ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਰਬੱਤ ਖਾਲਸਾ ਬੁਲਾਉਣ ਵਾਲੇ ਆਗੂਆ ਦੇ ਖਿਲਾਫ ਦੇਸ਼ ਧ੍ਰੋਹੀ ਦਾ ਪੰਜਾਬ ਸਰਕਾਰ ਵੱਲੋ ਮੁਕੱਦਮਾ ਦਰਜ ਕਰ ਲੈ ਜਾਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਅਜਿਹਾ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ ਪਰ ਬਾਦਲ ਸਰਕਾਰ ਆਪਣੀ ਗਿਰੀ ਹੋਈ ਸਾਖ ਨੂੰ ਸੁਧਾਰਨ ਲਈ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਇਹੋ ਜਿਹੀਆ ਪੰਥ ਵਿਰੋਧੀ ਗਤੀਵਿਧੀਆ ਨੂੰ ਅੰਜ਼ਾਮ ਦੇ ਰਹੀ ਹੈ ਪਰ ਬਾਦਲਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਦੇ ਸਿਆਸੀ ਆਲਣੇ ਵਿੱਚੋ ਸੱਤਾ ਦਾ ਬੋਟ ਹੁਣ ਡਿੱਗ ਚੁੱਕਾ ਹੈ ਜਿਸ ਦੇ ਮੁੜ ਆਲ੍ਹਣੇ ਵਿੱਚ ਪੈਣ ਦੀ ਆਸ ਨਹੀ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਦੇਸ਼ ਧ੍ਰੋਹੀ ਦਾ ਮੁਕੱਦਮਾ ਉਸ ਵਿਅਕਤੀ ਦੇ ਖਿਲਾਫ ਦਰਜ ਕੀਤਾ ਜਾਂਦਾ ਹੈ ਜਿਸ ਨੇ ਬਹੁਤ ਹੀ ਦੇਸ਼ ਵਿਰੋਧੀ ਤੇ ਦੇਸ਼ ਦੀ ਪ੍ਰਭਸੱਤਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੰਮ ਕੀਤਾ ਹੋਵੇ ਪਰ ਫੜੇ ਗਏ ਪੰਥਕ ਆਗੂਆ ਦਾ ਕਸੂਰ ਸਿਰਫ ਇੰਨਾ ਹੀ ਹੈ ਕਿ ਉਹਨਾਂ ਨੇ ਇੱਕ ਵਿਸ਼ਾਲ ਪੰਥਕ ਇਕੱਠ ਬੁਲਾ ਕੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਦਾ ਕੱਚਾ ਚਿੱਠਾ ਸੰਗਤਾਂ ਦੀ ਕਚਿਹਰੀ ਵਿੱਚ ਜਨਤਕ ਕੀਤਾ ਹੈ ਜਿਹੜਾ ਬਾਦਲਾ ਨੂੰ ਗਵਾਰਾ ਨਹੀ ਲੱਗ ਰਿਹਾ। ਉਹਨਾਂ ਕਿਹਾ ਕਿ ਬਾਦਲ ਸਰਕਾਰ ਵੱਲੋ ਹਰੇਕ ਨਾਗਰਿਕ ਨੂੰ ਦੇਸ਼ ਦੇ ਸੰਵਿਧਾਨ ਮੁਤਾਬਕ ਮਿਲੇ ਧਰਮ ਦੀ ਅਜ਼ਾਦੀ ਦੇ ਮੌਲਿਕ ਅਧਿਕਾਰ ਤੇ ਸਿੱਧਾ ਹਮਲਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਮੁਕੱਦਮੇ ਦੀ ਸਾਰੀ ਜਾਣਕਾਰੀ ਲੈ ਕੇ ਉਹ ਇੱਕ ਵਫਦ ਦੇ ਰੂਪ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਨਾਲ ਵੀ ਮੁਲਾਕਾਤ ਕਰਕੇ ਉਹਨਾਂ ਤੋ ਮੰਗ ਕਰਨਗੇ ਕਿ ਬਾਦਲਾ ਵੱਲੋ ਸਿਆਸੀ ਕਿੜ ਕੱਢਣ ਲਈ ਦਰਜ ਕੀਤਾ ਗਿਆ ਮੁਕੱਦਮਾ ਤੁਰੰਤ ਖਾਰਜ ਕੀਤਾ ਜਾਵੇ।
ਉਹਨਾਂ ਕਿਹਾ ਕਿ ਜਿੰਨੇ ਵੀ ਮਤੇ ਪੰਥਕ ਇਕੱਠ ਵਿੱਚ ਪਾਸ ਕੀਤੇ ਗਏ ਹਨ ਉਹ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿੱਚ ਗੁਰੂ ਨੂੰ ਸਨਮੁੱਖ ਹੋ ਕੇ ਪਾਸ ਕੀਤੇ ਗਏ ਹਨ ਤੇ ਇਹਨਾਂ ਮਤਿਆ ਨੂੰ ਸੰਗਤਾਂ ਨੇ ਪੰਥਕ ਜੈਕਾਰਿਆ ਦੀ ਗੂੰਜ ਵਿੱਚ ਪਾਸ ਕਰਨ ਦੀ ਪਰਵਾਨਗੀ ਦਿੱਤੀ ਹੈ ਅਤੇ ਇਹ ਸਾਰੇ ਮਤੇ ਧਾਰਮਿਕ ਤੇ ਸਿੱਖ ਕੌਮ ਨਾਲ ਹੀ ਸਬੰਧਿਤ ਹਨ। ਉਹਨਾਂ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੁਝਾਅ ਦਿੰਦਿਆ ਕਿਹਾ ਕਿ ਉਹਨਾਂ ਨੂੰ ਇਤਿਹਾਸ ਨੂੰ ਯਾਦ ਜਰੂਰ ਰੱਖਣਾ ਚਾਹੀਦਾ ਹੈ ਅਤੇ ਹਰਨਾਖਸ਼ ਦਾ ਜੋ ਹਸ਼ਰ ਤਾਨਾਸ਼ਾਹ ਬਣਨ ਕਾਰਨ ਹੋਇਆ ਸੀ ਉਸ ਨੂੰ ਯਾਦ ਵੀ ਜਰੂਰ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਚੰਗਾ ਸਿਆਸੀ ਆਗੂ ਉਹ ਹੀ ਮੰਨਿਆ ਜਾਂਦਾ ਹੈ ਜਿਹੜਾ ਜਨਤਾ ਦੀ ਨਬਜ਼ ਨੂੰ ਪਛਾਨਣ ਦੀ ਸਮੱਰਥਾ ਰੱਖਦਾ ਹੈ ਪਰ ਬਾਦਲ ਜਿਥੇ ਆਪਣਾ ਵਕਾਰ ਗੁਆ ਚੁੱਕੇ ਹਨ ਉਥੇ ਬਾਦਲ ਹੋਛੇ ਹਥਿਆਰਾਂ ਤੇ ਆ ਕੇ ਜਨਤਾ ਜਨਾਰਦਨ ਨਾਲ ਧੱਕੇਸ਼ਾਹੀਆ ਕਰਨ ਵਿੱਚ ਮਸ਼ਰੂਫ ਹਨ ਜਿਹਨਾਂ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਪਣੇ ਧਾਰਮਿਕ ਅਕੀਦੇ ਦੀ ਗੱਲ ਕਰਨ ਵਾਲੇ ਜੇਕਰ ਦੇਸ਼ ਧ੍ਰੋਹੀ ਹਨ ਤਾਂ ਫਿਰ ਬਾਦਲ ਦਾ ਗੋਦ ਵਿੱਚ ਬੈਠੇ ਮਜੀਠੀਏ ਵਰਗੇ ਨਸ਼ੀਲੇ ਪਦਾਰਥਾਂ ਦੇ ਸਮੱਗਲਰ ਦੇਸ਼ ਹਿਤੈਸ਼ੀ ਕਿਵੇ ਹੋ ਸਕਦੇ। ਉਹਨਾਂ ਕਿਹਾ ਕਿ ਦੇਸ਼ ਧ੍ਰੋਹੀ ਦੀ ਕਾਰਵਾਈ ਤਾਂ ਬਾਦਲ ਨੂੰ ਗੋਦ ਵਿੱਚ ਬੈਠਿਆ ਦੇ ਖਿਲਾਫ ਕਰਨੀ ਚਾਹੀਦੀ ਹੈ।