ਲੁਧਿਆਣਾ – ਸਿਵਲ ਸਰਜਨ ਡਾ. ਰੇਨੂੰ ਛਤਵਾਲ ਦੀ ਪ੍ਰਧਾਨਗੀ ਵਿੱੱਚ ਅਤੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ, ਮੋਹਾਲੀ ਦੇ ਸਹਿਯੋਗ ਨਾਲ ਅੱਜ ਟ੍ਰੇਨਿਗ ਹਾਲ, ਸਿਵਲ ਸਰਜਨ ਦਫਤਰ ਵਿਖੇ ਤੰਬਾਕੂ ਕੰਟਰੋਲ ਐਕਟ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਅਧਿਆਪਕਾਂ ਤੰਬਾਕੂ ਵਿਕਰੇਤਾਵਾਂ, ਹੋਲਸੇਲਰਾਂ, ਹੋਟਲਾਂ ਦੇ ਮਾਲਕਾਂ ਆਦਿ ਨੂੰ ਤੰਬਾਕੂ ਕੰਟਰੋਲ ਐਕਟ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੋਲਦਿਆਂ ਡਾ. ਰੇਨੂੰ ਛਤਵਾਲ ਨੇ ਕਿਹਾ ਕਿ ਤੰਬਾਕੂ ਕੰਟਰੋਲ ਐਕਟ ਦੀ ਸੱਭ ਤੋਂ ਜਿਆਦਾ ਉਲੰਘਣਾ ਤੰਬਾਕੂ ਦੀਆਂ ਦੁਕਾਨਾਂ, ਹੋਟਲਾਂ ਅਤੇ ਢਾਬਿਆਂ ਤੇ ਹੁੰਦੀ ਹੈ ਜਿਸ ਕਾਰਨ ਦੁਕਾਨਦਾਰਾਂ ਨੂੰ ਅੱਜ ਜਾਗਰੂਕ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ-2003 (ਕੋਟਪਾ) ਦੀ ਧਾਰਾ 5 ਤਹਿਤ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਤੇ ਕਿਸੇ ਵੀ ਤੰਬਾਕੂ ਕੰਪਨੀ ਦਾ ਬੋਰਡ ਨਹੀਂ ਲਗਾ ਸਕਦਾ ਜੋ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇਸ਼ਤਿਹਾਰਬਾਜੀ ਕਰਦਾ ਹੋਵੇ। ਉਹਨਾਂ ਸਾਰੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਸਿਗਰਟ ਕੰਪਨੀਆਂ ਵੱਲੋਂ ਲਗਾਏ ਬੋਰਡ ਤੁਰੰਤ ਉਤਾਰੇ ਜਾਣ ਨਹੀਂ ਤਾਂ ਦੁਕਾਨਦਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਤੰਬਾਕੂ ਕੰਪਨੀ ਦਾ ਇੱਕ ਬੋਰਡ ਹੀ ਦੁਕਾਨਦਾਰ ਨੂੰ 5 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨਾ ਕਰਵਾ ਸਕਦਾ ਹੈ। ਉਧਰ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਉਪਿੰਦਰਪ੍ਰੀਤ ਕੌਰ ਨੇ ਕੋਟਪਾ-2003 ਦੀ ਧਾਰਾ 4, 5, 6 ਅਤੇ 7 ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕੋਈ ਵੀ ਦੁਕਾਨਦਾਰ ਨਿਯਮਾਂ ਤਹਿਤ ਖੁੱਲੀ ਸਿਗਰਟ ਨਹੀਂ ਵੇਚ ਸਕਦਾ। ਇਸ ਮੌਕੇ ਸ਼੍ਰੀ ਵਿਨੇ ਗਾਂਧੀ, ਸਟੇਟ ਪ੍ਰਾਜੈਕਟ ਮੈਨੇਜਰ, ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਨੇ ਕਿਹਾ ਕਿ ਗੁਟਖਾ ਅਤੇ ਈ ਸਿਗਰਟ ਵੇਚਣ ਤੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ। ਇਸ ਮੌਕੇ ਹਰਪ੍ਰੀਤ ਸਿੰਘ, ਡਿਵੀਜਨਲ ਕੁਆਰਡੀਨੇਟਰ ਨੇ ਤੰਬਾਕੂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਦੇਸ਼ ਵਿੱਚ ਰੋਜਾਨਾ 2200 ਵਿਅਕਤੀ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰ ਰਹੇ ਹਨ ਅਤੇ 5500 ਲੋਕ ਰੋਜਾਨਾਂੰ ਤੰਬਾਕੂ ਉਤਪਾਦ ਵਰਤਣ ਦੀ ਸ਼ੁਰੂਆਤ ਕਰਦੇ ਹਨ। ਉਹਨਾਂ ਕਿਹਾ ਨੇ ਕਿਹਾ ਕਿ ਮੂੰਹ ਦੇ 90 ਫੀਸਦੀ ਹੋਣ ਵਾਲੇ ਕੈਂਸਰਾਂ ਦਾ ਕਾਰਨ ਤੰਬਾਕੂ ਹੈ ਅਤੇ ਸਾਰੇ ਤਰਾਂ ਦੇ ਕੈਂਸਰਾਂ ਵਿੱਚ ਤੰਬਾਕੂ ਦਾ ਯੋਗਦਾਨ 40 ਫੀਸਦੀ ਹੈ। ਉਹਨਾਂ ਹਾਜਰ ਅਧਿਆਪਕਾਂ ਨੂੰ ਕਿਹਾ ਕਿ ਕਿਸੇ ਵੀ ਵਿੱਦਿਅਕ ਅਦਾਰੇ ਦੇ 100 ਗਜ ਦੇ ਘੇਰੇ ਅੰਦਰ ਕੋਈ ਤੰਬਾਕੂ ਦੀ ਦੁਕਾਨ ਨਹੀ ਹੋਣੀ ਚਾਹੀਦੀ। ਇਸ ਮੌਕੇ ਡਾ. ਪ੍ਰੇਮਜੀਤ ਸਿੰਘ ਗਿੱਲ ਐਸਐਮਓ ਮਾਛੀਵਾੜਾ, ਡਾ. ਹਰਿੰਦਰਪਾਲ ਸਿੰਘ ਐਸਐਮਓ ਪੱਖੋਵਾਲ, ਡਾ. ਆਰਪੀ ਭਾਟੀਆ ਐਮਐਮਓ ਸੁਧਾਰ, ਡਾ. ਜੇਪੀ ਸਿੰਘ ਐਸਐਮਓ ਹਠੂਰ, ਡਾ. ਲਛਮਣ ਸਿੰਘ ਐਸਐਮਓ ਮਾਨੂਪੁਰ, ਡਾ. ਸੁਸ਼ੀਲ ਜੈਨ ਐਸਐਮਓ ਰਾਏਕੋਟ, ਡਾ. ਅਨਿਲ ਵਰਮਾ ਐਸਐਮਓ ਸਮਰਾਲਾ, ਨਵਨੀਤ ਸਿੰਘ ਜਿਲਾ ਆਰਟਿਸਟ, ਪਰਮਿੰਦਰ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਵਿਜੇ ਜੈਨ ਪ੍ਰਧਾਨ ਸਿਗਰਟ, ਬੀੜੀ ਟ੍ਰੇਡਰਸ ਐਸੋਸੀਏਸ਼ਨ ਆਦਿ ਹਾਜਰ ਸਨ।