ਅੰਮ੍ਰਿਤਸਰ, (ਜਸਬੀਰ ਸਿੰਘ) – ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਬੀਤੇ ਕਲ੍ਹ ਗ੍ਰਿਫਤਾਰ ਕੀਤੇ ਗਏ ਪੰਥਕ ਆਗੂਆਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਪੰਥਕ ਇਕੱਠ ਵੇਖ ਕੇ ਬੁਖਲਾਹਟ ਵਿੱਚ ਆ ਕੇ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ, ਜਿਹੜੀਆਂ ਸਰਕਾਰ ਦੇ ਕੱਫਨ ਵਿੱਚ ਆਖਰੀ ਕਿੱਲ ਸਾਬਤ ਹੋਣਗੀਆ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਬੇਮਿਸਲ ਹੋਏ ਪੰਥਕ ਇਕੱਠ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਬਾਦਲ ਸਰਕਾਰ ਤੋਂ ਪੂਰੀ ਤਰ੍ਹਾਂ ਦੁੱਖੀ ਹਨ ਤੇ ਉਹ ਹੁਣ ਅਖੌਤੀ ਪੰਥਕ ਸਰਕਾਰ ਨੂੰ ਪੇਵੈਲੀਅਨ ਦਾ ਰਸਤਾ ਵਿਖਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪਿਛਲੇ ਕਰੀਬ ਪੌਣੇ ਨੌ ਸਾਲਾ ਤੋਂ ਜਦੋਂ ਤੋਂ ਬਾਦਲ ਸਰਕਾਰ ਨੇ ਸੱਤਾ ਸੰਭਾਲੀ ਹੈ ਉਸ ਵੇਲੇ ਤੋਂ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਦੁੱਖੀ ਹਨ ਤੇ ਲੋਕਾਂ ਤੇ ਤਸ਼ੱਦਦ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਆਦੀ ਬਣਾਇਆ ਜਾ ਰਿਹਾ ਹੈ ਅਤੇ ਰੁਜਗਾਰ ਮੰਗਦੀਆਂ ਧੀਆਂ ਭੈਣਾਂ ‘ਤੇ ਮਰਦ ਪੁਲੀਸ ਵਾਲੇ ਲਾਠੀਚਾਰਜ ਕਰਕੇ ਉਹਨਾਂ ਨਾਲ ਛੇੜਛਾੜ ਵੀ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਇਸ ਵੇਲੇ ਪੂਰੀ ਤਰ੍ਹਾਂ ਔਰੰਗੇਜਬ ਦੇ ਜ਼ੁਲਮਾਂ ਦਾ ਸ਼ਿਕਾਰ ਹੋਇਆ ਪਿਆ ਹੈ। ਉਹਨਾਂ ਕਿਹਾ ਕਿ 10 ਨਵੰਬਰ ਨੂੰ ਹੋਏ ਵਿਸ਼ਾਲ ਪੰਥਕ ਇਕੱਠ ਵਿੱਚ ਪੰਜਾਬ ਭਰ ਤੋਂ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਜਿਸ ਨੇ ਪੰਜਾਬ ਦੀ ਬਾਦਲ ਸਰਕਾਰ ਦੀਆ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਉਹਨਾਂ ਕਿਹਾ ਕਿ ਬੁਖਲਾਹਟ ਵਿੱਚ ਆ ਕੇ ਬਾਦਲਾਂ ਨੇ ਪੰਥਕ ਇਕੱਠ ਦੇ ਪ੍ਰਬੰਧਕਾਂ ਨੂੰ ਗ੍ਰਿਫਤਾਰ ਕਰਕੇ ਧਾਰਾ 107/151 ਤਹਿਤ ਜੇਲਾਂ ਵਿੱਚ ਬੰਦ ਕਰ ਦਿੱਤਾ ਹੈ ਜੋ ਜਮਹੂਰੀਅਤ ਦਾ ਕਤਲ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਅਜਿਹਾ ਕਰਨ ਨਾਲ ਰੋਸ ਦੀ ਲਹਿਰ ਹੋਰ ਵੀ ਵੱਧ ਗਈ ਹੈ ਜਿਹੜੀ ਬਾਦਲ ਸਰਕਾਰ ਦੇ ਕੱਫਨ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ। ਉਹਨਾਂ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਗ੍ਰਿਫਤਾਰ ਆਗੂਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਰਿਹਾਅ ਕਰੇ ਵਰਨਾ ਸਿੱਟੇ ਭੁਗਤਣ ਲਈ ਤਿਆਰ ਰਹੇ।
ਗ੍ਰਿਫ਼ਤਾਰ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ- ਸਰਨਾ
This entry was posted in ਭਾਰਤ.