ਚੰਡੀਗੜ੍ਹ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਕਮਾਂਡਰ ਨਿਯੁਕਤ ਕਰ ਦਿੱਤਾ ਹੈ। ਹਾਈਕਮਾਨ ਨੇ ਕਾਫੀ ਲੰਬੇ ਸਮੇਂ ਤੱਕ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਕੈਪਟਨ ਨੂੰ ਇਹ ਜਿੰਮੇਵਾਰੀ ਸੌਂਪੀ ਹੈ। ਪਾਰਟੀ ਪ੍ਰਧਾਨ ਵੱਲੋਂ 2017 ਦੀਆਂ ਚੋਣਾਂ ਨੂੰ ਵੇਖਦੇ ਹੋਏ ਰਾਜ ਵਿੱਚ ਕੁਝ ਹੋਰ ਅਹੁਦਿਆਂ ਵਿੱਚ ਵੀ ਫੇਰ-ਬਦਲ ਕੀਤਾ ਹੈ।
ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੀਸਰੀ ਵਾਰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ, ‘ ਮੈਂ ਤੁਹਾਡੇ ਵੱਲੋਂ ਪ੍ਰਗਟਾਏ ਗਏ ਸਮਰਥਣ ਤੇ ਵਿਸ਼ਵਾਸ਼ ਲਈ ਧੰਨਵਾਦੀ ਹਾਂ ਅਤੇ ਪੰਜਾਬ ਨੂੰ ਨਵੇਂ ਯੁਗ ‘ਚ ਲੈ ਕੇ ਜਾਵਾਂਗਾ।’
ਅੰਬਿਕਾ ਸੋਨੀ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਕੈਂਪੇਨ ਕਮੇਟੀ ਦੀ ਪ੍ਰਧਾਨਗੀ ਦਿੱਤੀ ਹੈ। ਲਾਲ ਸਿੰਘ ਨੂੰ ਰਾਜ ਵਿੱਚ ਪਾਰਟੀ ਦਾ ਪ੍ਰਮੁੱਖ ਉਪਪ੍ਰਧਾਨ ਬਣਾਇਆ ਗਿਆ ਹੈ। ਉਹ ਪਿੱਛੜੇ ਵਰਗ ਨਾਲ ਸਬੰਧ ਰੱਖਦੇ ਹਨ। ਦਲਿਤ ਵਿਧਾਇਕ ਸਾਧੂ ਸਿੰਘ ਧਰਮਸੋਤ ਨੂੰ ਕੈਂਪੇਨ ਕਮੇਟੀ ਦਾ ਉਪਪ੍ਰਧਾਨ ਅਤੇ ਰਵਨੀਤ ਬਿਟੂ ਨੂੰ ਕਨਵੀਨਰ ਨਿਯੁਕਤ ਕੀਤਾ ਹੈ।
ਪੰਜਾਬ ਵਿੱਚ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਤੋਂ ਇਹ ਸਾਫ਼ ਜਾਹਿਰ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਲਾਕਮਾਨ ਤੋਂ ਆਪਣੀਆਂ ਸ਼ਰਤਾਂ ਮਨਵਾਉਣ ਵਿੱਚ ਪੂਰੀ ਤਰ੍ਹਾਂ ਨਾਲ ਕਾਮਯਾਬ ਰਹੇ ਹਨ। ਨਵੇਂ ਚੁਣੇ ਗਏ ਜਿਆਦਾਤਰ ਅਹੁਦੇਦਾਰ ਕੈਪਟਨ ਖੇਮੇ ਦੇ ਹੀ ਹਨ। ਇਸ ਨਾਲ ਸਾਬਕਾ ਮੁੱਖਮੰਤਰੀ ਦੇ ਹੱਥ ਜਿਆਦਾ ਮਜ਼ਬੂਤ ਹੋਏ ਹਨ।
ਜਿਕਰਯੋਗ ਹੈ ਕਿ ਪਾਰਟੀ ਹਾਈਕਮਾਨ ਨੇ ਹਾਲ ਹੀ ਵਿੱਚ ਸੁਨੀਲ ਜਾਖੜ ਅਤੇ ਪਰਤਾਪ ਸਿੰਘ ਬਾਜਵਾ ਤੋਂ ਅਸਤੀਫ਼ੇ ਲਏ ਸਨ। ਤਦ ਤੋਂ ਹੀ ਇਹ ਤੈਅ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਦੀ ਕਮਾਂਡ ਕੈਪਟਨ ਅਮਰਿੰਦਰ ਸਿੰਘ ਦੇ ਸਪੁਰਦ ਕੀਤੀ ਜਾਵੇਗੀ।