? ਕੀ ਲੋਹੇ ਦੀ ਮੌਜੂਦਗੀ ਕਾਰਨ ਹੀ ਖੂਨ ਦਾ ਰੰਗ ਲਾਲ ਹੁੰਦਾ ਹੈ।
* ਲੋਹੇ ਜਾਂ ਹੀਮੋਗਲੋਬਿਨ ਦੀ ਮੌਜੂਦਗੀ ਕਾਰਨ ਹੀ ਖੂਨ ਦਾ ਰੰਗ ਲਾਲ ਹੁੰਦਾ ਹੈ।
? ਕੀ ਥੁੱਕ ਦੇ ਵਿਚ ਪ੍ਰੋਟੀਨ ਹੁੰਦੇ ਹਨ?
* ਸਲਾਈਬੇ ਵਿੱਚ ਪ੍ਰੋਟੀਨ ਹੁੰਦੇ ਹਨ।
? ਜਿਸ ਤਰ੍ਹਾਂ ਸਰੀਰ ਦੇ ਸਾਰੇ ਅੰਗ ਬਦਲੇ ਜਾ ਸਕਦੇ ਹਨ, ਕੀ ਦਿਮਾਗ ਨਹੀਂ ਬਦਲਿਆ ਜਾ ਸਕਦਾ?
* ਮਨੁੱਖੀ ਦਿਮਾਗ ਬਦਲਿਆ ਨਹੀਂ ਜਾ ਸਕਦਾ ਕਿਉਂਕਿ ਅੱਜ ਤੱਕ ਵਿਗਿਆਨਕ, ਦਿਮਾਗੀ ਸੈੱਲਾਂ ਨੂੰ ਵਿਕਸਤ ਕਰਨ ਵਿੱਚ ਸਫਲ ਨਹੀਂ ਹੋ ਸਕੇ। ਵਿਗਿਆਨ ਹਮੇਸ਼ਾ ਪਰਿਵਰਤਨਸ਼ੀਲ ਹੈ। ਜਿਹੜੀਆਂ ਗੱਲਾਂ ਦੀ ਅੱਜ ਸਾਨੂੰ ਜਾਣਕਾਰੀ ਨਹੀਂ ਹੋ ਸਕਦੀ, ਆਉਣ ਵਾਲੇ ਵੀਹ-ਤੀਹ ਸਾਲ ਤੱਕ ਉਹਨਾਂ ਬਾਰੇ ਜਾਣਕਾਰੀ ਰੱਖਦੇ ਹੋਈਏ।
? ਮਨੁੱਖ ਦੀ ਅੱਖ ਵੱਖ-ਵੱਖ ਰੰਗ ਵੇਖਦੀ ਹੈ ਪਰੰਤੂ ਕੁੱਤੇ, ਬਿੱਲੀ ਦੀ ਅੱਖ ਇੱਕ ਹੀ ਰੰਗ ਵੇਖਦੀ ਹੈ ਕਿਉਂ?
* ਮਨੁੱਖੀ ਅੱਖ ਵਿੱਚ ਜੋ ਰਿਸੈਪਟਰ ਹੁੰਦੇ ਹਨ ਉਹ ਵੱਖ-ਵੱਖ ਰੰਗਾਂ ਲਈ ਵੱਖ-ਵੱਖ ਹੁੰਦੇ ਹਨ। ਪਰ ਕੁੱਤੇ ਤੇ ਬਿੱਲੀ ਵਿੱਚ ਇਹ ਰਿਸੈਪਟਰ ਨਹੀਂ ਹੁੰਦੇ।
? ਮਨੁੱਖ ਦਾ ਦਿਲ ਇੱਕ ਮਿੰਟ ਵਿੱਚ ਕਿੰਨੀ ਵਾਰ ਧੜਕਦਾ ਹੈ?
* ਇੱਕ ਸਿਹਤਮੰਦ ਮਨੁੱਖ ਦਾ ਦਿਲ ਇੱਕ ਮਿੰਟ ਵਿੱਚ 72 ਵਾਰ ਧੜਕਦਾ ਹੈ।
? ਅੱਜ ਕੱਲ੍ਹ ਹਾਰਟ ਅਟੈਕ ਦਾ ਪਸਾਰ ਵਧਿਆ ਕਿਉਂ ਹੈ?
* ਅੱਜ ਦੇ ਵਿਗਿਆਨਕ ਯੁੱਗ ਵਿੱਚ ਕੁਝ ਵਿਅਕਤੀ ਬਹੁਤ ਹੀ ਗੈਰ-ਵਿਗਿਆਨਕ ਢੰਗ ਨਾਲ ਜ਼ਿੰਦਗੀ ਬਤੀਤ ਕਰਦੇ ਹਨ। ਉਨ੍ਹਾਂ ਦਾ ਆਪਣੀਆਂ ਆਦਤਾਂ ‘ਤੇ ਕੰਟਰੋਲ ਨਹੀਂ ਹੁੰਦਾ। ਬਲੱਡ ਪ੍ਰੈਸ਼ਰ, ਲੋੜੋਂ ਵੱਧ ਚਿਕਨਾਈ ਦੀ ਮਾਤਰਾ ਖੂਨ ਵਿਚ ਜਮ੍ਹਾ ਕਰਕੇ ਆਪ ਪੈਦਾ ਕੀਤੀ ਹੋਈ ਬਿਮਾਰੀ ਹੁੰਦਾ ਹੈ। ਇਸ ਕਾਰਨ ਹੀ ਹਾਰਟ ਅਟੈਕ ਅਤੇ ਅਧਰੰਗ ਹੁੰਦਾ ਹੈ। ਇਸ ਲਈ ਮਨੁੱਖ ਨੂੰ ਆਪਣੇ ਖਾਣ-ਪੀਣ ਦੀਆਂ ਆਦਤਾਂ ‘ਤੇ ਕਾਬੂ ਪਾਉਣਾ ਚਾਹੀਦਾ ਹੈ ਅਤੇ ਨਾਲ ਹੀ ਹਰ ਰੋਜ਼ ਕੋਈ ਨਾ ਕੋਈ ਕਸਰਤ ਕਰਨੀ ਚਾਹੀਦੀ ਹੈ।
? ਕਈ ਵਾਰ ਸਾਡੇ ਕੋਲ ਕੋਈ ਬੈਠਾ ਖੱਟੀ ਚੀਜ਼ ਖਾ ਰਿਹਾ ਹੁੰਦਾ ਹੈ ਜਾਂ ਉਂਝ ਹੀ ਫੜੀ ਬੈਠਾ ਰਹਿੰਦਾ ਹੈ ਤਾਂ ਸਾਡੇ ਮੂੰਹ ਵਿਚ ਉਸ ਚੀਜ਼ ਨੂੰ ਦੇਖਕੇ ਪਾਣੀ ਕਿਉਂ ਆ ਜਾਂਦਾ ਹੈ। ਜਦ ਕਿ ਉਹ ਚੀਜ਼ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ ਹੁੰਦਾ।
* ਸਾਡਾ ਮਨ ਬਾਹਰੀ ਪ੍ਰਭਾਵਾਂ ਨੂੰ ਕਬੂਲਦਾ ਹੈ। ਸਾਡੇ ਅੰਗਾਂ ਦਾ ਸੰਬੰਧ ਮਨ ਨਾਲ ਹੀ ਹੁੰਦਾ ਹੈ। ਇਸ ਲਈ ਕਿਸੇ ਦੇ ਹੱਥ ਵਿਚ ਫੜੀ ਖੱਟੀ ਚੀਜ਼ ਦਾ ਪ੍ਰਭਾਵ ਸਾਡੇ ਮਨ ਉੱਪਰ ਪੈਂਦਾ ਹੈ ਤਾਂ ਸਾਡੇ ਸਰੀਰ ਦੀ ਲਾਰ ਗਰੰਥੀ ਲਾਰ ਪੈਦਾ ਕਰਨਾ ਸ਼ੁਰੂ ਕਰ ਦਿੰਦੀ ਹੈ।
? ਜਦੋਂ ਅਸੀਂ ਕਈ ਵਾਰ ਕਮਰੇ ਵਿਚ ਬੈਠਕੇ ਟੈਲੀਵਿਜ਼ਨ ਵੇਖਦੇ ਹਾਂ ਤੇ ਥੋੜ੍ਹੀ ਦੇਰ ਬਾਅਦ ਵਾਪਸ ਅੰਦਰ ਦੇਖਦੇ ਹਾਂ ਤਾਂ ਅੱਖਾਂ ਅੱਗੇ ਹਨ੍ਹੇਰਾ ਕਿਉਂ ਆ ਜਾਂਦਾ ਹੈ ਭਾਵ ਕੁਝ ਨਹੀਂ ਦਿਸਦਾ ਅਜਿਹਾ ਕਿਉਂ ਹੁੰਦਾ ਹੈ।
* ਸਾਡੀਆਂ ਅੱਖਾਂ ਤੇਜ਼ ਰੌਸ਼ਨੀ ਵਿਚ ਚੁੰਧਿਆ ਜਾਂਦੀਆਂ ਹਨ। ਇਸ ਲਈ ਜਦੋਂ ਅਸੀਂ ਤੇਜ਼ ਰੌਸ਼ਨੀ ਤੋਂ ਘੱਟ ਰੌਸ਼ਨੀ ਵੱਲ ਆਉਂਦੇ ਤਾਂ ਸਾਡੀਆਂ ਅੱਖਾਂ ਨੂੰ ਮੁੜ ਪਹਿਲੀ ਹਾਲਤ ਵਿਚ ਆਉਣ ਲਈ ਕੁਝ ਸਮਾਂ ਲੱਗ ਜਾਂਦਾ ਹੈ।
? ਮਨੁੱਖ ਦੀ ਪਹਿਲੀ ਖੋਜ ਕੀ ਸੀ?
* ਮਨੁੱਖ ਦੀਆਂ ਮੁੱਢਲੀਆਂ ਖੋਜਾਂ ਵਿਚ ਕੁਝ ਪੱਥਰ ਦੇ ਹਥਿਆਰ, ਅੱਗ ਅਤੇ ਪਹੀਆ ਆਦਿ ਸਨ।
? ਜੀਨ ਕੀ ਹੁੰਦੇ ਹਨ।
* ਇਹ ਮਨੁੱਖੀ ਸੈਲਾਂ ਦੀਆਂ ਅਜਿਹੀਆਂ ਰਚਨਾਵਾਂ ਹੁੰਦੇ ਹਨ ਜਿਹੜੇ ਅਨੁਵੰਸ਼ਕੀ ਗੁਣਾਂ ਨੂੰ ਮਾਪਿਆਂ ਤੋਂ ਧੀਆਂ ਪੁੱਤਾਂ ਵਿਚ ਲਿਜਾਣ ਦਾ ਕੰਮ ਕਰਦੇ ਹਨ।
? ਡੀ. ਐੱਨ. ਏ. ਕੀ ਹੈ, ਤੇ ਇਸਦਾ ਕੀ ਅਰਥ ਹੈ।
* ਇਸਦਾ ਅਰਥ ਡਾਈਨਿਊਕਲਿਕ ਐਸਿਡ ਹੈ ਤੇ ਇਸਦਾ ਕੰਮ ਮਾਪਿਆਂ ਦੇ ਗੁਣਾਂ ਨੂੰ ਬੱਚਿਆਂ ਵਿਚ ਲੈ ਜਾਣਾ ਹੁੰਦਾ ਹੈ।
? ਹਰ ਛੋਟੇ-ਵੱਡੇ ਟੈਸਟ ਜਾਂ ਪ੍ਰੀਖਿਆਵਾਂ ਵਿੱਚ ਗਣਿਤ ਸਬੰਧੀ ਪ੍ਰਸ਼ਨ ਪੁੱਛੇ ਜਾਂਦੇ ਹਨ ਕੀ ਗਣਿਤ ਦੇ ਬਿਨਾਂ ਟੈਸਟ ਮੁਸ਼ਕਲ ਹਨ?
* ਗਣਿਤ ਵਿਅਕਤੀਆਂ ਵਿੱਚ ਤਰਕ ਤੇ ਵਿਵੇਕ ਪੈਦਾ ਕਰਦਾ ਹੈ ਅਤੇ ਇਹ ਚੀਜ਼ਾਂ ਨੂੰ ਛੇਤੀ ਕਰਨ ਵਿੱਚ ਸਹਾਈ ਹੁੰਦਾ ਹੈ। ਇਸ ਲਈ ਗਣਿਤ ਇੱਕ ਜ਼ਰੂਰੀ ਵਿਸ਼ਾ ਹੈ।
? ਸ਼ਰਾਬ ਪੀਣ ਤੋਂ ਬਾਅਦ ਕਿਸੇ ਆਦਮੀ ਦੀ ਆਵਾਜ਼ ਵਿੱਚ ਪਹਿਲਾਂ ਨਾਲੋਂ ਤਬਦੀਲੀ ਕਿਉਂ ਆ ਜਾਂਦੀ ਹੈ?
* ਸ਼ਰਾਬ ਮਨੁੱਖੀ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਮਨੁੱਖੀ ਦਿਮਾਗ ਹੀ ਆਵਾਜ਼ ਨੂੰ ਕੰਟਰੋਲ ਕਰਦਾ ਹੈ। ਇਸ ਲਈ ਸ਼ਰਾਬ ਪੀਣ ਤੋਂ ਬਾਅਦ ਆਦਮੀ ਦੀ ਸੋਚਣ ਸ਼ਕਤੀ ‘ਤੇ ਆਪਣਾ ਕਾਬੂ ਘੱਟ ਜਾਂਦਾ ਹੈ। ਇਸ ਲਈ ਆਵਾਜ਼ ਵਿੱਚ ਤਬਦੀਲੀ ਆ ਜਾਂਦੀ ਹੈ।
? ਜੇਕਰ ਕੋਈ ਆਦਮੀ ਪਾਣੀ ਵਿੱਚ ਮਰ ਜਾਂਦਾ ਹੈ ਤਾਂ ਉਸਦੀ ਲਾਸ਼ ਪਾਣੀ ਦੇ ਉੱਪਰ ਕਿਉਂ ਆ ਜਾਂਦੀ ਹੈ ਅਤੇ ਫੁਲਾਵਟ ਕਿਉਂ ਧਾਰਨ ਕਰ ਜਾਂਦੀ ਹੈ।
* ਪਾਣੀ ਵਿਚ ਡੁੱਬਣ ਤੋਂ ਕੁਝ ਸਮੇਂ ਬਾਅਦ ਲਾਸ਼ ਪਾਣੀ ਉੱਪਰ ਤੈਰਨ ਲੱਗ ਪੈਂਦੀ ਹੈ। ਇਸਦਾ ਕਾਰਨ ਇਹ ਹੈ ਕਿ ਮਨੁੱਖੀ ਸਰੀਰ ਵਿੱਚ ਵਾਪਰੀ ਰਸਾਇਣਿਕ ਕਿਰਿਆ ਰਾਹੀਂ ਉਪਜੀਆਂ ਗੈਸਾਂ ਕਾਰਨ ਮ੍ਰਿਤਕ ਦਾ ਸਰੀਰ ਫੁੱਲ ਜਾਂਦਾ ਹੈ ਤੇ ਇਸਦੀ ਘਣਤਾ ਘੱਟ ਹੋ ਜਾਂਦੀ ਹੈ। ਇਸ ਲਈ ਜਦੋਂ ਕੋਈ ਮਨੁੱਖ ਪਾਣੀ ਵਿਚ ਮਰ ਜਾਂਦਾ ਹੈ ਤਾਂ ਕੁਝ ਘੰਟਿਆਂ ਬਾਅਦ ਉਸਦੀ ਲਾਸ਼ ਪਾਣੀ ਉੱਪਰ ਤੈਰਨ ਲੱਗ ਜਾਂਦੀ ਹੈ।
? ਆਮ ਕਰਕੇ ਟਿਊਬਵੈੱਲ ਦੀਆਂ ਡੂੰਘੀਆਂ ਖੂਹੀਆਂ ਵਿੱਚ ਇੱਕ ਜ਼ਹਿਰੀਲੀ ਗੈਸ ਪੈਦਾ ਹੋ ਜਾਂਦੀ ਹੈ। ਜਿਸ ਕਾਰਨ ਖੂਹੀ ਵਿੱਚ ਵੜਨ ਵਾਲੇ ਮਨੁੱਖ ਦੀ ਮੌਤ ਹੋ ਜਾਂਦੀ ਹੈ। ਇਸ ਗੈਸ ਨੂੰ ਚੂਨਾ ਸੁੱਟਕੇ ਖਤਮ ਕੀਤਾ ਜਾਂਦਾ ਹੈ, ਸਾਨੂੰ ਇਹ ਦੱਸੋ ਕਿ ਖੂਹੀ ਵਿੱਚ ਕਿਹੜੀ ਗੈਸ ਬਣਦੀ ਹੈ ਅਤੇ ਚੂਨਾ ਇਸ ਨੂੰ ਕਿਵੇਂ ਖਤਮ ਕਰਦਾ ਹੈ।
* ਇਹ ਗੈਸ ਕਾਰਬਨ ਡਾਈਆਕਸਾਈਡ ਹੀ ਹੁੰਦੀ ਹੈ, ਇਹ ਜ਼ਹਿਰੀਲੀ ਨਹੀਂ ਹੁੰਦੀ ਪਰ ਡੂੰਘੀਆਂ ਖੂਹੀਆਂ ਵਿੱਚ ਕਾਰਬਨ ਡਾਈਆਕਸਾਈਡ ਵਧ ਜਾਂਦੀ ਹੈ, ਆਕਸੀਜਨ ਘੱਟ ਜਾਂਦੀ ਹੈ। ਇਸ ਤਰ੍ਹਾਂ ਇਨਸਾਨ ਦੀ ਮੌਤ ਆਕਸੀਜਨ ਨਾ ਮਿਲਣ ਕਰਕੇ ਹੁੰਦੀ ਹੈ, ਇਸ ਤਰ੍ਹਾਂ ਚੂਨੇ ਦਾ ਪੱਥਰ ਕਾਰਬਨ ਡਾਈਆਕਸਾਈਡ ਨੂੰ ਆਪਣੇ ਵਿੱਚ ਸੋਕ ਲੈਂਦਾ ਹੈ। ਕਾਫ਼ੀ ਸਾਰਾ ਚੂਨਾ ਖੂਹੀ ਵਿਚ ਸੁੱਟ ਕੇ ਜਾਂ ਕੋਈ ਛਤਰੀ ਨੂੰ ਰੱਸੀ ਬੰਨ੍ਹ ਕੇ ਉਸਨੂੰ ਖੂਹੀ ਵਿਚ ਵਾਰ-ਵਾਰ ਲਿਜਾ ਕੇ ਤੇ ਬਾਹਰ ਕੱਢ ਕੇ ਖੂਹੀ ਵਿਚੋਂ ਕਾਰਬਨ ਡਾਈਆਕਸਾਈਡ ਨੂੰ ਖ਼ਤਮ ਕੀਤਾ ਜਾ ਸਕਦਾ ਹੈ।