ਲੁਧਿਆਣਾ, (ਕਾਨੂੰਨੀ ਪ੍ਰਤੀਨਿਧੀ)- ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਵੀਡਿਓ-ਕਾਨਫਰੰਸ ਰਾਹੀਂ ਲੁਧਿਆਣਾ ਵਿਚ ਵਿਚਾਰ-ਅਧੀਨ ਤਿੰਨ ਕੇਸਾਂ ਦੀ ਪੇਸ਼ੀ ਭੁਗਤੀ।ਇਹਨਾਂ ਕੇਸਾਂ ਵਿਚ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਪੇਸ਼ ਹੋਏ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਹ ਤਿੰਨੋਂ ਕੇਸ 1995 ਦੇ ਹਨ ਅਤੇ ਥਾਣਾ ਕੋਤਵਾਲੀ ਲੁਧਿਆਣਾ (ਨਵਾਂ ਨਾਮ ਡਵੀਜ਼ਨ ਨੰਬਰ 1 ਲੁਧਿਆਣਾ) ਵਿਚ ਦਰਜ਼ ਹੋਏ ਸਨ। ਜਿਹਨਾਂ ਵਿਚ ਮੁਕੱਦਮਾ ਨੰਬਰ 133 ਦੀ ਪੇਸ਼ੀ ਇਲਾਕਾ ਮੈਜਿਸਟ੍ਰੇਟ ਹਰਪ੍ਰੀਤ ਕੌਰ ਨਫਰਾ ਦੀ ਅਦਾਲਤ ਵਿਚ ਹੋਈ ਜੋ ਕਿ 307, 427 ਆਈ.ਪੀ.ਸੀ ਅਤੇ 3/4/5 ਐਕਸਪਲੋਸਿਵ ਐਕਟ ਦਾ ਹੋਣ ਕਾਰਨ 7 ਦਿਸੰਬਰ 2015 ਵਾਸਤੇ ਜਿਲ੍ਹਾਂ ਸੈਸ਼ਨਜ਼ ਅਦਾਲਤ ਨੂੰ ਭੇਜ ਦਿੱਤਾ ਗਿਆ ਹੈ।ਮੁਕੱਦਮਾ ਨੰਬਰ 134 ਦੀ ਪੇਸ਼ੀ ਐਡੀਸ਼ਨਲ ਸੈਸ਼ਨਜ਼ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਵਿਚ ਹੋਈ ਜੋ ਕਿ ਅਸਲਾ ਅਤੇ ਬਾਰੂਦ ਦੀ ਬਰਾਮਦਗੀ ਦਾ ਕੇਸ ਹੈ ਅਤੇ ਅਦਾਲਤ ਨੇ 3 ਦਿਸੰਬਰ 2015 ਦੀ ਤਰੀਕ ਕੇਸ ਦਾ ਚਾਰਜ਼ ਤਹਿ ਕਰਨ ਲਈ ਨਿਯਤ ਕੀਤੀ ਅਤੇ ਮੁਕੱਦਮਾ ਨੰਬਰ 139 ਜੋ ਕਿ ਅਸਲਾ ਬਰਾਮਦਗੀ ਦਾ ਹੈ ਅਤੇ ਇਲਾਕਾ ਮੈਜਿਸਟ੍ਰੇਟ ਹਰਪ੍ਰੀਤ ਕੌਰ ਨਫਰਾ ਦੀ ਅਦਾਲਤ ਵਿਚ ਇਸ ਕੇਸ ਵਿਚ ਚਾਰਜ਼ ਲੱਗਾ ਅਤੇ ਅਗਲੀ ਤਾਰੀਖ-ਪੇਸ਼ੀ ਗਵਾਹੀਆਂ ਵਾਸਤੇ 07 ਦਸੰਬਰ 2015 ਨਿਯਤ ਕੀਤੀ ਗਈ।
ਇਸ ਮੌਕੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਹਮੇਸ਼ਾ ਦੀ ਤਰ੍ਹਾਂ ਚੜ੍ਹਦੀ ਕਲਾ ਵਿਚ ਹਨ ਅਤੇ ਉਹਨਾਂ ਨੇ ਸਭ ਨੂੰ ਜਗਤ ਗੁਰੂ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਪਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ ਅਤੇ ਆਸ ਕੀਤੀ ਹੈ ਕਿ ਅਸੀਂ ਦੁਨੀਆਂ ਦੇ ਹਰ ਕੋਨੇ ਤੱਕ ਗੁਰੂ ਨਾਨਕ ਪਾਤਸ਼ਾਹ ਦਾ ਸਰਬੱਤ ਦੇ ਭਲੇ ਦਾ ਸੰਦੇਸ਼ ਪਹੁੰਚਾ ਸਕੀਏ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਸਿਰ ਖਾਲਸਾ ਪੰਥ ਅੱਗੇ ਝੁਕਦਾ ਹੈ ਜਿਸਨੇ ਉਹਨਾਂ ਨੂੰ ਐਨੇ ਮਾਣ-ਸਤਿਕਾਰ ਨਾਲ ਨਿਵਾਜ਼ਿਆ ਹੈ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਕੋਲ ਸੰਗਤਾਂ ਦੀਆਂ ਸਹੀ ਭਾਵਨਾਵਾਂ ਪਹੁੰਚਣ ਲਈ ਸੰਚਾਰ ਦੇ ਸਾਧਨ ਲਗਭਗ ਜੀਰੋ ਹੀ ਹਨ ਅਤੇ ਉਹ ਛੇਤੀ ਹੀ ਲਿਖਤ ਰੂਪ ਵਿਚ ਆਪਣੀਆਂ ਭਾਵਨਾਵਾਂ ਸਿੱਖ ਸੰਗਤਾਂ ਨਾਲ ਸਾਂਝੀਆਂ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਅਜੇ ਤੱਕ ਕੋਈ ਵੀ ਆਪਣੀ ਹੱਥ-ਲਿਖਤ ਸੰਗਤਾਂ ਵਿਚ ਨਹੀਂ ਭੇਜੀ। ਉਹਨਾਂ ਸਰਕਾਰਾਂ ਅਤੇ ਖਾਸ ਕਰਕੇ ਪੰਜਾਬ ਸਰਕਾਰ ਵਲੋਂ ਅਪਣਾਈ ਜਾ ਰਹੀ ਜਬਰ ਦੀ ਨੀਤੀ ਦੀ ਸਖਤ ਨਿਖੇਧੀ ਕੀਤੀ ਅਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਖਾਲਸਾ ਪੰਥ ਵਿਚ ਆਪਸੀ ਪਿਆਰ ਤੇ ਇਤਫਾਕ ਬਖਸ਼ੇ।