ਚੰਡੀਗੜ੍ਹ – ਪੰਜਾਬ-ਹਰਿਆਣਾ ਹਾਈਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਜਾਯਾਫ਼ਤਾ ਪੰਜਾਬ ਦੇ ਖੇਤੀਬਾੜੀ ਮੰਤਰੀ ਜੱਥੇਦਾਰ ਤੋਤਾ ਸਿੰਘ ਨੂੰ ਫਿਰ ਤੋਂ ਮੰਤਰੀਮੰਡਲ ਵਿੱਚ ਸ਼ਾਮਿਲ ਕਰਨ ਦੇ ਖਿਲਾਫ਼ ਦਾਇਰ ਕੀਤੀ ਗਈ ਪਟੀਸ਼ਨ ਤੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਨੋਟਿਸ ਜਾਰੀ ਕੀਤਾ ਹੈ।
ਇਸ ਪਟੀਸ਼ਨ ਵਿੱਚ ਮੰਤਰੀ ਨੂੰ ਦੁਬਾਰਾ ਤੋਂ ਮੰਤਰੀਮੰਡਲ ਵਿੱਚ ਸ਼ਾਮਿਲ ਕੀਤੇ ਜਾਣ ਨੂੰ ਗੱਲਤ ਠਹਿਰਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ। ਹਾਈਕੋਰਟ ਦੇ ਜਸਟਿਸ ਐਸਕੇ ਮਿੱਤਲ ਅਤੇ ਸ਼ੇਖਰ ਧਵਨ ਦੇ ਬੈਂਚ ਨੇ ਪੰਜਾਬ ਦੇ ਮੁੱਖਮੰਤਰੀ ਬਾਦਲ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਹੈ। ਇਸ ਕੇਸ ਦੀ ਅਗਲੀ ਸੁਣਵਾਈ 18 ਜਨਵਰੀ ਨੂੰ ਹੋਵੇਗੀ।
ਜਿਕਰਯੋਗ ਹੈ ਕਿ ਤੋਤਾ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਅਤੇ 30,000 ਰੁਪੈ ਦਾ ਜੁਰਮਾਨਾ ਸੁਣਾਇਆ ਗਿਆ ਸੀ। ਜਿਸ ਕਾਰਣ ਉਨ੍ਹਾਂ ਨੇ ਮੰਤਰੀਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਸੱਭ ਦੇ ਬਾਵਜੂਦ ਉਨ੍ਹਾਂ ਨੂੰ ਮੰਤਰੀਮੰਡਲ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਓਧਰ, ਖੇਤੀਬਾੜੀ ਵਿਭਾਗ ਵਿੱਚ ਨਕਲੀ ਕੀੜੇਮਾਰ ਦਵਾਈਆਂ ਦਾ ਘੋਟਾਲਾ ਵੀ ਸਾਹਮਣੇ ਆਇਆ ਹੈ।
ਨਕਲੀ ਕੀੜੇਮਾਰ ਦਵਾਈਆਂ ਦੇ ਨਾਲ ਸਬੰਧਤ ਕਈ ਅਧਿਕਾਰੀ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਕਈ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਇਸ ਘੋਟਾਲੇ ਦੀ ਜਾਂਚ ਲਈ ਸਪੈਸ਼ਲ ਜਾਂਚ ਟੀਮ ਬਣਾਈ ਗਈ ਹੈ। ਇਸ ਲਈ ਪਟੀਸ਼ਨ ਵਿੱਚ ਇਹ ਸ਼ੱਕ ਜਾਹਿਰ ਕੀਤਾ ਗਿਆ ਹੈ ਕਿ ਤੋਤਾ ਸਿੰਘ ਦੇ ਮੰਤਰੀਮੰਡਲ ਵਿੱਚ ਰਹਿੰਦੇ ਹੋਏ ਘੋਟਾਲੇ ਦੀ ਜਾਂਚ ਨਿਰਪੱਖ ਨਹੀਂ ਹੋ ਸਕੇਗੀ। ਇਸ ਲਈ ਉਨ੍ਹਾਂ ਨੂੰ ਮੰਤਰੀ ਪਦ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।