ਵਰਤਮਾਨ ਕਾਨੂੰਨੀ ਇਨਸਾਫ ਪਰਬੰਧ ਦਾ ਖੋਖਲਾਪਣ ਅਤੇ ਮਨੁੱਖੀ ਜਮੀਰ ਵਿੱਚੋਂ ਹੋਏ ਫੈਸਲਿਆਂ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ। ਵਰਤਮਾਨ ਭਿ੍ਸ਼ਟ ਸਿਸਟਮ ਨੇ ਕਾਨੂੰਨ ਦੇ ਜਾਲ ਨਾਲ ਇਨਸਾਨੀ ਸੋਚ ਮਨਫੀ ਕਰਕੇ ਕਾਨੂੰਨ ਦੇ ਨਾਂ ਤੇ ਗੈਰ ਕਾਨੂੰਨੀ ਇਨਸਾਫ ਪਰਬੰਧ ਖੜਾ ਕਰ ਦਿੱਤਾ ਹੈ। ਵਰਤਮਾਨ ਸਮੇਂ ਕੋਈ ਵੀ ਜੱਜ ਵੱਡੇ ਫੈਸਲੇ ਇਨਸਾਫ ਨਾਲ ਨਹੀਂ ਸਰਕਾਰੀ ਹੁਕਮਾਂ ਨਾਲ ਲੈਂਦੇ ਹਨ ਜਿਹਨਾਂ ਪਿੱਛੇ ਵੱਡੇ ਵੱਡੇ ਠੱਗ , ਚੋਰ , ਬੇਈਮਾਨ, ਲੁਟੇਰਿਆਂ ਦੇ ਹਿੱਤ ਛੁਪੇ ਹੁੰਦੇ ਹਨ। ਦਿਮਾਗ ਧੋਣ ਵਾਲੀ ਵਿਦਿਆਂ ਵਿੱਚ ਪਏ ਹੋਏ ਬਹੁਗਿਣਤੀ ਲੋਕ ਕਾਨੂੰਨ ਕਾਨੂੰਨ ਦੀ ਰੱਟ ਲਾਈ ਰੱਖਦੇ ਹਨ । ਅਸਲ ਵਿੱਚ ਜਦ ਤੋਂ ਕਾਨੂੰਨ ਨੂੰ ਖੁਦਾਈ ਇਨਸਾਫ ਪਰਬੰਧ ਨਾਲੋਂ ਤੋੜਕੇ ਦੁਨਿਆਵੀ ਲੋੜਾਂ ਅਨੁਸਾਰ ਵਰਤਿਆ ਗਿਆ ਤਦ ਹੀ ਬਗਾਵਤਾਂ ਅਤੇ ਬੇਇਨਸਾਫੀਆਂ ਦੇ ਦੌਰ ਸ਼ੁਰੂ ਹੋਏ। ਜਦ ਵੀ ਦੁਨੀਆਂ ਤੇ ਸੱਚ ਬੋਲਣ ਦੇ ਪੈਰੋਕਾਰਾਂ ਨੂੰ ਸੱਚ ਧਰਮ ਤੋਂ ਮੁਨਕਰ ਹੋਕੇ ਦੁਨਿਆਵੀ ਲੋੜਾਂ ਅਨੁਸਾਰ ਝੂਠੇ ਕਾਨੂੰਨ ਦੀ ਭੇਂਟ ਚੜਾਇਆ ਗਿਆ ਤਦ ਹੀ ਉਹਨਾਂ ਵਿੱਚੋਂ ਇਨਕਲਾਬਾ ਦੀ ਨੀਂਹ ਰੱਖੀ ਗਈ ਹੈ। ਆਉ ਇੱਕ ਛੋਟੇ ਜਿਹੇ ਫੈਸਲੇ ਵਿੱਚੋਂ ਹੀ ਇਸਦਾ ਇੱਕ ਪਹਿਲੂ ਦਿਖਾਵਾ।
ਪੱਚੀ ਤੀਹ ਕੁ ਸਾਲ ਪਹਿਲਾਂ ਦੀ ਸੱਚੀ ਗੱਲ ਹੈ ਜੋ ਮੈਨੂੰ ਕਿਸੇ ਨਜਦੀਕੀ ਨੇ ਦੱਸੀ ਸੀ ਜਿਸ ਵਿੱਚ ਥੋੜੀ ਤਬਦੀਲੀ ਕਰਦਿਆਂ ਲਿਖਾਗਾਂ। ਪੁਲੀਸ ਨੇ ਇੱਕ ਘਰਦੀ ਸ਼ਰਾਬ ਕੱਢ ਕੇ ਪੀਣ ਵਾਲਾ ਫੜ ਲਿਆ ਜਿਸ ਕੋਲ ਸਿਰਫ ਇੱਕ ਬੋਤਲ ਹੀ ਸੀ। ਪੁਲੀਸ ਨੇ ਉਸ ਉੱਪਰ ਕੇਸ ਪਾ ਦਿੱਤਾ ਅਤੇ ਜੱਜ ਦੇ ਚਲਾਣ ਪੇਸ਼ ਕਰ ਦਿੱਤਾ। ਗਵਾਹੀਆਂ ਅਤੇ ਪੁਲੀਸ ਕੇਸ ਠੋਸ ਸੀ ਅਤੇ ਉਹ ਵਿਅਕਤੀ ਦੋਸ਼ੀ ਸਿੱਧ ਹੋ ਰਿਹਾ ਸੀ। ਸ਼ਰਾਬ ਦੀ ਬੋਤਲ ਹਰ ਵਾਰ ਸੀਲ ਕੀਤੀ ਹੋਈ ਜੱਜ ਦੇ ਅੱਗੇ ਮੇਜ਼ ਤੇ ਰੱਖ ਦਿੱਤੀ ਜਾਇਆ ਕਰੇ। ਵਧੀਆ ਬਣੀ ਸ਼ਰਾਬ ਬੋਤਲ ਵਿੱਚ ਪਈ ਵੀ ਬਹੁਤ ਹੀ ਸਾਫ ਪਾਕਿ ਪਵਿਤਰਤਾ ਵਾਂਗ ਆਪਣਾ ਝਲਕਾਰਾ ਮਾਰਦੀ ਹੈ। ਜੱਜ ਖੁਦ ਸ਼ਰਾਬ ਪੀਣ ਦਾ ਸ਼ੌਕੀਨ ਸੀ। ਦੋਸ਼ੀ ਨੇ ਕਿਹਾ ਕਿ ਪਹਿਲਾਂ ਮੇਰੀ ਬੋਤਲ ਖੋਲਕੇ ਪੀਕੇ ਦੱਸੋ ਕਿ ਇਹ ਸੱਚ ਮੁੱਚ ਹੀ ਸ਼ਰਾਬ ਹੈ। ਜੱਜ ਨੇ ਉਸਨੂੰ ਖੋਲਣ ਦਾ ਹੁਕਮ ਦੇਕੇ ਖੁਦ ਹੀ ਚੈਕ ਕਰਨ ਦਾ ਫੈਸਲਾ ਕੀਤਾ ਅਤੇ ਫੈਸਲਾ ਅਗਲੀ ਤਾਰੀਖ ਤੇ ਪਾ ਦਿੱਤਾ। ਅਗਲੀ ਤਾਰੀਖ ਤੇ ਜੱਜ ਨੇ ਦੋਸ਼ੀ ਨੂੰ ਆਪਣੇ ਕੋਲ ਬੁਲਾਇਆ ਅਤੇ ਗੁਪਤ ਤੌਰ ਤੇ ਪੁੱਛਿਆ ਕਿ ਇਹ ਸ਼ਰਾਬ ਤੂੰ ਖੁਦ ਬਣਾਈ ਹੈ। ਦੋਸ਼ੀ ਨੇ ਇਕਬਾਲ ਕਰ ਲਿਆ। ਜੱਜ ਨੇ ਫਿਰ ਉਸਨੂੰ ਕਿਹਾ ਕਿ ਤੂੰ ਦੁਬਾਰਾ ਵੀ ਏਨੀ ਵਧੀਆ ਸ਼ਰਾਬ ਬਣਾ ਸਕਦਾ ਹੈ ਉਸ ਕਿਹਾ ਜੀ ਹਾਂ। ਜੱਜ ਨੇ ਉਸਦੇ ਕੰਨ ਵਿੱਚ ਫੂਕ ਮਾਰੀ ਕਿ ਮੈਨੂੰ ਬਣਾਕੇ ਦੇਕੇ ਜਾਇਆ ਕਰੀ ਮੈਂ ਤੈਨੂੰ ਬਰੀ ਕਰਦਾ ਹਾਂ ਅਤੇ ਉਸਨੂੰ ਬਰੀ ਕਰਨ ਦਾ ਫੈਸਲਾ ਸੁਣਾ ਦਿੱਤਾ। ਦੋਸਤੋ ਜੱਜ ਨੇ ਨਿੱਜੀ ਤੌਰ ਤੇ ਉਸ ਵਿਅਕਤੀ ਨੂੰ ਆਪਣੇ ਘਰ ਬੁਲਾਇਆ ਅਤੇ ਕਿਹਾ ਕਿ ਮੈਂ ਬਹੁਤ ਕਿਸਮ ਦੀਆਂ ਸ਼ਰਾਬਾਂ ਪੀਕੇ ਦੇਖੀਆਂ ਹਨ ਪਰ ਤੇਰੀ ਸ਼ਰਾਬ ਲਾਜਵਾਬ ਹੁੰਦੀ ਹੈ ਤੇਰੇ ਵਰਗੇ ਬੰਦੇ ਨੂੰ ਤਾਂ ਸਨਮਾਨ ਦੇਣਾ ਬਣਦਾ ਜੋ ਸੁੱਧ ਸ਼ਰਾਬ ਬਨਾਉਣ ਦੀ ਕਲਾ ਜਾਣਦਾ ਹੈ। ਸੁਣਿਆ ਉਸ ਸ਼ਰਾਬ ਬਨਾਉਣ ਵਾਲੇ ਅਤੇ ਜੱਜ ਦੀ ਲੰਬਾ ਸਮਾਂ ਦੋਸਤੀ ਰਹੀ ।
ਸੋ ਅਸਲ ਵਿੱਚ ਦੋਸਤੋ ਕਾਨੂੰਨ ਅਤੇ ਜਮੀਰ ਵਿੱਚ ਇਹੋ ਫਰਕ ਹੈ। ਕਾਨੂੰਨ ਕਿਸੇ ਨੂੰ ਫਾਂਸੀ ਚੜਾ ਦਿੰਦਾ ਹੈ ਜਦੋਂਕਿ ਜੱਜ ਦੀ ਜ਼ਮੀਰ ਕਹਿੰਦੀ ਹੈ ਕਿ ਇਸ ਨੂੰ ਬਹਾਦਰੀ ਦਾ ਪੁਰਸਕਾਰ ਦੇਣਾ ਚਾਹੀਦਾ ਹੈ। ਵਰਤਮਾਨ ਸਮੇਂ ਵੀ ਇਹੋ ਹੋ ਰਿਹਾ ਹੈ। ਜਿਹੜੇ ਲੋਕ ਜੇਲਾਂ ਵਿੱਚ ਹੋਣੇ ਚਾਹੀਦੇ ਹਨ ਉਹ ਰਾਜਗੱਦੀਆਂ ਤੇ ਬੈਠੇ ਹਨ ਜਿਹਨਾਂ ਨੂੰ ਅਣਖਾਂ ਅਤੇ ਇੱਜਤਾਂ ਦੀ ਖਾਤਰ ਸ਼ੇਰਦਿਲ ਹੋਕੇ ਸਮਾਜ ਨੂੰ ਸਾਫ ਰੱਖਣ ਲਈ ਕੁਰਬਾਨੀਆਂ ਕਰਨ ਵਰਗੀ ਜੰਗ ਲੜੀ ਹੈ ਉਹ ਕਾਨੂੰਨ ਦੇ ਨਾਂ ਤੇ ਜੇਲਾਂ ਵਿੱਚ ਤੁੰਨੇ ਹੋਏ ਹਨ। ਜੇਲਾਂ ਵਿੱਚ ਜਾਕੇ ਦੇਖੋ ਜਾਂ ਜੇਲਾਂ ਵਿੱਚ ਰਹਿਕੇ ਆਏ ਲੋਕਾਂ ਨੂੰ ਪੁੱਛ ਕੇ ਦੇਖਿਉ ਤੂੰ ਕੀ ਗਲਤ ਕੀਤਾ ਅਤੇ ਕਿਉਂ ਕੀਤਾ ਤੁਹਾਡੀ ਜਮੀਰ 90 ਪ੍ਰਤੀਸ਼ਤ ਮੁਜਰਮਾਂ ਨੂੰ ਬਰੀ ਕਰ ਦੇਵੇਗੀ। ਇਸ ਤਰਾਂ ਹੀ ਜੇ ਤੁਹਾਡੀ ਜਮੀਰ ਨੇ ਫੈਸਲੇ ਦੇਣੇ ਹੋਣ ਤਦ ਸਮਾਜ ਦੇ ਧਾਰਮਿਕ ਅਤੇ ਰਾਜਨੀਤਕ ਆਗੂਆਂ ਦੇ ਕੰਮ ਦੇਖਕੇ 90 ਪ੍ਰਤੀਸ਼ਤ ਨੂੰ ਜੇਲਾਂ ਵਿੱਚ ਭੇਜਣ ਦਾ ਫੈਸਲਾ ਦੇਵੇਗੀ। ਪੁਰਾਤਨ ਸਮਿਆਂ ਦੇ ਵਿੱਚ ਬਾਦਸ਼ਾਹ ਜਾਂ ਰਾਜਿਆਂ ਦੇ ਹੱਥ ਹੀ ਇਨਸਾਫ ਹੁੰਦਾ ਸੀ ਅਤੇ ਬਹੁਤੀ ਵਾਰ ਇਨਸਾਫ ਹੀ ਕੀਤਾ ਜਾਂਦਾ ਸੀ ਪਰ ਜਦ ਤੋਂ ਧਰਮ ਨਾਂ ਦੇ ਸੰਵਿਧਾਨ ਦੇ ਨਾਂ ਦਾ ਕਾਨੂੰਨ ਬਣਾਕਿ ਫੈਸਲੇ ਦਿੱਤੇ ਜਾਣ ਲੱਗੇ ਤਦ ਤੋਂ ਹੀ ਇਨਸਾਫ ਪਰਬੰਧ ਬਦਲ ਗਿਆ ਹੋਏ ਇਸ ਵਾਸਤੇ ਹੀ ਗੁਰੂ ਨਾਨਕ ਨੂੰ ਕਹਿਣਾ ਪਿਆ ਸੀ ਕਿ ਕਾਜੀ ਰਿਸ਼ਵਤਾਂ ਵੱਢੀਆਂ ਲੈਕੇ ਹੱਕ ਦਾਰ ਦਾ ਹੱਕ ਮਾਰੀ ਜਾ ਰਹੇ ਹਨ। ਇਸ ਤਰਾਂ ਹੀ ਗੁਰੂ ਅਰਜਨ ਦੇਵ ਵੇਲੇ ਹੋਇਆ ਜਦ ਜਹਾਂਗੀਰ ਨੇ ਕਿਹਾ ਸੀ ਕਿ ਫਕੀਰ ਦਾ ਖੂਨ ਧਰਤੀ ਤੇ ਡੁੱਲਣਾਂ ਬਹੁਤ ਮਾੜੀ ਗੱਲ ਹੈ ਪਰ ਇਨਸਾਫ ਦੇ ਨਾਂ ਤੇ ਬਣੇ ਝੂਠੇ ਕਾਜੀਆਂ ਜੱਜਾਂ ਨੇ ਇਸਦਾ ਹੱਲ ਕੱਢਿਆ ਸੀ ਕਿ ਤੱਤੀ ਤਵੀ ਤੇ ਬਿਠਾਕਿ ਸਜ਼ਾ ਦਿਉ ਜਿਸ ਨਾਲ ਖੂਨ ਧਰਤੀ ਤੇ ਨਹੀਂ ਡੁੱਲੇਗਾ। ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸਜ਼ਾ ਦੇਣ ਵੇਲੇ ਵੀ ਨਵਾਬ ਮਲੇਰਕੋਟਲੇ ਨੇ ਜ਼ਮੀਰ ਵਿੱਚੋਂ ਫੈਸਲਾ ਹਾਅਦੇ ਨਾਅਰੇ ਵਿੱਚੋਂ ਦਿੱਤਾ ਸੀ ਪਰ ਨਵਾਬ ਸਰਹੰਦ ਅਤੇ ਉਸਦੇ ਕਾਜੀਆਂ ਨੇ ਫੈਸਲਾ ਦੁਨਿਆਵੀ ਹੰਕਾਰ ਵਿੱਚੋਂ ਕੀਤਾ ਸੀ ਜੋ ਇੱਕ ਇਨਕਲਾਬ ਦਾ ਮੁੱਢ ਬੰਨ ਗਿਆ ਸੀ। ਵਰਤਮਾਨ ਸੰਵਿਧਾਨਕ ਕਾਨੂੰਨ ਵਿਚੋਂ ਉਸਦੀ ਪਰਤੀਕ ਇਨਸਾਫ ਦੀ ਦੇਵੀ ਦੇ ਤਾਂ ਹੋਰ ਵੀ ਅੱਖਾਂ ਕੰਨ ਅਤੇ ਨੱਕ ਤੇ ਪੱਟੀ ਬੰਨੀ ਹੋਈ ਹੈ ਜਿਸਨੂੰ ਆਪਣੀ ਤੱਕੜੀ ਵਿੱਚ ਕਿਸ ਨੇ ਕਿੰਨਾਂ ਝੂਠ ਧਰ ਦਿੱਤਾ ਹੈ ਅਤੇ ਪਲੜਾ ਝੂਠ ਵਾਲਾ ਭਾਰੀ ਹੋ ਗਿਆ ਹੈ ਦੂਸਰੇ ਪਾਸੇ ਸੱਚ ਤਾਂ ਕੱਖੋਂ ਹੌਲਾ ਹੋਇਆ ਉੱਪਰ ਅਸਮਾਨ ਵੱਲ ਨੂੰ ਉੱਠ ਜਾਂਦਾ ਹੈ। ਇਹੋ ਹੈ ਵਰਤਮਾਨ ਲੁਟੇਰਿਆਂ ਦਾ ਇਨਸਾਫ ਪਰਬੰਧ ਜਿਸ ਵਿੱਚ ਮਾਸੂਮ ਲੋਕਾਂ ਦਾ ਸੱਚ ਕੁਰਲਾਉਂਦਾ ਮੌਤ ਅਤੇ ਜੇਲਾਂ ਵਿੱਚ ਚਲਾ ਜਾਂਦਾ ਹੈ। ਦੁਨੀਆਂ ਦੇ ਸਿਆਣੇ ਅਖਵਾਉਂਦੇ ਜੱਜ ਅਤੇ ਵਕੀਲ ਇਸਦੇ ਗਵਾਹ ਹਨ ਭਾਵੇਂ ਪੁੱਛ ਲਿਉ ਜਾਕੇ ਜਾਂ ਆਪਣੀ ਜਮੀਰ ਨੂੰ ਪੁੱਛ ਲਿਉ ਕਦੇ ਜੇ ਵਿਹਲ ਹੋਈ ।