ਪਟਨਾ – ਜਦਯੂ ਮੁੱਖੀ ਨਤੀਸ਼ ਕੁਮਾਰ ਨੇ ਇੱਕ ਸਮਾਗਮ ਦੌਰਾਨ ਪੰਜਵੀਂ ਵਾਰ ਬਿਹਾਰ ਦੇ ਮੁੱਖਮੰਤਰੀ ਦੇ ਤੌਰ ਤੇ ਸਹੁੰ ਚੁੱਕੀ। ਇਸ ਦੇ ਨਾਲ ਹੀ ਮੰਤਰੀਮੰਡਲ ਦੇ ਵਿਭਾਗਾਂ ਦਾ ਵੀ ਐਲਾਨ ਕਰ ਦਿੱਤਾ ਗਿਆ। ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਦੇ ਛੋਟੇ ਪੁੱਤਰ ਤੇਜਸਵੀ ਯਾਦਵ ਨੂੰ ਡਿਪਟੀ ਸੀਐਮ ਅਤੇ ਵੱਡੇ ਪੁੱਤਰ ਤੇਜ ਪ੍ਰਤਾਪ ਨੂੰ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ। ਆਰਜੇਡੀ ਦੇ ਸੀਨੀਅਰ ਨੇਤਾ ਅਬਦੁਲ ਸਦੀਕੀ ਬਿਹਾਰ ਦੇ ਨਵੇਂ ਵਿੱਤਮੰਤਰੀ ਬਣੇ।
ਮੁੱਖਮੰਤਰੀ ਨਤੀਸ਼ ਕੁਮਾਰ ਨੇ ਗ੍ਰਹਿ ਵਿਭਾਗ ਆਪਣੇ ਕੋਲ ਰੱਖਿਆ ਹੈ। ਜੇਡੀਯੂ ਨੇਤਾ ਵਜੇਂਦਰ ਯਾਦਵ ਨੂੰ ਊਰਜਾ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ।ਕਾਂਗਰਸ ਦੇ ਅਸ਼ੋਕ ਚੌਧਰੀ ਬਿਹਾਰ ਦੇ ਨਵੇਂ ਸਿੱਖਿਆ ਅਤੇ ਆਈਟੀ ਮੰਤਰੀ ਬਣਾਏ ਗਏ। ਪਟਨਾ ਦੇ ਇਤਿਹਾਸਿਕ ਗਾਂਧੀ ਮੈਦਾਨ ਵਿੱਚ ਇੱਕ ਬਹੁਤ ਵੱਡੇ ਸਮਾਗਮ ਦੌਰਾਨ ਨਤੀਸ਼ ਕੁਮਾਰ ਨੇ ਆਪਣੀ ਕੈਬਨਿਟ ਦੇ ਮੰਤਰੀਆਂ ਸਮੇਤ ਸਹੁੰ ਚੁੱਕੀ। ਲਾਲੂ ਪ੍ਰਸਾਦ ਦੇ ਦੋਵਾਂ ਪੁੱਤਰਾਂ ਨੂੰ ਤਿੰਨ-ਤਿੰਨ ਵਿਭਾਗ ਦਿੱਤੇ ਗਏ ਹਨ।
ਇਸ ਸਮਾਗਮ ਵਿੱਚ ਲਾਲੂ ਪ੍ਰਸਾਦ ਆਪਣੀ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਸਮੇਤ ਪਹੁੰਚੇ। ਕਾਂਗਰਸ ਦੇ ਉਪਪ੍ਰਧਾਨ ਰਾਹੁਲ ਗਾਂਧੀ,ਐਚਡੀ ਦੇਵਗੌੜਾ,ਐਨਸੀਪੀ ਚੀਫ਼ ਸ਼ਰਦ ਪਵਾਰ, ਨੈਸ਼ਨਲ ਕਾਨਫਰੰਸ ਚੀਫ਼ ਫਾਰੂਖ ਅਬਦੁਲਾ ਅਤੇ ਲੋਕ ਸਭਾ ਵਿੱਚ ਕਾਂਗਰਸ ਨੇਤਾ ਖੜਗੇ ਅਤੇ ਗੁਲਾਮ ਨਬੀ ਆਜ਼ਾਦ ਵੀ ਮੌਜੂਦ ਸਨ। ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ, ਜਮੂੰ-ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਉਮਰ ਅਬਦੁਲਾ ਅਤੇ ਹਿਮਾਚਲ ਦੇ ਮੁੱਖਮੰਤਰੀ ਵੀਰ-ਭੱਦਰ ਸਿੰਹੁ ਵੀ ਉਥੇ ਮੌਜੂਦ ਸਨ।