ਦੇਹਰਾਦੂਨ- ਉੱਤਰਾਖੰਡ ਪੁਲਿਸ ਦੇ ਹੱਥੀਂ ਮਾਰੇ ਗਏ ਉੱਤਰ ਪ੍ਰਦੇਸ਼ ਦੇ ਨੌਜਵਾਨ ਦੇ ਮਾਪਿਆਂ ਨੇ ਪੁਲਿਸ ‘ਤੇ ਮੈਡਲ ਲਈ ਉਨ੍ਹਾਂ ਦੇ ਬੇਟੇ ਨੂੰ ਮਾਰਨ ਦਾ ਇਲਜ਼ਾਮ ਲਾਇਆ ਹੈ। ਸ਼ੁਕਰਵਾਰ ਨੂੰ ਰਾਸ਼ਟਤਪਤੀ ਪ੍ਰਤਿਭਾ ਪਾਟਿਲ ਦੀ ਯਾਤਰਾ ਦੇ ਮੌਕੇ ਇਥੇ ਹੋ ਰਹੀ ਚੈਕਿੰਗ ਦੌਰਾਨ ਭੱਜ ਨਿਕਲੇ ਤਿੰਨ ਨੌਜਵਾਨਾਂ ਚੋਂ ਗਾਜੀਆਬਾਦ ਦਾ ਐਮਬੀਏ ਪਾਸ ਨੌਜਵਾਨ ਰਣਬੀਰ ਸਿੰਘ (22 ਸਾਲ) ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਸੀ। ਘਟਨਾ ਦੀ ਮੈਜੀਸਟ੍ਰੀਅਲ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਬੇਟੇ ਦੀ ਮੌਤ ਦੀ ਸੂਚਨਾ ‘ਤੇ ਸ਼ਨਿੱਚਰਵਾਰ ਨੂੰ ਦੇਹਰਾਦੂਨ ਪਹੁੰਚੇ ਰਣਬੀਰ ਦੇ ਮਾਪਿਆਂ ਨੇ ਦੂਨ ਹਸਪਤਾਲ ਵਿਚ ਹੰਗਾਮਾ ਮਚਾ ਦਿੱਤਾ। ਰਣਬੀਰ ਸਿੰਘ ਦੇ ਪਿਤਾ ਅਤੇ ਸਾਬਕਾ ਫੌਜੀ ਰਵਿੰਦਰ ਸਿੰਘ ਨੇ ਕਿਹਾ, “ਮੇਰਾ ਬੇਟਾ ਨਿਰਦੋਸ਼ ਸੀ ਅਤੇ ਉਸਦੀ ਕੋਈ ਵੀ ਅਪਰਾਧਕ ਪਿੱਠਭੂਮੀ ਨਹੀਂ ਹੈ। ਪੁਲਿਸ ਨੇ ਉਸਨੂੰ ਸਿਰਫ਼ ਮੈਡਲ ਹਾਸਲ ਕਰਨ ਲਈ ਮਾਰਿਆ ਹੈ।”
ਗਾਜੀਆਬਾਦ ਵਿਚ ਇੰਦਰਾਪੁਰਮ ਦੇ ਰਹਿਣ ਵਾਲੇ ਰਣਬੀਰ ਸਿੰਘ ਨੇ ਹਾਲ ਹੀ ਵਿਚ ਮੇਰਠ ਯੂਨੀਵਰਸਿਟੀ ਤੋਂ ਐਮਬੀਏ ਪੂਰਾ ਕੀਤਾ ਸੀ ਅਤੇ ਕੈਂਪਸ ਸਲੈਕਸ਼ਨ ਵਿਚ ਕੋਟਕ ਮਹਿੰਦਰਾ ਵਿਚ ਨੌਕਰੀ ਵੀ ਮਿਲ ਗਈ ਸੀ। ਰਣਬੀਰ ਸਿੰਘ ਦੇ ਪ੍ਰਵਾਰ ਵਾਲਿਆਂ ਮੁਤਾਬਕ, ਉਸਨੇ ਪੰਜ ਜੁਲਾਈ ਨੂੰ ਨੌਕਰੀ ਜੁਆਇਨ ਕਰਨੀ ਸੀ। ਉੱਤਰਾਖੰਡ ਦੇ ਆਈ ਜੀ ਐਨਏ ਗਣਪਤੀ ਨੇ ਕਿਹਾ ਕਿ ਦਾਲਾਨਵਾਲਾ ਦੇ ਸਬ ਇੰਸਪੈਕਟਰ ਜੀਡੀ ਭੱਟ ਨੇ ਤਿੰਨ ਲੜਕਿਆਂ ਨੂੰ ਰੋਕਕੇ ਉਨ੍ਹਾਂ ਦੇ ਬੈਗ਼ ਦੀ ਤਲਾਸ਼ੀ ਲਈ ਤਾਂ ਉਸ ਵਿਚ ਇਕ ਹਥਿਆਰ ਮਿਲਿਆ, ਪਰ ਇਹ ਲੜਕੇ ਭੱਟ ਦਾ ਰਿਵਾਲਵਰ ਖੋਹ ਕੇ ਭੱਜਣ ਲਗੇ। ਭੱਟ ਦੀ ਸੂਚਨਾ ‘ਤੇ ਲੜਕਿਆਂ ਨੂੰ ਇਕ ਹੋਰ ਥਾਂ ‘ਤੇ ਰੋਕਿਆ ਗਿਆ, ਜਿਥੇ ਮੁਕਾਬਲੇ ਦੌਰਾਨ ਰਣਬੀਰ ਦੀ ਮੌਤ ਹੋ ਗਈ। ਹੋਰ ਦੋ ਲੜਕੇ ਭੱਜਣ ਵਿਚ ਕਾਮਯਾਬ ਹੋ ਗਏ। ਪੁਲਿਸ ਦਾ ਦਾਅਵਾ ਹੈ ਕਿ ਜਿਸ ਮੋਟਰ ਸਾਈਲ ‘ਤੇ ਰਣਬੀਰ ਸਵਾਰ ਸੀ ਉਹ ਹਰਿਆਣੇ ਤੋਂ ਚੋਰੀ ਕੀਤੀ ਗਈ ਸੀ।
ਰਣਬੀਰ ਦੀ ਮਾਤਾ ਦਾ ਕਹਿਣਾ ਹੈ ਕਿ ਉਸਦਾ ਪਿਤਾ ਹੀ ਖੁਦ ਆਰਮੀ ਵਿਚ ਸੀ, ਉਸਨੂੰ ਪਤਾ ਚਲ ਜਾਂਦਾ ਕਿ ਉਹ ਕਿਸੇ ਗਲਤ ਕੰਮ ਵਿਚ ਹੈ ਤਾਂ ਉਹ ਹੀ ਉਸਨੂੰ ਜਾਨੋਂ ਮਾਰ ਦਿੰਦਾ। ਮੇਰੇ ਬੱਚੇ ਦੇ ਬਾਰੇ ਕਿਸੇ ਤੋਂ ਵੀ ਪਤਾ ਕਰਾ ਲਵੋ, ਕਿਸੇ ਥਾਣੇ ਚੌਂਕੀ ਵਿਚ ਉਸਦੇ ਖਿਲਾਫ਼ ਕਿਤੇ ਕੁਝ ਦਰਜ ਨਹੀਂ ਹੈ। ਦੇਹਰਾਦੂਨ ਵਿਚ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਬੀਰ ਸਿੰਘ ਦੇ ਘਰੋਂ ਸ਼ਨਿੱਚਰਵਾਰ ਨੂੰ ਆ ਰਹੀਆਂ ਰੋਣ ਦੀਆਂ ਇਹ ਆਵਾਜ਼ਾਂ ਜਿਸਨੇ ਵੀ ਸੁਣੀਆਂ ਉਸਦਾ ਦਿਲ ਦਹਿਲ ਗਿਆ। ਸ਼ਨਿੱਚਰਵਾਰ ਨੂੰ ਨੀਤੀ ਖੰਡ ਤਿੰਨ ਦੇ ਮਕਾਨ ਨੰਬਰ 532 ਦੇ ਨਜ਼ਦੀਕ ਅਜਿਹੀ ਭੀੜ ਸੀ ਕਿ ਸੜਕ ‘ਤੇ ਚਲਦੇ ਲੋਕੀਂ ਵੀ ਰੁਕ ਜਾਂਦੇ ਸਨ। ਅਖ਼ਬਾਰ ਅਤੇ ਟੀਵੀ ਵਿਚ ਖ਼ਬਰਾ ਆਉਣ ਤੋਂ ਬਾਅਦ ਹਰ ਕੋਈ ਇਹੀ ਸੋਚੀ ਜਾ ਰਿਹਾ ਸੀ ਕਿ ਐਮਬੀਏ ਪਾਸ ਨੌਜਵਾਨ ਰਣਬੀਰ ਸਿੰਘ ਤੋਂ ਅਜਿਹੀ ਕਿਹੜੀ ਗਲਤੀ ਹੋ ਗਈ ਕਿ ਪੁਲਿਸ ਨੇ ਉਸਨੂੰ ਐਨਕਾਊਂਟਰ ਵਿਚ ਮਾਰ ਦਿੱਤਾ। ਪਰ ਰਣਬੀਰ ਦੇ ਘਰ ਪਹੁੰਚਣ ‘ਤੇ ਰੋਣ ਦੀਆਂ ਆਵਾਜ਼ਾਂ ਵਿਚਕਾਰ ਕੋਈ ਜਾਣਕਾਰੀ ਮਿਲਣੀ ਸੌਖੀ ਨਹੀਂ ਸੀ। ਰਣਬੀਰ ਦੇ ਪਿਤਾ ਦੇਹਰਾਦੂਨ ਜਾਣ ਕਰਕੇ ਘਰ ਵਿਚ ਮੌਜੂਦ ਉਸਦੇ ਚਾਚੇ ਨੇ ਕਿਹਾ ਕਿ ਸਾਨੂੰ ਹੁਣ ਨਿਆਂ ਚਾਹੀਦਾ ਹੈ। ਇਸ ਮਾਮਲੇ ਵਿਚ ਦੋਸ਼ੀ ਪੁਲਿਸ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇ ਅਤੇ ਉਨ੍ਹਾਂ ਨੂੰ ਸਜ਼ਾ ਮਿਲੇ।
ਰਣਬੀਰ ਸਿੰਘ ਦੇ ਨਰਿੰਦਰ ਸਿੰਘ ਨੇ ਦਸਿਆ ਕਿ ਮੂਲ ਰੂਪ ਵਿਚ ਉਹ ਖੇਕੜਾ ਦੇ ਪਿੰਡ ਨਿਰੋਜਪੁਰ ਏਮਾ ਦੇ ਰਹਿਣ ਵਾਲੇ ਹਨ। ਛੇ ਭਰਾ ਅਤੇ ਤਿੰਨ ਭੈਣਾਂ ਤੋਂ ਸਭ ਤੋਂ ਸਭ ਤੋਂ ਵੱਡੇ ਰਵਿੰਦਰਪਾਲ ਸੰਿਘ ਹਨ। ਸੱਤ ਸਾਲ ਪਹਿਲਾਂ ਰਿਟਾਇਰ ਹੋਣ ਤੋਂ ਬਾਅਦ ਉਹ ਨੀਤੀ ਖੰਡ ਵਿਚ ਮਦਰ ਡੇਅਰੀ ਵਿਚ ਬੂਥ ਚਲਾ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ੁਕਰਵਾਰ ਨੂੰ ਦੇਰ ਸ਼ਾਮ ਸਾਹਿਬਾਬਾਦ ਪੁਲਿਸ ਦੇ ਨਾਲ ਆਈ ਦੇਹਰਾਦੂਨ ਪੁਲਿਸ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਛੋਟੇ ਬੇਟੇ ਰਣਬੀਰ ਸਿੰਘ ਦਾ ਡਰਾਈਵਿੰਗ ਲਾਇਸੰਸ ਦੇਹਰਾਦੂਨ ਦੇ ਰਾਏਪੁਰ ਥਾਣੇ ਦੇ ਨਜ਼ਦੀਕ ਮਾਰੇ ਗਏ ਬਦਮਾਸ਼ ਦੀ ਜੇਬ ਚੋਂ ਮਿਲਿਆ ਹੈ। ਉਨ੍ਹਾਂ ਦੀਆਂ ਗੱਲਾਂ ਤੋਂ ਅਜਿਹਾ ਲੱਗ ਰਿਹਾ ਸੀ ਕਿ ਉਹ ਕਹਿਣਾ ਚਾਹ ਰਹੇ ਸਨ ਕਿ ਕਿਤੇ ਉਹ ਤੁਹਾਡਾ ਲੜਕਾ ਤਾਂ ਨਹੀਂ, ਪਰ ਭਾਂਈ ਸਾਹਿਬ ਨੂੰ ਵਿਸ਼ਵਾਸ ਨਾ ਹੋਇਆ। ਇਸਤੋਂ ਬਾਅਦ ਤਿੰਨ ਹੋਰ ਭਰਾਵਾਂ ਦੇ ਨਾਲ ਦੇਹਰਾਦੂਨ ਗਏ ਸਨ, ਜਿਥੇ ਦੇਰ ਰਾਤ ਵਿਚ ਇਸਦੀ ਪੁਸ਼ਟੀ ਹੋਈ ਕਿ ਐਨਕਾਊਂਟਰ ਵਿਚ ਮਾਰਿਆ ਗਿਆ ਨੌਜਵਾਨ ਰਣਬੀਰ ਸਿੰਘ ਹੀ ਹੈ। ਉਨ੍ਹਾਂ ਨੂੰ ਅਫ਼ਸੋਸ ਹੈ ਕਿ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਵੀ ਪੁਲਿਸ ਭਾਈ ਸਾਹਿਬ ਦੇ ਨਾਲ ਭੈੜਾ ਵਰਤਾਅ ਕਰਦੀ ਰਹੀ ਹੈ।
ਰਣਬੀਰ ਸਿੰਘ ਨੂੰ ਮੈਡਲ ਲਈ ਪੁਲਿਸ ਨੇ ਮਾਰਿਐ
This entry was posted in ਭਾਰਤ.