ਫ਼ਤਹਿਗੜ੍ਹ ਸਾਹਿਬ – “ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਦਲ ਖ਼ਾਲਸਾ ਦੀ ਜਥੇਬੰਦੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਐਸ.ਜੀ.ਪੀ.ਸੀ. ਦੀ ਸੰਸਥਾ ਉਤੇ ਲੰਮੇ ਸਮੇਂ ਤੋ ਪਏ ਰਾਜ਼ਸੀ ਗਲਬੇ ਅਤੇ ਹੋ ਰਹੇ ਸਿਧਾਂਤ ਵਿਰੋਧੀ ਅਮਲਾਂ ਤੋਂ ਮੁਕਤ ਕਰਵਾਉਣਾ ਚਾਹੁੰਦੀ ਹੈ ਜਾਂ ਜੋ ਪੰਥ ਵਿਰੋਧੀ ਸਿਸਟਮ ਚੱਲ ਰਿਹਾ ਹੈ, ਉਸ ਨੂੰ ਉਸੇ ਤਰ੍ਹਾਂ ਕਾਇਮ ਰੱਖਣਾ ਚਾਹੁੰਦੀ ਹੈ । ਕਿਉਂਕਿ “ਸਰਬੱਤ ਖ਼ਾਲਸਾ”, ਬਾਦਲ ਪਰਿਵਾਰ ਵੱਲੋ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਐਸ.ਜੀ.ਪੀ.ਸੀ. ਦੀ ਸੰਸਥਾਂ ਦੀ ਹੋ ਰਹੀ ਦੁਰਵਰਤੋ ਨੂੰ ਰੋਕਣ ਹਿੱਤ ਅਤੇ ਸਿੱਖੀ ਸਿਧਾਂਤਾ, ਮਰਿਯਾਦਾਵਾਂ ਨੂੰ ਕਾਇਮ ਰੱਖਣ ਹਿੱਤ ਹੀ ਸੱਦਿਆ ਗਿਆ ਸੀ ਤਾਂ ਕਿ ਮੌਜੂਦਾ ਜਥੇਦਾਰ ਜੋ ਬਾਦਲ ਪਰਿਵਾਰ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਬਣ ਚੁੱਕੇ ਹਨ, ਉਹਨਾਂ ਦੀਆਂ ਸੇਵਾਵਾਂ ਨੂੰ ਖ਼ਤਮ ਕਰਕੇ ਕੌਮ ਵੱਲੋ ਨਵੇ ਜਥੇਦਾਰ ਨਿਯੁਕਤ ਹੋਣ ਅਤੇ ਜੋ ਹੋਰ ਪੰਥਕ ਮਸਲੇ ਬਾਦਲ ਪਰਿਵਾਰ ਦੀ ਸੌੜੀ ਅਤੇ ਸਵਾਰਥੀ ਸੋਚ ਕਰਕੇ ਲੰਮੇ ਸਮੇ ਤੋ ਘੜੋਤ ਵਿਚ ਹਨ, ਉਹਨਾਂ ਦਾ ਸਿੱਖ ਕੌਮ ਸਹੀ ਦਿਸ਼ਾ ਵੱਲ ਸਮੂਹਿਕ ਤੌਰ ਤੇ ਹੱਲ ਕੱਢ ਸਕੇ । ਪਰ ਨਾ ਤਾਂ ਦਲ ਖ਼ਾਲਸਾ ਕੌਮ ਵੱਲੋ ਕੀਤੇ ਗਏ ਫੈਸਲਿਆ ਨਾਲ ਸਹਿਮਤ ਹੋਇਆ ਹੈ ਅਤੇ ਨਾ ਹੀ ਇਸ ਪੰਥ ਵਿਰੋਧੀ ਸਿਸਟਮ ਨੂੰ ਬਦਲਣ ਲਈ ਸਹਿਯੋਗ ਕਰ ਰਿਹਾ ਹੈ । ਫਿਰ ਇਹਨਾਂ ਦੀ ਮੰਨਸਾ ਕਿਤੇ ਪਰਦੇ ਹੇਠ ਬਾਦਲ ਦਲ ਨੂੰ ਮਜ਼ਬੂਤ ਕਰਕੇ ਇਵਜਾਨੇ ਪ੍ਰਾਪਤ ਕਰਨ ਵਾਲੀ ਤਾਂ ਨਹੀਂ ? ਕਿਉਂਕਿ ਇਹੀ ਕੁਝ ਸ੍ਰੀ ਧੁੰਮਾ ਦੀ ਅਗਵਾਈ ਹੇਠ ਚੱਲਣ ਵਾਲਾ ਸੰਤ ਸਮਾਜ ਅਤੇ ਟਕਸਾਲ ਕਰ ਰਹੀ ਹੈ । ਜੇਕਰ ਅਜਿਹਾ ਹੈ ਤਾਂ ਸਿੱਖ ਕੌਮ ਨੂੰ ਦਲ ਖ਼ਾਲਸਾ ਅਤੇ ਇਹਨਾਂ ਵਰਗੇ ਹੋਰਨਾਂ ਸੰਗਠਨਾਂ ਦੀਆਂ ਕਾਰਵਾਈਆ ਉਤੇ ਉਦੋ ਤੱਕ ਬਾਜ਼ ਨਜ਼ਰ ਵੀ ਰੱਖਣੀ ਪਵੇਗੀ, ਜਦੋ ਤੱਕ ਦਲ ਖ਼ਾਲਸਾ ਲਾਇਨ ਵਹਾਕੇ ਕੌਮ ਵਾਲੇ ਪਾੜੇ ਵਿਚ ਖਲ੍ਹੋਕੇ ਸਿੱਖੀ ਸਿਧਾਤਾਂ ਅਤੇ ਮਰਿਯਾਦਾਵਾਂ ਉਤੇ ਪਹਿਰਾ ਦੇਣ ਅਤੇ ਉਪਰੋਕਤ ਸਿੱਖੀ ਸੰਸਥਾਵਾਂ ਉਤੇ ਬਾਦਲ ਦਲੀਆਂ ਦੇ ਗਲਬੇ ਨੂੰ ਖ਼ਤਮ ਕਰਨ ਲਈ ਆਪਣੀ ਨੀਤੀ ਸਪੱਸਟ ਨਹੀਂ ਕਰ ਦਿੰਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਲ ਖ਼ਾਲਸਾ ਵਰਗੇ ਉਹਨਾਂ ਸੰਗਠਨਾਂ ਜੋ ਸਰਬੱਤ ਖ਼ਾਲਸਾ ਦੇ ਲੱਖਾਂ ਦੇ ਇਕੱਠ ਵੱਲੋ ਕੀਤੇ ਗਏ ਕੌਮੀ ਫੈਸਲਿਆ ਉਪਰ ਗੈਰ ਦਲੀਲ ਢੰਗਾਂ ਰਾਹੀ ਕਿੰਤੂ-ਪ੍ਰੰਤੂ ਕਰਕੇ ਸਰਕਾਰੀ ਸੋਚ ਨੂੰ ਹੀ ਪੱਠੇ ਪਾਉਣ ਦੀ ਗੁਸਤਾਖੀ ਕਰ ਰਹੇ ਹਨ, ਉਹਨਾਂ ਨੂੰ ਆਪਣਾ ਸਟੈਂਡ ਸਪੱਸਟ ਕਰਨ ਦੀ ਗੁਜ਼ਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਅਜੋਕਾ ਸਮਾਂ ਜਿਥੇ ਸਿੱਖ ਕੌਮ ਵਿਚ ਵਿਚਰ ਰਹੇ ਧਾਰਮਿਕ ਅਤੇ ਸਿਆਸੀ ਆਗੂਆਂ ਤੇ ਸਿੱਖ ਕੌਮ ਲਈ ਅਤਿ ਸੰਜ਼ੀਦਗੀ ਭਰੇ ਅਮਲਾਂ ਦੀ ਮੰਗ ਕਰਦਾ ਹੈ, ਉਥੇ ਸਮੁੱਚੇ ਸੰਗਠਨਾਂ ਵੱਲੋ ਇਕ-ਮਤ ਇਕ ਤਾਕਤ ਹੋ ਕੇ, ਕੌਮ ਵਿਚ ਘੁਸਪੈਠ ਕਰੀ ਬੈਠੇ, ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੀ ਦੁਰਵਰਤੋ ਕਰਨ ਵਾਲੇ ਲੋਕਾਂ ਨੂੰ ਮਜ਼ਬੂਤੀ ਨਾਲ ਚੁਣੋਤੀ ਦੇਣ ਅਤੇ ਮੰਜਿ਼ਲ ਵੱਲ ਵੱਧਣ ਦਾ ਹੈ । ਉਹਨਾਂ ਕਿਹਾ ਕਿ ਬੀਤੇ ਸਮੇਂ ਵਿਚ ਵੀ ਗੁਰੂ ਸਾਹਿਬਾਨ ਅਤੇ ਉਹਨਾ ਤੋ ਬਾਅਦ ਅੱਗੇ ਆਏ ਸਿੱਖਾਂ ਅਤੇ ਸਿੱਖ ਜਰਨੈਲਾਂ ਨੂੰ ਵੀ ਸਮੇਂ-ਸਮੇਂ ਤੇ ਪੰਥ ਵਿਰੋਧੀ ਤਾਕਤਾਂ ਦੀਆਂ ਸਾਜਿ਼ਸਾਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਉਹਨਾਂ ਸਿੱਖਾਂ ਨੂੰ ਇਕ ਲੜੀ ਵਿਚ ਪਰੋਦੇ ਹੋਏ ਅਜਿਹੇ ਨਾਜੁਕ ਸਮਿਆਂ ਤੇ ਇਕੱਤਰ ਰੱਖਦੇ ਹੋਏ ਦੁਸ਼ਮਣ ਤਾਕਤਾਂ ਦੀ ਚੁਣੋਤੀ ਨੂੰ ਪ੍ਰਵਾਨ ਵੀ ਕਰਦੇ ਰਹੇ ਅਤੇ ਆਪਣੇ ਕੌਮੀ ਮਿਸ਼ਨਾਂ ਦੀ ਪ੍ਰਾਪਤੀ ਵੀ ਕਰਦੇ ਰਹੇ ਹਨ । ਇਸ ਲਈ ਜੇਕਰ ਅੱਜ ਸਿੱਖਾਂ ਵਿਚ ਘੁਸਪੈਠ ਕਰ ਚੁੱਕੇ ਕੁਝ ਸੰਗਠਨ ਜਾਂ ਕੁਝ ਅਖੋਤੀ ਆਗੂ ਵੱਖਰੀ ਡੱਫਲੀ ਬਜਾਉਣ ਲਈ ਮਜ਼ਬੂਰ ਹਨ, ਤਾਂ ਸਿੱਖ ਕੌਮ ਨੂੰ ਅਜਿਹੇ ਚਿਹਰਿਆ ਨੂੰ ਪਹਿਚਾਨਣ ਅਤੇ ਪਛਾੜਨ ਲਈ ਆਪਣੀਆ ਰਵਾਇਤਾ ਅਨੁਸਾਰ ਅਮਲ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ । ਜਿਥੇ ਸਾਹਮਣੇ ਖੜ੍ਹੇ ਕੌਮੀ ਦੁਸ਼ਮਣ ਨਾਲ ਜੰਗ ਲੜਨੀ ਹੈ, ਉਥੇ ਸਿੱਖੀ ਭੇਖ ਵਿਚ ਅੰਦਰ ਬੈਠੇ ਦੁਸ਼ਮਣਾਂ ਨੂੰ ਵੀ ਕੌਮ ਨੇ ਭਾਂਜ ਦੇਣੀ ਹੈ । ਇਸ ਲਈ ਦੋਵੇ ਫਰੰਟਾਂ ਉਤੇ ਕੌਮ ਸੁਚੇਤ ਵੀ ਰਹੇ ਅਤੇ ਗੁਰੂ ਸਾਹਿਬਾਨ ਜੀ ਦੀ ਤਰ੍ਹਾਂ ਗੁਰੀਲਾ ਯੁੱਧ ਦੇ ਢੰਗਾਂ ਦਾ ਵੀ ਲੋੜ ਪੈਣ ਤੇ ਇਸਤੇਮਾਲ ਕਰੇ । ਪਰ ਆਪਣੇ ਮਨ ਤੇ ਆਤਮਾ ਵਿਚ ਸਿੱਖੀ ਮੰਜਿ਼ਲ ਨੂੰ ਸਦਾ ਸਾਹਮਣੇ ਰੱਖਕੇ ਵੱਧਦੀ ਰਹੇ । ਫ਼ਤਹਿ ਅਵੱਸ ਸਿੱਖ ਕੌਮ ਤੇ ਸੰਗਤ ਦੀ ਹੋਵੇਗੀ ।
ਸ. ਮਾਨ ਨੇ ਬਜ਼ੁਰਗ ਜਰਨੈਲ ਸਿੰਘ ਹਮੀਰਗੜ੍ਹ ਨੂੰ ਗ੍ਰਿਫ਼ਤਾਰ ਕਰਕੇ ਉਸ ਉਤੇ ਕੀਤੇ ਜਾ ਰਹੇ ਤਸੱਦਦ ਨੂੰ ਕੌਮਾਂਤਰੀ ਮਨੁੱਖੀ ਅਧਿਕਾਰਾਂ ਦਾ ਅਤੇ ਹਿੰਦ ਦੇ ਵਿਧਾਨ ਦੀ ਧਾਰਾ 14 ਜੋ ਸਭ ਨੂੰ ਬਰਾਬਰਤਾ ਦੇ ਹੱਕ ਦਿੰਦੀ ਹੈ, ਉਲੰਘਣ ਕਰਾਰ ਦਿੰਦੇ ਹੋਏ ਕਿਹਾ ਕਿ ਇਕ ਬਦਮਾਸ਼ ਸੋਚ ਵਾਲਾ ਵਜ਼ੀਰ ਸ੍ਰੀ ਮਲੂਕਾ ਉਤੇ ਜੇਕਰ ਸ. ਜਰਨੈਲ ਸਿੰਘ ਨੇ ਆਪਣੀ ਕੌਮੀ ਭਾਵਨਾਵਾਂ ਨੂੰ ਠੇਸ ਪੁੱਜਣ ਤੇ ਕੋਈ ਕਾਰਵਾਈ ਕੀਤੀ ਹੈ, ਤਾਂ ਉਸ ਨੂੰ ਸਹੀ ਦਿਸ਼ਾ ਵੱਲ ਹੱਲ ਕਰਨ ਦੀ ਬਜਾਇ ਜੋ ਬਾਦਲ ਹਕੂਮਤ ਨੇ ਸਿੱਖ ਮਾਰੂ ਸੋਚ ਉਤੇ ਅਮਲ ਕਰਕੇ ਜੇ਼ਲ੍ਹ ਭੇਜਣ ਅਤੇ ਸ. ਜਰਨੈਲ ਸਿੰਘ ਉਤੇ ਕੇਸ ਬਣਾਉਣ ਦੀ ਜੇਕਰ ਕਾਰਵਾਈ ਕੀਤੀ ਹੇ ਤਾਂ ਇਹੀ ਕੁਝ ਤਾਂ ਸ੍ਰੀ ਮਲੂਕਾ ਅਤੇ ਉਸਦੇ ਬਦਮਾਸ਼ਾਂ ਨੇ ਸ. ਜਰਨੈਲ ਸਿੰਘ ਨਾਲ ਕੀਤਾ ਹੈ । ਫਿਰ ਉਹਨਾਂ ਉਤੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਕੇ ਜੇ਼ਲ੍ਹ ਕਿਉਂ ਨਹੀਂ ਭੇਜਿਆ ਜਾ ਰਿਹਾ ? ਉਹਨਾਂ ਕਿਹਾ ਕਿ ਬਜੁਰਗ ਜਰਨੈਲ ਸਿੰਘ ਇਕ ਵਿਅਕਤੀ ਨਹੀਂ, ਬਲਕਿ ਕੌਮੀ ਭਾਵਨਾਵਾਂ ਨੂੰ ਉਜਾਗਰ ਕਰਨ ਵਾਲਾ ਇਕ ਸਮੂਹ ਹੈ । ਬਾਦਲ ਹਕੂਮਤ ਬਜੁਰਗ ਜਰਨੈਲ ਸਿੰਘ ਨਾਲ ਜੇਕਰ ਅੱਜ ਤਾਕਤ ਦੇ ਨਸ਼ੇ ਵਿਚ ਜ਼ਬਰ-ਜੁਲਮ ਕਰ ਰਹੀ ਹੈ ਤਾਂ ਇਸਦਾ ਸਿੱਧਾ ਮਤਲਬ, ਉਹ ਸਿੱਖ ਕੌਮ ਨਾਲ ਜ਼ਬਰ-ਜੁਲਮ ਕਰ ਰਹੀ ਹੈ । ਇਸ ਲਈ ਬਾਦਲ ਹਕੂਮਤ ਦੇ ਸ. ਜਰਨੈਲ ਸਿੰਘ ਉਤੇ ਢਾਹੇ ਜਾ ਰਹੇ ਜ਼ਬਰ-ਜੁਲਮ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ ਅਤੇ ਆਉਣ ਵਾਲੇ ਸਮੇਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆਂ ਨੂੰ ਇਹ ਦਿੱਤੀਆ ਜਾ ਰਹੀਆਂ ਹੱਥਾਂ ਨਾਲ ਗੰਢਾਂ ਨੂੰ ਮੂੰਹ ਨਾਲ ਖੋਲ੍ਹਣਾ ਪਵੇਗਾ ਅਤੇ ਇਸ ਦੇ ਭਿਆਨਕ ਨਤੀਜਿਆ ਲਈ ਬਾਦਲ ਹਕੂਮਤ ਜਿੰਮੇਵਾਰ ਹੋਵੇਗੀ, ਨਾ ਕਿ ਸਿੱਖ ਕੌਮ ।