਹਾਰ ਕੋਰਸ ਦੇ ਡਾਇਰੈਕਟਰ ਤੇ ਪ੍ਰਸਿੱਧ ਸਿੱਖ ਚਿੰਤਕ ਡਾ. ਜਸਬੀਰ ਸਿੰਘ ਸਾਬਰ ਨੇ ਤਿਆਰ ਕੀਤਾ ਹੈ।
ਡਾ. ਜਸਬੀਰ ਸਿੰਘ ਸਾਬਰ ਵਲੋਂ ਤਿਆਰ ਕੀਤੀ ਗਈ ਇਸ ਪੁਸਤਕ ਵਿਚ ਮਾਣਯੋਗ ਪ੍ਰਧਾਨ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੁੱਖ ਸ਼ਬਦ, ਸ. ਦਲਮੇਘ ਸਿੰਘ, ਸਕੱਤਰ ਸ਼੍ਰੋਮਣੀ ਕਮੇਟੀ, ਵਲੋਂ ਦੋ ਸ਼ਬਦ ਤੋਂ ਇਲਾਵਾ ਸਿੱਖ ਧਰਮ ਅਧਿਐਨ ਖੇਤਰ ਦੇ ਚਾਰ ਪ੍ਰਸਿੱਧ ਵਿਦਵਾਨ ਡਾ. ਜੋਧ ਸਿੰਘ, ਡਾ. ਬਲਵੰਤ ਸਿੰਘ, ਡਾ. ਗੁਰਨੇਕ ਸਿੰਘ, ਡਾ. ਪਰਮਜੀਤ ਸਿੰਘ ਸਿਧੂ ਵਲੋਂ ਇਸ ਪਾਠ ਪੁਸਤਕ ਅਤੇ ਸਿੱਖ ਧਰਮ ਅਧਿਐਨ ਨੂੰ ਪੱਤਰ-ਵਿਹਾਰ ਰਾਹੀ ਜਗਿਆਸੂਆਂ ਤਕ ਪਹੁਚਾਉਣ ਦੀ ਮਹੱਤਤਾ ਬਾਰੇ ਮਹੱਤਵਪੂਰਨ ਵਿਚਾਰ ਅੰਕਿਤ ਹਨ। ਦੂਜੇ ਸਾਲ ਦੇ ਕੋਰਸ ਨਾਲ ਸੰਬੰਧਤ ਚਾਰ ਪਰਚਿਆਂ ਦੀ ਸਮੱਗਰੀ ਨੂੰ ਡਾ. ਪਰਮਵੀਰ ਸਿੰਘ, ਡਾ. ਜਸਬੀਰ ਸਿੰਘ ਸਾਬਰ, ਡਾ. ਜੋਧ ਸਿੰਘ ਅਤੇ ਸ. ਸਿਮਰਜੀਤ ਸਿੰਘ ਨੇ ਤਿਆਰ ਕੀਤਾ ਹੈ। ਇਨ੍ਹਾਂ ਪਰਚਿਆਂ ਵਿਚ ਸੰਸਾਰ ਦੇ ਪ੍ਰਸਿੱਧ ਧਰਮ ਅਤੇ ਧਰਮ ਗ੍ਰੰਥਾਂ ਬਾਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਪੰਜ ਪ੍ਰਸਿੱਧ ਭਗਤਾਂ ਬਾਰੇ, ਪ੍ਰਸਿੱਧ ਸਿੱਖ ਸਿਧਾਤਾਂ ਬਾਰੇ ਅਤੇ ਸਿੱਖ ਧਰਮ ਦੀਆਂ ਪ੍ਰਸਿੱਧ ਸੰਸਥਾਵਾਂ ਬਾਰੇ ਵੱਡਮੁਲੀ ਜਾਣਕਾਰੀ ਦਿਤੀ ਗਈ ਹੈ। ਪੁਸਤਕ ਰਿਲੀਜ਼ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਅਤੇ ਜਥੇਦਾਰ ਸੁਰਿੰਦਰ ਸਿੰਘ ਬੱਦੋਵਾਲ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਦਲਮੇਘ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਮਨਾਵਾਂ, ਸ. ਮਨਜੀਤ ਸਿੰਘ, ਸ. ਪਰਮਜੀਤ ਸਿੰਘ ਸਰੋਆ ਪੀ.ਏ. ਪ੍ਰਧਾਨ ਸਾਹਿਬ, ਸ. ਰਾਮ ਸਿੰਘ ਪਬਲੀਸਿਟੀ ਇੰਚਾਰਜ, ਸ. ਬਿਜੈ ਸਿੰਘ ਸੁਪਰਟੈਂਡੈਟ ਅਤੇ ਸ. ਰਣਜੀਤ ਸਿੰਘ ਭੋਮਾ ਆਦਿ ਮੌਜੂਦ ਸਨ।