ਸੈਕਰਾਮੈਂਟੋ, (ਬਲਵਿੰਦਰਪਾਲ ਸਿੰਘ ਖਾਲਸਾ) – ਸਮੁੱਚੇ ਕੈਲੇਫੋਰਨੀਆਂ ਵਿਚੋਂ ਪਹੁੰਚੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆ ਵੱਲੋਂ ਸੈਕਰਾਮੈਂਟੋ ਵਿਚ ਸਟੇਟ ਕੈਪੀਟਲ ਬਿਲਡਿੰਗ ਸਾਹਮਣੇ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦਾ ਫੌਰੀ ਕਾਰਨ ਹੈ, ਪੰਜਾਬ ਵਿਚ ਅਕਾਲੀ ਸਰਕਾਰ ਵੱਲੋਂ ਕੇਂਦਰ ਦੀ ਹਿੰਦੂ ਰਾਸ਼ਟਰਵਾਦੀ ਮੋਦੀ ਸਰਕਾਰ ਦੀ ਸ਼ਹਿ ਉਤੇ ਸਿੱਖ ਧਰਮ ਵਿਚ ਬਹੁਤ ਨਾਜਾਇਜ਼ ਦਖਲ ਅੰਦਾਜ਼ੀ ਕਰਨੀ, ਸਿੱਖਾਂ ਦੀਆ ਨਾਜਾਇਜ਼ ਗਿ੍ਫਤਾਰੀਆਂ ਕੀਤੀਆਂ ਜਾਣੀਆਂ, ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਜਾਣੀ, ਨਾਮ ਜਪਦੀਆਂ ਸੰਗਤਾਂ ਉਤੇ ਅਮਨਮਈ ਰੋਸ ਕਰਨ ਦੌਰਾਨ ਪੁਲੀਸ ਵੱਲੋ ਗੋਲੀਆਂ ਮਾਰ ਕੇ ਦੋ ਨੌਜਵਾਨ ਸਿੱਖ ਸ਼ਹੀਦ ਕਰ ਦਿਤੇ ਜਾਣੇ ਤੇ ਦੋਸ਼ੀ ਪੁਲੀਸ ਅਫਸਰਾਂ ਨੂੰ ਬਚਾਉਣਾ, ਤੇ ਸਰਬੱਤ ਖਾਲਸਾ ਦੁਆਰਾ ਚੁਣੇ ਤਿੰਨ ਜਥੇਦਾਰਾਂ ਨੂੰ ਝੂਠੇ ਮੁਕਦਮੇ ਦਰਜ ਕਰਕੇ ਜੇਲਾਂ ਵਿਚ ਬੰਦ ਕਰਨਾ ਤੇ ਪੂਰੇ ਪੰਜਾਬ ਵਿਚ ਨੌਜਵਾਨਾਂ ਦੀਆਂ ਨਾਜਾਇਜ਼ ਗਿ੍ਫਤਾਰੀਆਂ ਕਰਨੀਆਂ ਸ਼ਾਮਲ ਹਨ।
ਰੋਸ ਮੁਜ਼ਾਹਰੇ ਦੀ ਸ਼ੁਰੂਆਤ ਕੋਮਲ ਸਿੰਘ ਕੋਮਲ ਦੇ ਢਾਡੀ ਜਥੇ ਦੁਆਰਾ ਗਾਈ ਇਸ ਵਾਰ ਨਾਲ ਹੋਈ, ‘ ਰਹਿਣਾ ਹੈ ਆਜ਼ਾਦ ਸਦਾ, ਡਰਨਾ ਨਹੀਂ ਕਿਸ ਕੋਲੋਂ, ਸੰਗਲ ਗੁਲਾਮੀ ਵਾਲਾ ਤੋੜਿਆ ਸ਼ਹੀਦਾਂ ਨੇ। ਬੁਲਾਰਿਆ ਨੇ ਆਪਣੇ ਸੰਖੇਪ ਵੀਚਾਰਾਂ ਵਿਚ ਅਕਾਲੀ ਸਰਕਾਰ ਤੇ ਖਾਸ ਕਰਕੇ ਬਾਦਲ ਪਰਵਾਰ ਵੱਲੋਂ ਬੀਜੇਪੀ ਆਰ ਐਸ ਐਸ ਕਾਂਗਰਸ ਨਾਲ ਮਿਲਕੇ ਸਿੱਖ ਧਰਮ ਤੇ ਸਿੱਖ ਕੌਮ ਨਾਲ ਕਮਾਏ ਜਾ ਰਹੇ ਵਡੇ ਵੈਰ ਦਾ ਜ਼ਿਕਰ ਕੀਤਾ।ਸਿੱਖ ਕੌਮ ਨੂੰ ਦਿਤੀਆਂ ਜਾ ਰਹੀਆਂ ਧਮਕੀਆਂ ਦਾ ਜ਼ਿਕਰ ਕੀਤਾ। ਸਰਬੱਤ ਖਾਲਸਾ ਦੁਆਰਾ ਲਏ ਵਡੇ ਫੈਸਲਿਆਂ ਨੂੰ ਤਾਕਤ ਦੇ ਜ਼ੋਰ ਬਦਲਣ ਬਾਰੇ ਦੱਸਿਆ। ਸਭ ਬੁਲਾਰਿਆਂ ਨੇ ਇਕ ਆਵਾਜ਼ ਹੋ ਕੇ ਕਿਹਾ ਕਿ ਇਨਾਂ ਸਾਰਿਆਂ ਪੁਆੜਿਆ ਦੀ ਜੜ੍ਹ ਗੁਲਾਮੀ ਹੈ। ਜੇ ਅੱਜ ਸਿੱਖ ਕੌਮ ਕੋਲ ਆਪਣਾ ਰਾਜ ਖਾਲਿਸਤਾਨ ਹੁੰਦਾ ਤਾਂ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਈ ਜੁਰਅਤ ਨਹੀਂ ਸੀ ਕਰ ਸਕਦਾ ਤੇ ਦੋ ਨੌਜਵਾਨ ਕਦੇ ਸ਼ਹੀਦ ਨਾ ਹੁੰਦੇ। ਅੱਜ ਸਿੱਖ ਕੌਮ ਦੇ ਮਨੁੱਖੀ ਅਧਿਕਾਰਾਂ ਦਾ ਕਤਲੇਆਮ ਸ਼ਰੇਆਮ ਉਨਾਂ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ, ਜਿਨਾਂ ਦੀ ਡਿਊਟੀ ਸਿੱਖਾਂ ਦੀ ਹਿਫਾਜ਼ਤ ਕਰਨ ਲਈ ਲੱਗੀ ਹੋਈ ਹੈ ਤੇ ਜਿਨਾਂ ਨੂੰ ਇਸ ਲਈ ਤਨਖਾਹ ਦਿਤੀ ਜਾਂਦੀ ਹੈ। ਭੁਲੇਖੇ ਨਾਲ ਉਹ ਆਪਣੇ ਆਪ ਨੂੰ ਰਾਜੇ ਸਮਝ ਬੈਠੇ ਹਨ। ਬਾਰ ਬਾਰ ਜੈਕਾਰੇ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲੱਗ ਰਹੇ ਸਨ।
ਕੈਲੇਫੋਰਨੀਆਂ ਦੀ ਸਰਕਾਰ ਨੂੰ ਪੰਜਾਬ ਦੀ ਵਿਸਫੋਟਮ ਸਥਿਤੀ ਬਾਰੇ ਮੈਮੋਰੈੰਡਮ ਦਿੱਤਾ ਗਿਆ। ਭਾਈ ਗੁਰਮੀਤ ਸਿੰਘ ਖਾਲਸਾ ਨੇ ਪਹੁੰਚੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਦਾ ਹਾਰਦਿਕ ਦਿਲੋਂ ਧੰਨਵਾਦ ਕੀਤਾ। ਕੈਲੇਫੋਰਨੀਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਤੇ ਸੰਗਤਾਂ ਦੀ ਕੋਲੀਸ਼ਨ ਦੁਆਰਾ ਕੀਤਾ ਗਿਆ ਮੁਜ਼ਾਹਰਾ ਆਪਣੇ ਨਿਸ਼ਾਨੇ ਵਿਚ ਬੇਹੱਦ ਸਫਲ ਰਿਹਾ, ਜਿਸ ਵਿਚ ਆਪ ਮੁਹਾਰੇ ਸੰਗਤਾਂ ਪਹੁੰਚੀਆਂ। ਗੁਰਦੁਆਰਾ ਸਾਹਿਬ ਫਰੀਮਾਟ ਤੋਂ ਇਕ ਬੱਸ ਭਰ ਕੇ ਪਹੁੰਚੀ।
ਕੈਲੇਫੋਰਨੀਆਂ ਦੀ ਰਾਜਧਾਨੀ ਵਿਚ ਕੈਪੀਟਲ ਸਟੇਟ ਬਿਲਡਿੰਗ ਸਾਹਮਣੇ ਬਾਦਲ ਸਰਕਾਰ ਦੇ ਜ਼ੁਲਮਾ ਵਿਰੁੱਧ ਭਾਰੀ ਰੋਸ ਮੁਜ਼ਾਹਰਾ
This entry was posted in ਅੰਤਰਰਾਸ਼ਟਰੀ.