ਕਿਤੇ ਪਿੱਪਲੀ ਪੀਘਾਂ ਪਈਆਂ ਹੋਣ, ਬੋਹੜਾਂ ਦੀ ਠੰਢੀ ਛਾਂ ਹੋਵੇ
ਸਾਰੇ ਖੁਸ਼ੀਆਂ ਦੇ ਵਿੱਚ ਨੱਚਣ ਬਈ, ਗਮੀਆਂ ਲਈ ਨਾ ਥਾਂ ਹੋਵੇ
ਮੇਲਾ ਹੋਵੇ ਕਿਤੇ ਵਿਸਾਖੀ ਦਾ, ਸਾਰੇ ਇਕੱਠੇ ਹੋ ਕੇ ਨੱਚਣ ਬਈ
ਤੇੜ੍ਹ ਚਾਦਰੇ, ਕੁੜਤੇ ਕਲੀਆਂ ਵਾਲੇ, ਸਿਰਾਂ ਤੇ ਤੁਰਲੇ ਫੱਬਣ ਬਈ
ਵੱਸਦਾ ਰਹੇ ਪੰਜਾਬ ਇਹ ਸੋਹਣਾ, ਸਦਾ ਇੱਕੋ ਸੁਰ ਵਿੱਚ ਗਾ ਹੋਵੇ
ਕਿਤੇ ਪਿੱਪਲੀ ਪੀਘਾਂ ਪਈਆਂ ਹੋਣ ਬੋਹੜਾਂ ਦੀ ਠੰਢੀ ਛਾਂ ਹੋਵੇ
ਸਿਰ ਤੇ ਲੈ ਫੁਲਕਾਰੀ ਆਈਆਂ, ਕੁੜੀਆਂ ਰੰਗ ਬਰੰਗੇ ਰੰਗਾਂ ਦੀ
ਗਿੱਧੇ ਵਿੱਚ ਨੱਚ ਪਈਆਂ ਕੁੜੀਆਂ, ਛਣਕਾਰ ਛਿੜੀ ਫਿਰ ਵੰਗ਼ਾਂ ਦੀ
ਫਿਰ ਪੁਰਾਣੀ ਬੰਜਲੀ ਵਾਲੀ, ਪਿਆਰੀ ਹੇਕ ਕਿਤੇ ਕੋਈ ਲਾ ਹੋਵੇ
ਕਿਤੇ ਪਿੱਪਲੀ ਪੀਘਾਂ ਪਈਆਂ, ਹੋਣ ਬੋਹੜਾਂ ਦੀ ਠੰਢੀ ਛਾਂ ਹੋਵੇ
ਕੋਇਲਾਂ ਬਾਗਾਂ ਦੇ ਵਿੱਚ ਬੋਲਣ, ਕੁੜੀਆਂ ਕੱਤਣ ਵਿੱਚ ਤ੍ਰਿਝਣਾਂ ਦੇ
ਕਿਤੇ ਖਿੜੀ ਬਸੰਤ ਬਹਾਰ ਹੋਵੇ, ਭੌਰੇ ਗੂੰਜਣ ਉੱਤੇ ਕਲੀਆਂ ਦੇ
ਠੰਢੀ ਪੌਣ ਵੀ ਗੀਤ ਸੁਣਾ ਦੇਵੇ, ਜਿਦਾਂ ਵੱਗਦੀ ਕੋਈ ਝਨਾਂ ਹੋਵੇ
ਕਿਤੇ ਪਿੱਪਲੀ ਪੀਘਾਂ ਪਈਆਂ ਹੋਣ, ਬੋਹੜਾਂ ਦੀ ਠੰਢੀ ਛਾਂ ਹੋਵੇ
ਨੀਲੀ ਛੱਤ ਵੀ ਝੂੰਮੇ ਖੁਸ਼ੀਆਂ ਵਿੱਚ ਤੇ ਧਰਤੀ ਨੱਚਣਾ ਭੁੱਲ ਜਾਵੇ
ਗੁਰੂ, ਪੀਰ, ਪੈਗੰਬਰ, ਔੌਲੀਏ ਦੀ, ਛਾਂ ਸਿਰ ਇਹਦੇ ਤੇ ਝੁੱਲ ਜਾਵੇ
ਇਹ ਖਿੜਿਆ ਵਾਂਗ ਗੁਲਾਬ ਰਹੇ ‘ਨਿੱਜਰ’ ਦੀ ਇਹੋ ਦੁਆ ਹੋਵੇ
ਕਿਤੇ ਪਿੱਪਲੀ ਪੀਘਾਂ ਪਈਆਂ ਹੋਣ, ਬੋਹੜਾਂ ਦੀ ਠੰਢੀ ਛਾਂ ਹੋਵੇ