ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਵਿੱਚ ਸ਼ੁਕਰਵਾਰ ਦੀ ਰਾਤ ਨੂੰ ਹੋਏ ਭਿਆਨਕ ਖੂਨੀ ਦਰਦਨਾਕ ਗੋਲੀ ਕਾਂਢ ਤੇ ਮਨੁੱਖੀ ਬੰਬ ਫਟਣ ਤੋਂ ਬਾਅਦ ਪੂਰੇ ਫਰਾਂਸ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਹੈ।ਇਸ ਖੌਫਨਾਕ ਕਾਂਢ ਵਿੱਚ 129 ਲੋਕੀ ਮਾਰੇ ਜਾ ਚੁੱਕੇ ਹਨ। 350 ਦੇ ਕਰੀਬ ਫੱਟੜ ਹੋਏ ਹਨ।ਜਿਹਨਾਂ ਵਿੱਚੋਂ 100 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਫਰਾਂਸ ਦੇ ਪ੍ਰੈਜੀਡੈਂਟ ਫਰਾਂਸੋਆਜ਼ ਹੋਲੇਡ ਨੇ ਤਿੰਨ ਦਿੱਨ ਸੋਗ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ।
ਫਰਾਂਸ ਦੇ ਕੌਮੀ ਝੰਡੇ ਨੂੰ ਸਰਕਾਰੀ ਇਮਾਰਤਾਂ ਤੋਂ ਝੁਕਾ ਦਿੱਤਾ ਗਿਆ ਹੈ। ਸਰਕਾਰੀ ਅਦਾਰੇ ਬੰਦ ਅਤੇ ਪਬਲਿੱਕ ਫੰਕਸ਼ਨਾਂ ਨੂੰ ਤੇ ਸ਼ੜਕਾਂ ਉਪਰ ਸਿਆਸੀ ਤੇ ਧਾਰਮਿੱਕ ਗਤੀ ਵਿਧੀਆਂ ਦੀ ਮਨ੍ਹਾਹੀ ਕਰ ਦਿੱਤੀ ਗਈ ਹੈ।ਪੈਰਿਸ ਜਿਹੜਾ ਦੁਨੀਆਂ ਦੇ ਨਕਸ਼ੇ ਉਪਰ ਆਪਣੀ ਅਦਭੁਤਤਾ, ਸੁੰਦਰਤਾ, ਵਿਲੱਖਣਤਾ,ਮਿਤ੍ਰਰਤਾ ਅਤੇ ਖੁਸ਼ੀਆਂ ਖੇੜਿਆਂ ਨਾਲ ਭਰਪੂਰ ਸ਼ਹਿਰ ਮੰਨਿਆ ਜਾਦਾਂ ਸੀ।ਉਸ ਦੇ ਨਾਂ ਨੂੰ ਰੂੜੀਵਾਦੀ ਵਿਚਾਰਾਂ ਵਾਲੇ ਲੋਕਾਂ ਨੇ ਪੂਰੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ।ਫਰਾਂਸ ਦੇ ਲੋਕਾਂ ਨੂੰ ਇਸ ਕਾਂਢ ਨੇ ਧੁਰ ਅੰਦਰ ਤੱਕ ਹਲੂਣ ਦਿੱਤਾ ਹੈ।ਫਰਾਂਸ ਦੇ ਇਤਿਹਾਸ ਵਿੱਚ ਦੁਨੀਆ ਦੀ ਦੂਜੀ ਜੰਗ ਤੋਂ ਬਾਅਦ ਇਹ ਦੂਸਰੀ ਵੱਡੀ ਕਤਲੋਗਾਰਤ ਦੀ ਘਟਨਾ ਹੋਈ ਹੈ।ਦੁਖਦਾਈ ਘਟਨਾ ਕਾਰਨ ਲੋਕਾਂ ਨੇ ਰੋਸ ਵਜੋਂ ਆਪਣੇ ਨਿੱਜ਼ੀ ਕੰਮਕਾਰ ਵੀ ਬੰਦ ਕੀਤੇ ਹੋਏ ਹਨ।ਸੌ ਸਾਲ ਪੁਰਾਣੀਆਂ ਮਾਰਕੀਟਾਂ ਜਿਹੜੀਆਂ ਕਦੇ ਬੰਦ ਨਹੀ ਹੋਈਆਂ ਸਨ ਉਹ ਵੀ ਬੰਦ ਹਨ।ਇਥੋਂ ਤੱਕ ਕਿ ਰੋਜ਼ਮਰਾ ਜਿੰਦਗੀ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਵੱਡੀਆਂ ਮਾਰਕੀਟਾਂ ਤੇ ਸਟੋਰ ਬੰਦ ਪਏ ਹੋਏ ਹਨ।ਗੁਜ਼ਰ ਰਹੇ ਮੰਦਵਾੜੇ ਦੇ ਹਾਲ ਵਿੱਚ ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋਵੇਗਾ।ਇਹ ਤਾਂ ਆਉਣ ਵਾਲਾ ਸਮਾ ਹੀ ਦੱਸੇਗਾ।ਇੱਕ ਕਾਰਾਂ ਦੀ ਗੈਰਿਜ਼ ਦੇ ਮਾਲਕ ਗੋਰੇ ਨੇ ਭਰੇ ਮਨ ਨਾਲ ਕਿਹਾ, ਕੁਝ ਕੁ ਬੁਰੇ ਲੋਕ ਸਾਰੀ ਕੌਮ ਨੂੰ ਬੁਰਾ ਬਣਾ ਦਿੰਦੇ ਹਨ।ਇਹ ਸਭ ਵੇਖ ਕੇ ਮੇਰਾ ਮਨ ਕਾਫੀ ਉਦਾਸ ਹੈ।ਲੋਕਾਂ ਅੰਦਰ ਗਮ, ਗੁੱਸਾ ਤੇ ਘ੍ਰਿਣਾ ਫੈਲਣ ਦਾ ਡਰ ਹੈ।ਪਰ ਫਰਾਂਸ ਦੇਸ਼ ਧਰਮ ਨਿਰਪੱਖਤਾ ਅਤੇ ਬਰਾਬਰਤਾ,ਭਰਾਭਰਤਾ ਤੇ ਹਰ ਇੱਕ ਨੂੰ ਅਜਾਦੀ ਦੀ ਵਚਨਵੱਧਤਾ ਦੇਣ ਲਈ ਮਸ਼ਹੂਰ ਹੈ।ਜਿਸਦਾ ਜਿਕਰ ਇਸ ਦੇ ਵਿਧਾਨ ਵਿੱਚ ਵੀ ਆਉਦਾ ਹੈ।