ਫ਼ਤਹਿਗੜ੍ਹ ਸਾਹਿਬ – ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਦਿੱਤੇ ਪੰਜਾਬ ਬੰਦ ਦੇ ਹੁਕਮ ਨੂੰ ਪੰਥਕ ਧਿਰਾਂ ਨੇ ਬੜੀ ਸੁਹਿਰਦਤਾਂ ਨਾਲ ਲੈਦਿਆਂ ਵੱਖ-ਵੱਖ ਜਿ਼ਲ੍ਹਿਆਂ ਦੀਆਂ ਸੜਕਾਂ ਉਤੇ ਨਾਕਾਬੰਦੀ ਕਰਨ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਸਨ । ਅੱਜ ਸਵੇਰੇ 3 ਵਜੇ ਦੇ ਕਰੀਬ ਭਾਰੀ ਪੁਲਿਸ ਫੋਰਸ ਨੇ ਡੀ.ਐਸ.ਪੀ. ਹਰਦਵਿੰਦਰ ਸਿੰਘ ਸੰਧੂ ਅਤੇ ਪਰਮਜੀਤ ਸਿੰਘ ਗੋਸਲ, ਇੰਸਪੈਕਟਰ ਅਜੇਪਾਲ ਸਿੰਘ ਦੀ ਅਗਵਾਈ ਹੇਠ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਰਿਹਾਇਸ਼ ਕਿਲ੍ਹਾ ਸ. ਹਰਨਾਮ ਸਿੰਘ ਨੂੰ ਪੁਲਿਸ ਨੇ ਚਾਰੋ ਤਰਫ਼ ਘੇਰ ਲਿਆ । ਸ. ਮਾਨ ਨੂੰ ਇਸ ਮਹੀਨੇ ਵਿਚ ਪੰਜਾਬ ਪੁਲਿਸ ਚਾਰ ਵਾਰ ਹਾਊਂਸ ਅਰੈਸਟ ਕਰ ਚੁੱਕੀ ਹੈ । ਸ. ਮਾਨ ਦੇ ਨਿੱਜੀ ਸਹਾਇਕ ਗੁਰਜੰਟ ਸਿੰਘ ਕੱਟੂ ਜਦੋਂ ਡੀ.ਐਸ.ਪੀ. ਸ. ਹਰਦਵਿੰਦਰ ਸਿੰਘ ਨੂੰ ਮਿਲੇ ਕਿ ਇਸ ਤਰ੍ਹਾਂ ਤੁਸੀਂ ਪੁਲਿਸ ਵੱਲੋਂ ਸਾਨੂੰ ਚਾਰੋ ਤਰਫ਼ ਕਿਉਂ ਘੇਰ ਲਿਆ ਹੈ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਅਜਿਹਾ ਕੀਤਾ ਗਿਆ ਹੈ । ਕਿਉਂਕਿ ਸ. ਮਾਨ ਵੱਲੋਂ ਪੰਜਾਬ ਨੂੰ ਬੰਦ ਰੱਖਣ ਲਈ ਹਦਾਇਤਾਂ ਕੀਤੀਆਂ ਹੋਈਆਂ ਹਨ । ਅਸੀਂ ਚਾਹੁੰਦੇ ਹਾਂ ਕਿ ਅੱਜ ਸ. ਮਾਨ ਘਰ ਤੋਂ ਬਾਹਰ ਨਾ ਜਾਣ ਬੇਸ਼ੱਕ ਉਹਨਾ ਦੇ ਕਿੰਨੇ ਵੀ ਜ਼ਰੂਰੀ ਰੁਝੇਵੇ ਕਿਉਂ ਨਾ ਹੋਣ । ਅੱਜ ਸ. ਮਾਨ ਮਜ਼ਬੂਰੀ ਵੱਸ ਆਪਣੇ ਪੰਥਕ ਰੁਝੇਵਿਆਂ ਅਤੇ ਹੋਰ ਸਮਾਜਿਕ ਸਮਾਗਮਾਂ ਵਿਚ ਹਿੱਸਾ ਨਹੀਂ ਲੈ ਸਕੇ ।
ਪੰਜਾਬ ਦੇ ਵੱਖ-ਵੱਖ ਜਿ਼ਲ੍ਹਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰ ਪੱਧਰ ਦੇ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਜਿਸ ਦੌਰਾਨ ਲੁਧਿਆਣੇ ਤੋਂ ਸ. ਜਸਵੰਤ ਸਿੰਘ ਚੀਮਾਂ, ਰਣਜੀਤ ਸਿੰਘ ਸੰਤੋਖਗੜ੍ਹ ਰੋਪੜ੍ਹ, ਕਰਮਜੀਤ ਸਿੰਘ ਸਿੱਖਾਂਵਾਲਾ ਫ਼ਰੀਦਕੋਟ, ਪਰਮਿੰਦਰਪਾਲ ਸਿੰਘ ਬਾਲਿਆਵਾਲੀ ਬਠਿੰਡਾ, ਗੁਰਬਚਨ ਸਿੰਘ ਪਵਾਰ ਗੁਰਦਾਸਪੁਰ ਆਦਿ ਬਹੁਤ ਸਾਰੇ ਆਗੂਆਂ ਨੂੰ ਫੜ ਲਿਆ ਗਿਆ । ਇਸੇ ਤਰ੍ਹਾਂ ਬਾਕੀ ਬਚੇ ਕਈ ਆਗੂਆਂ ਨੇ ਸੜਕਾਂ ਨੂੰ ਆਪੋ-ਆਪਣੇ ਤਰੀਕੇ ਨਾਲ ਰੋਕਣ ਦੀ ਕੋਸਿ਼ਸ਼ ਕੀਤੀ। ਪਰ ਪੁਲਿਸ ਨੇ ਬੜੇ ਸਖ਼ਤ ਰਵੱਈਏ ਨਾਲ ਧਰਨੇ ਉਤੇ ਬੈਠੇ ਆਗੂਆਂ ਨੂੰ ਵੱਖ-ਵੱਖ ਥਾਣਿਆਂ ਵਿਚ ਬੰਦ ਕਰ ਦਿੱਤਾ । ਬਰਨਾਲਾ ਤੋ ਰਣਜੀਤ ਸਿੰਘ ਸੰਘੇੜਾ, ਗੁਰਦੀਪ ਸਿੰਘ ਖੁਣਖੁਣ ਹੁਸਿਆਰਪੁਰ, ਫ਼ਤਹਿਗੜ੍ਹ ਸਾਹਿਬ ਤੋ ਸਿੰਗਾਰਾ ਸਿੰਘ ਬਡਲਾ, ਕੁਲਦੀਪ ਸਿੰਘ ਪਹਿਲਵਾਨ, ਧਰਮ ਸਿੰਘ ਕਲੌੜ, ਹਰਮਲ ਸਿੰਘ ਲਟੌਰ, ਮਹਿਲ ਕਲ੍ਹਾਂ ਤੋ ਸੁਖਵਿੰਦਰ ਸਿੰਘ ਪੱਪੂ, ਮਹਿੰਦਰ ਸਿੰਘ ਸਹਿਜੜਾ, ਗੁਲਵੰਤ ਸਿੰਘ ਸਹਿਜੜਾ, ਸਾਹਿਬਾਜ ਸਿੰਘ ਡਸਕਾ, ਅਮਰਜੀਤ ਸਿੰਘ, ਰਣਧੀਰ ਸਿੰਘ ਬਾਲੀਆ, ਗੁਰਕ੍ਰਿਪਾਲ ਸਿੰਘ, ਬਚਿੱਤਰ ਸਿੰਘ (ਯੂਨਾਈਟਡ ਅਕਾਲੀ ਦਲ), ਗੁਰਚਰਨ ਸਿੰਘ ਕੋਟਲੀ ਬਠਿੰਡਾ, ਉਜਲ ਸਿੰਘ ਮੰਡੀਕਲਾ, ਬਲਰਾਜ ਸਿੰਘ ਮੰਡੀਕਲਾ ਆਦਿ ਆਗੂਆਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਆਪਣੇ ਨਾਲ ਲੱਗਦੀਆਂ ਮੇਨ ਸੜਕਾਂ ਤੇ ਧਰਨਾ ਲਗਾਕੇ ਬਹਿ ਗਏ ਸਨ । ਇਹਨਾਂ ਸਿੰਘਾਂ ਨੇ ਸੜਕਾਂ ਨੂੰ ਰੋਕ ਕੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੇ ਇਤਿਹਾਸ ਨੂੰ ਮੁੜ ਦੁਹਰਾ ਦਿੱਤਾ ਹੈ । ਇਸੇ ਤਰ੍ਹਾਂ ਹੋਰ ਜਿ਼ਲ੍ਹਿਆਂ ਤੋਂ ਵੀ ਪਾਰਟੀ ਦੇ ਆਗੂਆ ਬਾਰੇ ਜਾਣਕਾਰੀ ਆਉਣੀ ਬਾਕੀ ਹੈ ।