ਫ਼ਤਹਿਗੜ੍ਹ ਸਾਹਿਬ -“ਅਵਤਾਰ ਸਿੰਘ ਖੰਡਾ ਨਾਮ ਦਾ ਅੰਮ੍ਰਿਤਧਾਰੀ ਸਿੱਖ ਨੌਜ਼ਵਾਨ ਜੋ ਬੀਤੇ ਲੰਮੇ ਸਮੇਂ ਤੋਂ ਬਰਤਾਨੀਆਂ ਵਿਚ ਆਪਣਾ ਰੁਜ਼ਗਾਰ ਕਰਨ ਦੇ ਨਾਲ-ਨਾਲ ਸਿੱਖ ਧਰਮ ਅਤੇ ਸਿੱਖੀ ਵਿਚ ਪ੍ਰਪੱਕ ਰਹਿਕੇ ਗੁਰਬਾਣੀ ਅਨੁਸਾਰ ਉਥੋਂ ਦੇ ਨੌਜ਼ਵਾਨ ਬੱਚੇ-ਬੱਚੀਆਂ ਨੂੰ ਗੁਰੂ ਨਾਲ ਜੋੜਨ ਦਾ ਉਦਮ ਕਰਦਾ ਆ ਰਿਹਾ ਹੈ । ਉਸਦੀਆਂ ਨਿਰਸਵਾਰਥ ਅਤੇ ਖ਼ਾਲਸਾ ਪੰਥ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਬਦੌਲਤ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਸ ਦੀ ਪੰਥਕ ਕਾਬਲੀਅਤ ਅਤੇ ਸਾਫ਼-ਸੁਥਰੇ ਜੀਵਨ ਦੀ ਬਦੌਲਤ ਬਰਤਾਨੀਆ ਦੇ ਯੂਨਿਟ ਦੀ ਵਾਇਸ ਪ੍ਰਧਾਨਗੀ ਦੀ ਸੇਵਾ ਸੌਂਪੀ ਗਈ ਸੀ । ਜਿਸ ਨੂੰ ਉਹ ਬਾਖੂਬੀ ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਨਿਭਾਉਂਦਾ ਆ ਰਿਹਾ ਹੈ । ਪਰ ਸਾਨੂੰ ਡੂੰਘਾਂ ਦੁੱਖ ਅਤੇ ਅਫਸੋਸ ਹੈ ਕਿ ਸੈਂਟਰ ਅਤੇ ਪੰਜਾਬ ਦੀ ਬਾਦਲ ਹਕੂਮਤ ਨੇ ਉਪਰੋਕਤ ਨੌਜ਼ਵਾਨ ਅਵਤਾਰ ਸਿੰਘ ਖੰਡਾ ਵੱਲੋਂ ਕੀਤੇ ਜਾ ਰਹੇ ਸਿੱਖੀ ਪ੍ਰਚਾਰ ਵਿਚ ਵਿਘਨ ਪਾਉਣ ਹਿੱਤ ਉਸ ਉਤੇ ਬਰਤਾਨੀਆ ਦੇ ਗੁਰੂਘਰਾਂ ਵਿਚ ਸਿੱਖਾਂ ਨੂੰ ਹੱਥਿਆਰ ਚਲਾਉਣ ਦੀ ਟ੍ਰੈਨਿੰਗ ਦੇਣ ਦੇ ਉਸੇ ਤਰ੍ਹਾਂ ਝੂਠੇ ਇਲਜਾਮ ਲਗਾ ਦਿੱਤੇ ਹਨ, ਜਿਵੇਂ ਸਰਬੱਤ ਖ਼ਾਲਸਾ ਵਿਚ ਸਰਬੱਤ ਖ਼ਾਲਸਾ ਵੱਲੋਂ ਤਿੰਨੋਂ ਸਿੱਖ ਤਖ਼ਤਾਂ ਦੇ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਭਾਈ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਿਕੰਦਰ ਸਿੰਘ ਵਰਾਣਾ ਆਦਿ 20 ਦੇ ਲਗਭਗ ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਉਤੇ ਦੇਸ਼-ਧ੍ਰੋਹੀ ਅਤੇ ਬ਼ਗਾਵਤ ਦੇ ਝੂਠੇ ਕੇਸ ਦਰਜ ਕਰਕੇ ਜੇ਼ਲ੍ਹਾਂ ਵਿਚ ਬੰਦੀ ਬਣਾ ਦਿੱਤਾ ਹੈ, ਉਸੇ ਤਰ੍ਹਾਂ ਅਵਤਾਰ ਸਿੰਘ ਖੰਡਾ ਨੂੰ ਵੀ ਬਿਲਕੁਲ ਝੂਠੇ ਕੇਸਾਂ ਵਿਚ ਫਸਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਸੈਟਰ ਦੀ ਮੋਦੀ ਅਤੇ ਪੰਜਾਬ ਦੀ ਬਾਦਲ ਹਕੂਮਤ ਨੂੰ ਖ਼ਬਰਦਾਰ ਕਰਦਾ ਹੈ ਕਿ ਉਹਨਾਂ ਦੇ ਤਾਨਾਸ਼ਾਹੀ ਸਿੱਖ ਕੌਮ ਵਿਰੋਧੀ ਅਮਲਾਂ ਨੂੰ ਸਿੱਖ ਕੌਮ ਕਤਈ ਬਰਦਾਸ਼ਤ ਨਹੀਂ ਕਰੇਗੀ । ਇਸ ਲਈ ਉਹ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਗੁਰਮੁੱਖ ਖਿਆਲਾਂ ਦੇ ਧਾਰਨੀ ਸਿੱਖਾਂ ਅਤੇ ਹੋਰਨਾਂ ਉਤੇ ਮੰਦਭਾਵਨਾ ਅਧੀਨ ਬਣਾਏ ਜਾਣ ਵਾਲੇ ਕੇਸਾਂ ਨੂੰ ਖ਼ਤਮ ਕਰਕੇ ਸਿੱਖ ਕੌਮ ਵਿਚ ਉਠੇ ਰੋਹ ਨੂੰ ਸ਼ਾਂਤ ਕਰਨ ਤਾਂ ਬਿਹਤਰ ਹੋਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਮੋਦੀ ਅਤੇ ਪੰਜਾਬ ਦੀ ਬਾਦਲ ਹਕੂਮਤ ਵੱਲੋਂ ਸ. ਅਵਤਾਰ ਸਿੰਘ ਖੰਡਾ ਵਾਇਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂ.ਕੇ. ਨੂੰ ਬਿਨ੍ਹਾਂ ਕਿਸੇ ਵਜਹ ਦੇ ਪ੍ਰੇਸ਼ਾਨ ਕਰਨ ਅਤੇ ਸਿੱਖਾਂ ਉਤੇ ਸਰਕਾਰੀ ਦਹਿਸਤਗਰਦੀ ਕਰਨ ਦੇ ਮਨਸੂਬਿਆਂ ਦਾ ਜੋਰਦਾਰ ਖੰਡਨ ਕਰਦੇ ਹੋਏ ਅਤੇ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਇਸ ਗੱਲ ਦੀ ਵੀ ਜੋਰਦਾਰ ਨਿਖੇਧੀ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਈਟਡ ਅਕਾਲੀ ਦਲ ਅਤੇ ਅਕਾਲੀ ਦਲ 1920 ਅਤੇ ਸਰਬੱਤ ਖ਼ਾਲਸੇ ਵਿਚ ਸ਼ਾਮਿਲ ਹੋਣ ਵਾਲੇ ਪੰਥ ਦਰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਉਤੇ ਦੇਸ਼ਧ੍ਰੋਹੀ ਅਤੇ ਬ਼ਗਾਵਤ ਦੇ ਝੂਠੇ ਕੇਸ ਦਰਜ ਕਰਕੇ ਅਤੇ ਉਹਨਾਂ ਨੂੰ ਗੈਰ-ਕਾਨੂੰਨੀ ਤਰੀਕੇ ਗ੍ਰਿਫ਼ਤਾਰ ਕਰਕੇ 15-15 ਦਿਨਾਂ ਲਈ ਜੇ਼ਲ੍ਹਾਂ ਵਿਚ ਇਸ ਲਈ ਡੱਕਿਆ ਜਾ ਰਿਹਾ ਹੈ ਤਾਂ ਕਿ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ, ਸਿੱਖਾਂ ਉਤੇ ਪੁਲਿਸ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਜ਼ਬਰ-ਜੁਲਮਾਂ ਵਿਰੁੱਧ ਆਵਾਜ਼ ਨਾ ਉਠਾ ਸਕਣ । ਉਹਨਾਂ ਕਿਹਾ ਹਕੂਮਤਾਂ ਦੀ ਇਹ ਕਾਰਵਾਈ ਹਿੰਦ ਦੇ ਵਿਧਾਨ ਦੀ ਧਾਰਾ 14,19 ਅਤੇ 21 ਦੀ ਘੋਰ ਉਲੰਘਣਾ ਹੈ ਜਿਸ ਅਧੀਨ ਇਥੋਂ ਦੇ ਹਰ ਸ਼ਹਿਰੀ ਨੂੰ ਬਰਾਬਰਤਾ ਦੇ ਅਧਿਕਾਰ, ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਰੋਸ ਰੈਲੀਆਂ ਧਰਨੇ ਦੇਣ ਅਤੇ ਤਕਰੀਰਾਂ ਕਰਨ ਤੇ ਖਿਆਲਾਤ ਪ੍ਰਗਟਾਉਣ ਦੇ ਹੱਕ ਪ੍ਰਾਪਤ ਹਨ । ਉਹਨਾਂ ਕਿਹਾ ਕਿ ਜੇਕਰ ਦੋਵੇਂ ਸੈਂਟਰ ਅਤੇ ਪੰਜਾਬ ਦੀਆਂ ਹਕੂਮਤਾਂ ਨੇ ਸਾਡੇ ਅਹੁਦੇਦਾਰਾਂ ਅਤੇ ਸਿੱਖਾਂ ਉਤੇ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਢੰਗਾਂ ਰਾਹੀ ਕੀਤੇ ਜਾ ਰਹੇ ਜ਼ਬਰ-ਜੁਲਮਾਂ ਨੂੰ ਬੰਦ ਨਾ ਕੀਤਾ ਅਤੇ ਗੈਰ-ਕਾਨੂੰਨੀ ਤਰੀਕੇ ਬੰਦੀ ਬਣਾਏ ਗਏ ਸਿੱਖ ਕੌਮ ਦੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਹੋਰਨਾਂ ਨੂੰ ਰਿਹਾਅ ਨਾ ਕੀਤਾ ਤਾਂ ਸਮੁੱਚੇ ਪੰਥ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ ਆਗੂਆਂ ਅਤੇ ਖ਼ਾਲਸਾ ਪੰਥ ਨੂੰ ਨਾਲ ਲੈਂਦੇ ਹੋਏ ਵੱਡੇ ਪੱਧਰ ਤੇ ਲੋਕ-ਅੰਦੋਲਨ ਸੁਰੂ ਕੀਤਾ ਜਾਵੇਗਾ ਅਤੇ ਇਹ ਹਕੂਮਤਾਂ ਸਿੱਖ ਕੌਮ ਅਤੇ ਸਿੱਖ ਆਗੂਆਂ ਦੇ ਵਿਧਾਨਕ ਹੱਕਾਂ ਨੂੰ ਕੁੱਚਲਣ ਦੀ ਇਜ਼ਾਜਤ ਬਿਲਕੁਲ ਨਹੀਂ ਦਿੱਤੀ ਜਾਵੇਗੀ । ਸ. ਅਵਤਾਰ ਸਿੰਘ ਖੰਡਾ ਸੰਬੰਧੀ ਉਹਨਾਂ ਕਿਹਾ ਕਿ ਜੋ ਇਹ ਪ੍ਰਚਾਰ ਕਰ ਰਹੇ ਹਨ ਕਿ ਉਹ ਬਰਤਾਨੀਆ ਦੇ ਗੁਰੂ ਘਰਾਂ ਵਿਚ ਸਿੱਖਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਿਹਾ ਹੈ, ਕੀ ਭਾਰਤ ਦੀਆਂ ਖੂਫੀਆਂ ਏਜੰਸੀਆਂ ਆਈ.ਬੀ, ਰਾਅ ਦੀ ਤਰ੍ਹਾਂ ਬਰਤਾਨੀਆ ਦੀਆਂ ਖੁਫੀਆ ਏਜੰਸੀਆਂ ਨੂੰ ਸ. ਅਵਤਾਰ ਸਿੰਘ ਖੰਡਾ ਦੇ ਕਾਰਵਾਈਆਂ ਦੀ ਜਾਣਕਾਰੀ ਨਹੀਂ ? ਉਹਨਾਂ ਕਿਹਾ ਇਥੋਂ ਦਾ ਤੰਤਰ ਤਾਂ ਫੇਲ੍ਹ ਹੋ ਚੁੱਕਾ ਹੈ ਲੇਕਿਨ ਬਰਤਾਨੀਆ ਦਾ ਨਿਜਾਮ ਅਤੇ ਤੰਤਰ ਭਾਰਤ ਤੋਂ ਬਹੁਤ ਅੱਗੇ ਹੈ । ਜੇਕਰ ਸ੍ਰੀ ਖੰਡਾ ਕੋਈ ਗੈਰ-ਕਾਨੂੰਨੀ ਕਾਰਵਾਈ ਕਰਦੇ ਹੁੰਦੇ ਤਾਂ ਬਰਤਾਨੀਆ ਹਕੂਮਤ ਨੇ ਹੁਣ ਤੱਕ ਕਦੋਂ ਦੀ ਕਾਰਵਾਈ ਕਰ ਦੇਣੀ ਸੀ । ਇਸ ਲਈ ਭਾਰਤੀ ਅਤੇ ਪੰਜਾਬ ਹਕੂਮਤ ਦਾ ਸਿੱਖਾਂ ਵਿਰੁੱਧ ਪ੍ਰਚਾਰ ਬਿਲਕੁਲ ਗੁੰਮਰਾਹਕੁੰਨ ਹੈ ਅਤੇ ਸਿੱਖ ਕੌਮ ਅਜਿਹੇ ਤਸ਼ੱਦਦ ਜੁਲਮ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ।