ਵਿਦਵਾਨ ਸਿੰਘਣੀ ਟੀਵੀ ਉੱਤੇ ਬੋਲ ਰਹੀ ਸੀ,“ ਨਸਿ਼ਆਂ ਦੀ ਮਾਰ ਐਸੀ ਪਈ ਪੰਜਾਬ ਉੱਤੇ , ਅਧਿਕਤਰ ਮੁੰਡੇ ਨਿਪੁੰਸਕ ਬਣ ਗਏ ਅਤੇ ਕੁੜੀਆਂ ਹੀਜੜੇ ਜੰਮਣ ਲਗ ਪੱਈਆਂ। ਪੰਜਾਬੀਆਂ ਦਾ ਅੰਤ ਤੇਜ਼ੀ ਨਾਲ ਹੋ ਰਿਹਾ ਹੈ।” ਜੀਵਨ ਕੌਰ ਸੁਣ ਸੁਣ ਕੇ ਨੇਤ੍ਰ ਪੂੰਝ ਰਹੀ ਸੀ। ਅੱਖਾਂ ਦਾ ਜਲ ਕੁੱਝ ਬੋਲਦਾ ਨਜ਼ਰ ਆਇਆ। ਪਤੀ ਨੇ ਕਾਰਨ ਜਾਣਨਾ ਚਾਹਿਆ।
“ ਜੀ ਮੇਰੇ ਪਿੰਡ ਦਾ ਹਾਲ ਬਹੁਤ ਤਰਸ ਯੋਗ ਹੈ,ਭੈੜਾ! ਉਹ ਬੱਚੇ ਜੋ ਮੈਨੂੰ ਵੇਖਦਿਆਂ ਸਾਰ ਹੀ, ਭੱਜ ਕੇ ਭੂਆ ਭੂਆ ਦੀ ਮੁਹਾਰਨੀ ਆ ਲਗਾਉਂਦੇ ਸਨ, ਉਹ ਵੀਰ ਜੋ ਮੈਨੂੰ ਗਲੇ ਲਗਾ ਕੇ ਮਿਲਦੇ ਸਨ, ਪਿੰਡ ਦੀਆ ਗਲੀਆਂ ਵਿੱਚ, ਕੰਧਾ ਨਾਲ ਸਿਰ ਲਗਾ, ਨਸ਼ਈ ਹੋਏ, ਬੇਸੁੱਧ ਪਏ ਸਨ। ਮੈਂ ਪਿੰਡ ਵਿੱਚ ਘੁੰਮੀ। ਇੱਕ ਵੀ ਲਾਸ਼ ਵਿੱਚ, ਉੱਠ ਕੇ, ਮੇਰੀ ਸਤਿ ਸ੍ਰ਼ੀ ਅਕਾਲ ਦਾ ਜੁਆਬ ਦੇਣ ਦੀ ਸਮ੍ਰੱਥਾ ਨਹੀਂ ਸੀ। ਮੈਨੂੰ ਕਿਸੇ ਪਹਿਚਾਣਿਆਂ ਤੱਕ ਨਹੀਂ। ਪਹਿਚਾਣਿਆਂ ਬੱਸ ਇੱਕ ਬਜ਼ੁਰਗ ਕੁੱਤੇ ਨੇ, ਸਾਡੇ ਮੁਹੱਲੇ ਦੇ ਜੀਵ ਨੇ। ਉਸ ਨੇ ਮੇਰੇ ਕਦਮ ਨਾਲ਼ ਕਦਮ ਮਿਲਾ, ਪਿੰਡ ਦੀ ਪ੍ਰਕਰਮਾ ਕੀਤੀ।”
ਵਿਚਾਰਾ ਨਸ਼ਾ ਰਹਿਤ।
ਲਾਠੀ ਚਾਰਜ
“ ਹਰਮੀਤ, ਕੱਲ੍ਹ ਵਿਦਿਆਰਥੀ, ਕਾਲਜ ਦੇ ਗੇਟ ਤੇ ਪ੍ਰਿੰਸਿਪਲ ਦੇ ਖ਼ਲਾਫ ਮੁਰਦਬਾਦ ਦੇ ਨਾਹਰੇ ਲਗਾ ਰਹੇ ਸਨ। ਜਦੋਂ ਭੀੜ ਬੇਕਾਬੂ ਹੁੰਦੀ ਨਜ਼ਰ ਆਈ ਤਾਂ ਪੁਲਿਸ ਬੁਲਾਈ ਗਈ। ਲਾਠੀ ਚਾਰਜ ਕਰਕੇ ਭੀੜ ਖੁਰਦ ਬੁਰਦ ਕੀਤੀ। ਆਹ ਖਬਰ ਪੜ੍ਹ ਲਿਖਿਆ ਹੈ, ਹਲਕਾ ਲਾਠੀ ਚਾਰਜ ਕਰਕੇ ਭੀੜ ਤੇ ਕਾਬੁ ਪਾਇਆ ਗਿਆ। ਕੋਈ ਭੈੜੀ ਘਟਨਾ ਨਹੀਂ ਘਟੀ।” ਮਿੱਤਰ ਨੇ ਖਬਰ ਪੜ੍ਹ ਕੇ ਸੁਣਾਈ।
“ ਅਖ਼ਬਾਰ ਵਾਲ਼ੇ ਵੀ ਹਰਾਮੀ ਨੇ। ਕਹਿੰਦੇ ਨੇ, ਹਲਕਾ ਲਾਠੀ ਚਾਰਜ। ਮੈਂ ਵੀ ਭੀੜ ਵਿੱਚ ਸਾਂ। ਆਹ ਵੇਖ ਪਿੱਠ ਤੇ ਅਤੇ ਲੱਤਾਂ ਤੇ ਪਏ ਨੀ਼ਲ! ਹਲਕਾ ਲਾਠੀ ਚਾਰਜ! ਲਿਖਣ ਵਾਲਿਆਂ ਨੂੰ ਕਤੱਈ ਸ਼ਰਮ ਨਹੀਂ ਆਉਂਦੀ।”