ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਢਾਹ ਲਾਉਣ ਵਾਲੇ ਸਿੱਖ ਵਿਰੋਧੀ ਚੁੱਟਕੁਲਿਆਂ ਤੇ ਰੋਕ ਲਗਾਉਣ ਵਾਸਤੇ ਸ਼ੁਰੂ ਕੀਤੀ ਗਈ ਆੱਨਲਾਈਨ ਪਟੀਸ਼ਨ ਤੇ ਪੂਰੇ ਸਿੱਖ ਭਾਈਚਾਰੇ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ। ਇਸ ਮਸਲੇ ਤੇ ਬੋਲਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਸੋਸ਼ਲ ਮੀਡੀਆ ਤੇ ਆਪਣੇ ਫੇਸਬੁਕ ਪੇਜ਼ ਅਤੇ ਵਾਟਸਐਪ ਤੇ ਪਾਈ ਗਈ ਵੀਡੀਓ ’ਚ ਉਕਤ ਪਟੀਸ਼ਨ ਦਾ ਵੱਧ ਤੋਂ ਵੱਧ ਸਮਰਥਨ ਕਰਨ ਨਾਲ ਸੁਪਰੀਮ ਕੋਰਟ ’ਚ ਉਕਤ ਮਸਲੇ ਤੇ ਸੀਨੀਅਰ ਵਕੀਲ ਬੀਬੀ ਹਰਵਿੰਦਰ ਕੌਰ ਚੌਧਰੀ ਵੱਲੋਂ ਪਾਈ ਗਈ ਪੀ.ਆਈ.ਐਲ. ਦੀ ਸੁਣਵਾਈ ਦੌਰਾਨ ਚੰਗਾਂ ਮਾਹੌਲ ਸਿੱਖ ਵਿਰੋਧੀ ਚੁੱਟਕੁਲਿਆਂ ਨੂੰ ਰੋਕਣ ਵਾਸਤੇ ਸਿਰਜਣ ਦੇ ਨਾਲ ਹੀ ਅਜਿਹੇ ਘਟਿਆ ਮਜ਼ਾਕ ਨੂੰ ਰੋਕਣ ਦੀ ਦਿਸ਼ਾ ’ਚ ਮਜਬੂਤ ਕਾਨੂੰਨ ਬਣਨ ਦਾ ਰਾਹ ਪੱਧਰਾ ਹੋਣ ਦਾ ਵੀ ਦਾਅਵਾ ਕੀਤਾ ਹੈ।
ਜੀ.ਕੇ. ਨੇ ਪੀ.ਆਈ.ਐਲ. ਤੇ ਸੁਪਰੀਮ ਕੋਰਟ ਵੱਲੋਂ ਸਿੱਖ ਭਾਈਚਾਰੇ ਦੀ ਭਾਵਨਾਵਾਂ ਤੋਂ ਜਾਣੂ ਹੋਣ ਵਾਸਤੇ ਚੁੱਕੇ ਗਏ ਕਦਮਾਂ ਦੀ ਵੀ ਸਲਾਘਾ ਕੀਤੀ। ਜੀ.ਕੇ. ਨੇ ਕਿਹਾ ਕਿ ਸਿੱਖ ਕਿਸੇ ਵੀ ਹਾਲਾਤ ’ਚ ਇਨ੍ਹਾਂ ਸਿੱਖ ਵਿਰੋਧੀ ਚੁੱਟਕੁਲਿਆਂ ਤੇ ਰੋਕ ਲਗਾਉਣਾ ਚਾਹੁੰਦੇ ਹਨ। ਕਿਉਂਕਿ ਸਿੱਖ ਧਰਮੀ, ਗੰਭੀਰ ਅਤੇ ਮਿਹਨਤੀ ਵੱਜੋਂ ਪਛਾਣ ਰੱਖਦਾ ਹੈ ਇਸ ਕਰਕੇ ਸਿੱਖ ਭਾਈਚਾਰੇ ਦੀ ਬੁਰੀ ਛਵੀ ਨੂੰ ਘੜਨ ਵਾਲੇ ਇਨ੍ਹਾਂ ਚੁੱਟਕੁਲਿਆਂ ਨੂੰ ਕਿਸੇ ਵੀ ਕੀਮਤ ਤੇ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਹੈ।
ਸਿੱਖਾਂ ਦੀਆਂ ਖੂਬੀਆਂ ਦਾ ਮੁਕਾਬਲਾ ਨਾ ਕਰਨ ਵਾਲੇ ਲੋਕਾਂ ਦੇ ਮਨਾਂ ’ਚ ਗੈਰਬਰਾਬਰੀ ਦੀ ਸੋਚ ਉਭਰਨ ਕਰਕੇ ਇਨ੍ਹਾਂ ਚੁੱਟਕੁਲਿਆਂ ਦੇ ਹੋਂਦ ’ਚ ਆਉਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਇਸ ਸਬੰਧ ’ਚ ਉਨ੍ਹਾਂ ਨੇ ਮੁਗਲ ਰਾਜ ਦੇ ਦੌਰਾਨ ਅਹਿਮਦਸ਼ਾਹ ਅਬਦਾਲੀ ਵੱਲੋਂ ਭਾਰਤ ਤੋਂ ਲੁੱਟ ਕੇ ਲਏ ਜਾਉਂਦੇ ਖਜਾਨੇ ਅਤੇ ਜਵਾਨ ਲੜਕੀਆਂ ਨੂੰ ਸਿੱਖਾਂ ਵੱਲੋਂ ਅੱਧੀ ਰਾਤ ਦੇ ਸਮੇਂ ਲਗਭਗ 12 ਵਜੇ ਦੌਰਾਨ ਛਾਪਾਮਾਰ ਤਰੀਕੇ ਨਾਲ ਹਮਲਾ ਕਰਕੇ ਲੜਕੀਆਂ ਨੂੰ ਛੁਡਾਉਣ ਦੀਆਂ ਸਿੱਖ ਇਤਿਹਾਸ ’ਚ ਮਿਲਦੀ ਮਿਸਾਲ ਨੂੰ ਮੌਜ਼ੂਦਾ ਸਮੇਂ ’ਚ ਸਿੱਖਾਂ ਨੂੰ ਪਰੇਸ਼ਾਨ ਕਰਨ ਵਾਸਤੇ 12 ਵਜੇ ਦੇ ਘੜੇ ਜਾਉਂਦੇ ਚੁੱਟਕੁਲਿਆਂ ਦੀ ਪਿਛੋਕੜ ਵੱਜੋਂ ਵੀ ਦੱਸਿਆ। ਅੰਗਰੇਜ ਰਾਜ ਅਤੇ ਆਜ਼ਾਦੀ ਤੋਂ ਬਾਅਦ ਕਾਂਗਰਸ ਰਾਜ ਦੌਰਾਨ ਸਿੱਖਾਂ ਦੇ ਹੋਏ ਕਤਲੇਆਮ ਤੋਂ ਬਾਅਦ ਸਿੱਖਾਂ ਤੇ ਇਨ੍ਹਾਂ ਚੁੱਟਕੁਲਿਆਂ ਦੇ ਰਾਹੀਂ ਹੋਏ ਵਾਰ ਨੂੰ ਜੀ.ਕੇ. ਨੇ ਨਾਕਾਮਯਾਬ ਹਮਲਾ ਵੀ ਕਰਾਰ ਦਿੱਤਾ।
ਜੀ.ਕੇ. ਨੇ ਇਨ੍ਹਾਂ ਚੁੱਟਕੁਲਿਆਂ ਦੀ ਆੜ ’ਚ ਕਈ ਵੈਬਸਾਈਟਾਂ ਵੱਲੋਂ ਕਰੋੜਾਂ ਰੁਪਏ ਦਾ ਵਪਾਰ ਕਰਨ ਦਾ ਦਾਅਵਾ ਕਰਦੇ ਹੋਏ ਸਿੱਖਾਂ ਨੂੰ ਦੇਸ਼ ਦੀ ਆਜ਼ਾਦੀ ਲਈ ਦਿੱਤੀਆਂ ਗਈਆਂ ਸ਼ਹੀਦੀਆਂ ਨੂੰ ਇਨ੍ਹਾਂ ਚੁੱਟਕੁਲਿਆਂ ਕਰਕੇ ਅਨਗੋਲ੍ਹਾਂ ਹੋਣ ਦੀ ਵੀ ਗੱਲ ਕਹੀ। ਜੀ.ਕੇ. ਨੇ ਕਿਹਾ ਕਿ ਹਾਸਾ ਚੰਗਾ ਹੈ, ਪਰ ਨਸ਼ਲੀ ਹਾਸੇ ਨੂੰ ਕਿਸੇ ਵੀ ਕੀਮਤ ਤੇ ਮਨਜੂਰ ਨਹੀਂ ਕੀਤਾ ਜਾ ਸਕਦਾ ਹੈ। ਜੀ.ਕੇ. ਨੇ ਸਿੱਖਾਂ ਵੱਲੋਂ ਆਜ਼ਾਦੀ ਤੋਂ ਬਾਅਦ 1962, 1965, 1971 ਅਤੇ ਕਾਰਗਿਲ ਜੰਗ ਦੌਰਾਨ ਦੇਸ਼ ਪ੍ਰਤੀ ਦਿਖਾਈ ਗਈ ਵਫਾਦਾਰੀ ਦੇ ਨਾਲ ਹੀ ਸੰਸਾਰ ਭਰ ’ਚ ਕਿਸੇ ਵੀ ਕੁਦਰਤੀ ਕਰੋਪੀ ਦੌਰਾਨ ਲੰਗਰ, ਸੇਵਾ ਅਤੇ ਦਵਾਈਆਂ ਦੀ ਕੀਤੀ ਜਾਉਂਦੀ ਮਦਦ ਦਾ ਹਵਾਲਾ ਵੀ ਦਿੱਤਾ। ਫਰਾਂਸ ਤੇ ਬ੍ਰਿਟੇਨ ਵੱਲੋਂ ਸਿੱਖਾਂ ਦੀ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਨਿਭਾਈ ਗਈ ਬਹਾਦਰ ਭੂਮਿਕਾ ਨੂੰ ਮਾਨਤਾ ਦੇਣ ਵੱਜੋਂ ਉਸਾਰੀਆਂ ਗਈਆਂ ਯਾਦਗਾਰਾਂ ਦਾ ਵੀ ਜੀ.ਕੇ. ਨੇ ਹਵਾਲਾ ਦਿੱਤਾ। ਇਨ੍ਹਾਂ ਚੁੱਟਕੁਲਿਆਂ ਕਰਕੇ ਆਪਣੇ ਮੰਨ ’ਚ ਦਰਦ ਅਤੇ ਭਾਵਨਾਂਵਾ ਨੂੰ ਢਾਹ ਲਗਣ ਦਾ ਜਿਕਰ ਕਰਦੇ ਹੋਏ ਜੀ.ਕੇ. ਨੇ ਸੰਸਾਰ ਭਰ ’ਚ ਵਸਦੇ ਸਿੱਖਾਂ ਅਤੇ ਦੂਜੇ ਭਾਈਚਾਰੇ ਦੇ ਲੋਕਾਂ ਦੇ ਸਿੱਖਾਂ ਦੀ ਬੁਰੀ ਛਵੀ ਨੂੰ ਉਸਾਰਨ ਦਾ ਹਿਮਾਇਤੀ ਨਾ ਹੋਣ ਦਾ ਵੀ ਦਾਅਵਾ ਕੀਤਾ।