ਚੰਡੀਗੜ੍ਹ – ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦੇ ਚੈਲੰਜ ਨੂੰ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਉਹ ਬਠਿੰਡਾ ਵਿੱਚ ਹੀ ਕਾਂਗਰਸ ਦੀ ਰੈਲੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਬਾਦਲ ਪਿਓ-ਪੁੱਤ ਵੀ ਹੁਣ ਮੇਰੀ ਚੁਣੌਤੀ ਨੂੰ ਕਬੂਲ ਕਰਕੇ ਲੋਕਾਂ ਵਿੱਚ ਜਾ ਕੇ ਆਪਣੀ ਲੋਕਪ੍ਰਿਅਤਾ ਵੇਖਣ।
ਬਠਿੰਡਾ ਵਿੱਚ ਹਾਲ ਹੀ ਵਿੱਚ ਹੋਈ ਸਦਭਾਵਨਾ ਰੈਲੀ ਦੌਰਾਨ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕਰਦੇ ਹੋਏ ਕਿਹਾ ਸੀ ਕਿ ਕੈਪਟਨ ਵਿੱਚ ਜੇ ਹਿੰਮਤ ਹੈ ਤਾਂ ਇਸੇ ਸਥਾਨ ਤੇ ਸਾਡੇ ਨਾਲੋਂ ਵੱਡੀ ਰੈਲੀ ਅਤੇ ਵੱਧ ਭੀੜ ਇੱਕਠੀ ਕਰਕੇ ਵਿਖਾਵੇ।
ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਦੀ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਉਸ ਜਗ੍ਹਾ ਤੇ ਹੀ ਰੈਲੀ ਕਰੇਗੀ, ਜਿੱਥੇ ਸਿ਼ਅਦ ਨੇ ਕੀਤੀ ਸੀ। ਕਾਂਗਰਸ ਦੀ ਰੈਲੀ ਅਕਾਲੀ ਦਲ ਦੀ ਰੈਲੀ ਨਾਲੋਂ ਵੱਡੀ ਹੋਵੇਗੀ। ਇਸ ਰੈਲੀ ਵਿੱਚ ਲੋਕ ਆਪਣੀ ਇੱਛਾ ਨਾਲ ਆਉਣਗੇ। ਉਨ੍ਹਾਂ ਨੂੰ ਹਰਿਆਣਾ ਜਾਂ ਰਾਜਸਥਾਨ ਤੋਂ ਮੰਗਵਾਇਆ ਨਹੀਂ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਸਾਡੀ ਰੈਲੀ ਨੂੰ ਸਟੇਟ ਸਪਾਂਸਰਸਿ਼ੱਪ ਨਹੀਂ ਮਿਲੇਗੀ ਅਤੇ ਨਾਂ ਹੀ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਬਠਿੰਡਾ ਰੈਲੀ ਨੇ ਬਾਦਲਾਂ ਵਿੱਚ ਲੋਕਾਂ ਦੇ ਭਰੋਸੇ ਦੀ ਘਾਟ ਦਾ ਖੁਲਾਸਾ ਕਰ ਦਿੱਤਾ ਹੈ,ਜਿਸ ਨੂੰ ਉਹ ਦੁਬਾਰਾ ਹਾਸਿਲ ਕਰਨ ਦਾ ਯਤਨ ਕਰ ਰਹੇ ਹਨ ਪਰ ਵਾਰ-ਵਾਰ ਫੇਲ੍ਹ ਹੋ ਰਹੇ ਹਨ। ਉਨ੍ਹਾਂ ਅਨੁਸਾਰ ਬਾਦਲਾਂ ਦੇ ਝੂਠ ਦਾ ਗੁਬਾਰਾ ਫੱਟ ਚੁੱਕਿਆ ਹੈ ਅਤੇ ਉਨ੍ਹਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ।