ਅੰਮ੍ਰਿਤਸਰ :- ਡਾ. ਜਸਬੀਰ ਸਿੰਘ ਸਾਬਰ, ਡਾਇਰੈਕਟਰ, ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਨੇ ਦਸਿਆ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਵਲੋਂ ਸਿਖ ਧਰਮ ਦੀ ਮੁਢਲੀ ਜਾਣਕਾਰੀ ਘਰ ਘਰ ਪਹੁੰਚਾਣ ਸਬੰਧੀ ਸ਼ੁਰੂ ਕੀਤੇ ਗਏ ਪੱਤਰ-ਵਿਹਾਰ ਕੋਰਸ ਜੋ 2007 ਵਿਚ ਸ਼ੁਰੂ ਕੀਤਾ ਸੀ ਉਸ ਨੂੰ ਪੰਜਾਬ, ਭਾਰਤ ਅਤੇ ਬਾਹਰਲੇ ਦੇਸਾਂ ਦੇ ਵਿਦਿਆਰਥੀਆਂ, ਸਕੂਲਾਂ/ਕਾਲਜਾਂ ਦੇ ਵਿਦਿਆਰਥੀ, ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ, ਪ੍ਰੋਫੈਸਰ, ਵਕੀਲ, ਬੈਂਕ ਮੈਨੇਜਰ, ਵਪਾਰੀ ਆਦਿ ਘਰ ਬੈਠੇ 18 ਤੋਂ 95 ਸਾਲ ਦੀ ਉਮਰ ਤਕ ਦੇ ਆਮ ਜਗਿਆਸੂਆਂ ਨੇ ਦਾਖਲਾ ਪ੍ਰਾਪਤ ਕੀਤਾ ਸੀ। ਇਸ ਕੋਰਸ ਦੇ ਪਹਿਲੇ ਸਾਲ ਦੇ ਕੱਢੇ ਗਏ ਨਤੀਜੇ ਵਿਚ ਬਾਬਾ ਆਇਆ ਸਿੰਘ ਰਿਆੜਕੀ ਕਾਲਜ, ਤੁਗਲਵਾਲ, ਗੁਰਦਾਸਪੁਰ ਦੀ ਵਿਦਿਆਰਥਣ ਸੁਖਮੀਤ ਕੌਰ 400 ਵਿਚੋਂ 351 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਆਈ ਹੈ। ਦੂਜਾ ਸਥਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਬੀਬਾ ਜਸਵਿੰਦਰ ਕੌਰ ਨੇ 344 ਅੰਕ ਲੈਕੇ ਅਤੇ ਤੀਜਾ ਸਥਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸ. ਰਣਜੀਤ ਸਿੰਘ ਨੇ 343 ਅੰਕ ਲੈਕੇ ਪ੍ਰਾਪਤ ਕੀਤਾ ਹੈ। ਪੱਤਰ-ਵਿਹਾਰ ਦੀ ਇਸ ਪ੍ਰੀਖਿਆ ਵਿਚ 18 ਤੋਂ 95 ਸਾਲ ਤੱਕ ਦੀ ਉਮਰ ਦੇ ਵਿਦਿਆਰਥੀਆਂ ਨੇ ਪੇਪਰ ਦਿਤੇ ਹਨ ਜਿਨ੍ਹਾਂ ਵਿਚੋਂ 95% ਵਿਦਿਆਰਥੀ 70 ਤੋਂ 80% ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ।
ਡਾ. ਸਾਬਰ ਨੇ ਦਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਨੇ ਇਸ ਕੋਰਸ ਨਾਲ ਜੁੜੇ ਵਿਦਿਆਰਥੀਆਂ ਨੂੰ ਹੋਰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਰੂਪ ਵਿਚ ਸਨਮਾਨਤ ਕਰਨ ਦਾ ਨਿਰਣਾ ਲਿਆ ਹੈ। ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 7100, 5100 ਅਤੇ 3100 ਰੁਪਏ ਨਗਦ ਇਨਾਮ ਅਤੇ ਮੈਰਿਟ ਵਿਚ ਆਉਣ ਵਾਲੇ ਪਹਿਲੇ 20 ਵਿਦਿਆਰਥੀਆਂ ਜਿਨ੍ਹਾਂ ਦੇ ਘੱਟੋ-ਘੱਟ 327 ਅੰਕ ਹਨ ਨੂੰ 1100-1100 ਰੁਪਏ ਦੇ ਕੇ ਸਨਮਾਨਤ ਕੀਤਾ ਜਾਵੇਗਾ। ਸਮੁੱਚੀ ਧਰਮ ਪ੍ਰਚਾਰ ਕਮੇਟੀ ਨੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਕਰਕੇ ਅਤੇ ਬਾਕੀ ਦੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਹੈ ਕਿ ਇਸ ਕੋਰਸ ਨਾਲ ਜੁੜੇ ਵਿਦਿਆਰਥੀ ਸਿੱਖ ਧਰਮ ਦੀ ਸਰਬਪੱਖੀ ਮੁੱਢਲੀ ਜਾਣਕਾਰੀ ਹਾਸਲ ਕਰਕੇ ਸਿੱਖ ਧਰਮ ਦੀ ਵਿਸ਼ੇਸ਼ਤਾ ਤੇ ਵਿਲੱਖਣਤਾ ਨੂੰ ਵਿਸ਼ਵ ਪੱਧਰ ਤੇ ਪ੍ਰਚਾਰਨ ਤੇ ਸੰਚਾਰਨ ਵਿਚ ਸਹਾਇਤਾ ਕਰਨਗੇ ਅਤੇ ਇਸ ਲਹਿਰ ਨਾਲ ਡੇਰਾਵਾਦ, ਪਤਿਤਪੁਣਾ ਅਤੇ ਨਸ਼ਿਆ ਨੂੰ ਰੋਕਣ ਵਿਚ ਭਾਰੀ ਸਫਲਤਾ ਮਿਲੇਗੀ।