ਲੁਧਿਆਣਾ – ਪੰਜਾਬ ਦੇ ਪੱਤਰਕਾਰਾਂ ਦੀ ਜਥੇਬੰਦੀ ਪੰਜਾਬ ਯੂਨੀਅਨ ਆਫ਼ ਜਰਨਲਿਸਟ ਰਾਜਿ. (ਪੀਯੂਜੇ) ਨੇ ਅੱਜ ਕੈਨੇਡੀਅਨ ਪੱਤਰਕਾਰ ਬਲਤੇਜ ਪੰਨੂ ਦੇ ਮਾਮਲੇ ਵਿਚ ਜਿੱਥੇ ਆਪਣਾ ਪ੍ਰਤੀਕਰਮ ਪ੍ਰਗਟ ਕੀਤਾ ਹੈ ਉੱਥੇ ਹੀ ਪੰਜਾਬ ਸਰਕਾਰ ਨੂੰ ਇਸ ਗੱਲੋਂ ਖ਼ਬਰਦਾਰ ਕੀਤਾ ਹੈ ਕਿ ਉਹ ਪਿਛਲੇ ਸਮੇਂ ਤੋਂ ਪੱਤਰਕਾਰਾਂ ਦੇ ਹੱਕਾਂ ਤੇ ਡਾਕੇ ਮਾਰ ਰਹੀ ਹੈ, ਇਸ ਤਰ੍ਹਾਂ ਕਿਸੇ ਵੀ ਪੱਤਰਕਾਰ ਨੂੰ ਜਦੋਂ ਮਰਜ਼ੀ ਪੁਲਸ ਚੁੱਕੇ ਤੇ ਬਿਨਾਂ ਕਿਸੇ ਪੜਤਾਲ ਤੋਂ ਪਰਚਾ ਦਰਜ ਕਰਕੇ ਉਸ ਦੀ ਜ਼ਿੰਦਗੀ ਨੂੰ ਤਬਾਹ ਕਰ ਦੇਵੇ, ਇਹ ਗੱਲਾਂ ਬਰਦਾਸ਼ਤ ਤੋਂ ਬਾਹਰ ਹਨ। ਇਸ ਸਮੇਂ ਬਿਆਨ ਜਾਰੀ ਕਰਦਿਆਂ ਪੀਯੁਜੇ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਹੇਰਾਂ ਤੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਅਸੀਂ ਪੰਜਾਬ ਭਰ ਦੇ ਪੱਤਰਕਾਰਾਂ ਨੂੰ ਇਸ ਗੱਲ ਦਾ ਸੱਦਾ ਦਿੰਦੇ ਹਾਂ ਕਿ ਉਹ ਪ੍ਰੈਸ ਦੀ ਆਜ਼ਾਦੀ ’ਤੇ ਪੰਜਾਬ ਸਰਕਾਰ ਵੱਲੋਂ ਮਾਰੇ ਜਾ ਰਹੇ ਡਾਕਿਆਂ ਦਾ ਡਟ ਕੇ ਵਿਰੋਧ ਕਰਨ।
ਇਸ ਵੇਲੇ ਸ੍ਰੀ ਹੇਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਸ ਵਿਰੁੱਧ ਉੱਠ ਰਹੇ ਲੋਕ ਰੋਹ ਨੂੰ ਇਸ ਤਰ੍ਹਾਂ ਪੁਲਸ ਦੀ ਤਾਕਤ ਨਾਲ ਨਹੀਂ ਦਬਾ ਸਕਦੀ। ਪਹਿਲਾਂ ਵੀ ਪ੍ਰੈਸ ਦੀ ਆਜ਼ਾਦੀ ’ਤੇ ਪੰਜਾਬ ਸਰਕਾਰ ਨੇ ਕਾਫੀ ਤਰ੍ਹਾਂ ਦੇ ਹਮਲੇ ਕੀਤੇ ਹਨ ਪਰ ਹੁਣ ਜੋ ਪੱਤਰਕਾਰ ਬਲਤੇਜ ਪੰਨੂ ਤੇ ਬਿਨਾਂ ਪੜਤਾਲ ਤੋਂ ਪਰਚਾ ਦਰਜ ਕੀਤਾ ਹੈ ਉਹ ਸਰਕਾਰ ਦੀ ਪੱਤਰਕਾਰਾਂ ਵਿਰੁੱਧ ਬੌਖਲਾਹਟ ਦਾ ਨਤੀਜਾ ਹੈ। ਸ੍ਰੀ ਪੰਨੂ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੀਆ ਗਲਤ ਨੀਤੀਆਂ ਸੋਸ਼ਲ ਮੀਡੀਆ ਵਿਚ ਨਸ਼ਰ ਕਰ ਰਿਹਾ ਸੀ। ਪੰਜਾਬ ਦੇ ਉਪ ਮੁੱਖ ਮੰਤਰੀ ਸੋਸ਼ਲ ਮੀਡੀਆ ਤੇ ਸਰਗਰਮ ਲੋਕਾਂ ਨੂੰ ਹਮੇਸ਼ਾ ਧਮਕੀਆਂ ਦੇ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਕਿਸੇ ਪੱਤਰਕਾਰ ਤੇ ਦੋਸ਼ ਲਗਦੇ ਹਨ ਤਾਂ ਇਸ ਸਬੰਧੀ ਨਿਯਮ ਵਿਧਾਨ ਅਪਣਾਉਣੇ ਚਾਹੀਦੇ ਸਨ ਜੋ ਪੁਲਸ ਨੇ ਸ੍ਰੀ ਪੰਨੂ ਉੱਤੇ ਦਰਜ ਹੋਏ ਕੇਸ ਵਿਚ ਨਹੀਂ ਅਪਣਾਏ। ਸ੍ਰੀ ਹੇਰਾਂ ਨੇ ਕਿਹਾ ਕਿ ਅਸੀਂ ਕਿਸੇ ਔਰਤ ਦੇ ਹੱਕਾਂ ਦੇ ਖ਼ਿਲਾਫ਼ ਨਹੀਂ ਹਾਂ ਪਰ ਪੱਤਰਕਾਰ ਸਮਾਜ ਦਾ ਇਕ ਸਤਿਕਾਰਯੋਗ ਵਿਅਕਤੀ ਹੈ। ਉਸ ਦੇ ਹੱਕਾਂ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ। ਸ੍ਰੀ ਹੇਰਾਂ ਨੇ ਕਿਹਾ ਕਿ ਉਹ ਕੱਲ੍ਹ ਤੋਂ ਹੀ ਪੰਜਾਬ ਸਰਕਾਰ ਵਿਰੁੱਧ ਇਕ ਮੰਗ ਪੱਤਰ ਪੰਜਾਬ ਦੇ ਰਾਜਪਾਲ, ਭਾਰਤ ਦੇ ਪ੍ਰਧਾਨ ਮੰਤਰੀ, ਚੀਫ਼ ਜਸਟਿਸ ਮਾਨਯੋਗ ਸੁਪਰੀਮ ਕੋਰਟ ਭਾਰਤ ਤੇ ਚੀਫ਼ ਜਸਟਿਸ ਮਾਨਯੋਗ ਹਾਈ ਕੋਰਟ ਚੰਡੀਗੜ੍ਹ, ਮੁੱਖ ਮੰਤਰੀ ਪੰਜਾਬ ਤੇ ਪ੍ਰੈਸ ਕੌਂਸਲ ਆਫ਼ ਇੰਡੀਆ ਨੂੰ ਭੇਜ ਰਹੇ ਹਾਂ। ਇਹ ਮੰਗ ਪੱਤਰ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਭੇਜੇ ਜਾਣਗੇ। ਜਿਸ ਵਿਚ ਪ੍ਰੈਸ ਦੀ ਆਜ਼ਾਦੀ ’ਤੇ ਹਮਲੇ ਰੋਕਣ ਲਈ ਤਾਂ ਮੰਗ ਹੋਵੇਗੀ ਹੀ, ਨਾਲ ਹੀ ਇਹ ਵੀ ਕਿਹਾ ਜਾਵੇਗਾ ਕਿ ਜਦੋਂ ਵੀ ਕਿਸੇ ਪੱਤਰਕਾਰ ਵਿਰੁੱਧ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਸਮੇਂ ਦੋ ਸੀਨੀਅਰ ਪੱਤਰਕਾਰਾਂ, ਇਕ ਪੁਲਸ ਤੇ ਇਕ ਸਿਵਲ ਅਧਿਕਾਰੀ, ਅਤੇ ਇਕ ਸਮਾਜਕ ਕਾਰਕੁਨ ਦੀ ਕਮੇਟੀ ਬਣਾ ਕੇ ਪਹਿਲਾਂ ਪੜਤਾਲ ਕਰਾਈ ਜਾਵੇ, ਜੇਕਰ ਪੱਤਰਕਾਰ ਦੋਸ਼ੀ ਸਾਬਤ ਹੁੰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਮੰਗ ਵੀ ਕਰਾਂਗੇ ਕਿ ਬਲਤੇਜ ਪੰਨੂ ਖ਼ਿਲਾਫ਼ ਕੋਈ ਵੀ ਨਿਯਮ ਵਿਧਾਨ ਨਾ ਅਪਣਾ ਕੇ ਗ੍ਰਿਫ਼ਤਾਰ ਕਰਨ ਵਾਲੇ ਪੁਲਸ ਅਧਿਕਾਰੀਆਂ ’ਤੇ ਸਖ਼ਤ ਕਾਰਵਾਈ ਹੋਵੇ ਤੇ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਸ੍ਰੀ ਹੇਰਾਂ ਨੇ ਕਿਹਾ ਕਿ ਮੋਗਾ ਰੈਲੀ ਵਿਚ ਪੱਤਰਕਾਰਾਂ ਨਾਲ ਪੁਲਸ ਅਧਿਕਾਰੀਆਂ ਵੱਲੋਂ ਬਦਸਲੂਕੀ ਕੀਤੀ ਗਈ। ਤੇ ਨਾਲ ਹੀ ਬਠਿੰਡਾ ਦੇ ਪੱਤਰਕਾਰ ਅਨਿਲ ਵਰਮਾ ਨੂੰ ਵੀ ਧਮਕਾਇਆ ਜਾ ਰਿਹਾ ਹੈ, ਇਹ ਬਰਦਾਸ਼ਤ ਨਹੀਂ ਹੋਵੇਗਾ।
ਸ੍ਰੀ ਹੇਰਾਂ ਨੇ ਕਿਹਾ ਕਿ ਇਸ ਸਬੰਧੀ ਵੱਖ ਵੱਖ ਪੱਤਰਕਾਰਾਂ ਨਾਲ ਕੀਤੀ ਗਈ ਗੱਲ ਤੋਂ ਬਾਅਦ ਇਹ ਤਹਿ ਹੋਇਆ ਹੈ ਕਿ ਜੇਕਰ ਪੰਜਾਬ ਸਰਕਾਰ ਸੁਸਤ ਰਹਿੰਦੀ ਹੈ ਤਾਂ ਪੱਤਰਕਾਰ ਪੰਜਾਬ ਸਰਕਾਰ ਦੇ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਦਸੰਬਰ ਦੇ ਪਹਿਲੇ ਹਫ਼ਤੇ ਲੁਧਿਆਣਾ ਵਿਚ ਇਕ ਵੱਡਾ ਰੋਸ ਮਾਰਚ ਪੰਜਾਬ ਸਰਕਾਰ ਦੇ ਵਿਰੁੱਧ ਪੱਤਰਕਾਰਾਂ ਵੱਲੋਂ ਕੀਤਾ ਜਾਵੇਗਾ। ਉਸ ਤੋਂ ਬਾਅਦ ਪ੍ਰਮੁੱਖ ਵਿਦਵਾਨਾਂ ਦੀ ਸ਼ਮੂਲੀਅਤ ਨਾਲ ਇਕ ਵੱਡਾ ਸੈਮੀਨਾਰ ਕਰਾਇਆ ਜਾਵੇਗਾ। ਇਸ ਸਮੇਂ ਪੱਤਰਕਾਰਾਂ ਵੀਰਾਂ ਨੂੰ ਬੇਨਤੀ ਕੀਤੀ ਗਈ ਕਿ ਇਹ ਮਾਮਲਾ ਅਜਿਹਾ ਹੈ ਜੋ ਕਿਸੇ ਵੀ ਆਦਰਸ਼ਵਾਦੀ ਪੱਤਰਕਾਰ ਦੇ ਵਿਰੁੱਧ ਕਿਸੇ ਵੇਲੇ ਵੀ ਖੜਾ ਕੀਤਾ ਜਾ ਸਕਦਾ ਹੈ। ਇਸ ਲਈ ਸਾਰੇ ਪੱਤਰਕਾਰ ਵੀਰਾਂ ਨੂੰ ਇੱਕਮੁੱਠ ਹੋਣ ਦੀ ਅਪੀਲ ਕੀਤੀ ਜਾਂਦੀ ਹੈ।