ਨਵੀਂ ਦਿੱਲੀ : ਪੰਜਾਬੀ ਦੇ ਉਘੇ ਵਿਦਿਵਾਨ, ਪੱਤਰਕਾਰ ਅਤੇ ਲੇਖਕ ਡਾ. ਮਹੀਪ ਸਿੰਘ ਨੂੰ ਸਮਾਜ ਦੀਆਂ ਵੱਖ-ਵੱਖ ਸਨਮਾਨਿਤ ਹਸ਼ਤੀਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਖੇ ਹੋਏ ਅੰਤਿਮ ਅਰਦਾਸ ਦੇ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇੰਸ ਚਾਂਸਲਰ ਡਾ. ਜਸਪਾਲ ਸਿੰਘ, ਸਾਬਕਾ ਐਮ.ਪੀ. ਐਚ.ਐਸ. ਹੰਸਪਾਲ, ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਡਾ. ਸ਼ਰਨ ਅਤੇ ਸਿੱਖ ਫੋਰਮ ਦੇ ਅਮਰਜੀਤ ਸਿੰਘ ਨਾਰੰਗ ਨੇ ਡਾ. ਮਹੀਪ ਸਿੰਘ ਨੂੰ ਹਿੰਦੀ ਤੇ ਪੰਜਾਬੀ ਭਾਸ਼ਾ ’ਚ ਮਹਾਰਤ ਰਖਣ ਵਾਲਾ ਵਿਦਿਵਾਨ ਦਸਿਆ।
ਜੀ.ਕੇ. ਨੇ ਮਹੀਪ ਸਿੰਘ ਦੇ ਪਰਿਵਾਰ ਨਾਲ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਦੇ ਸਮੇਂ ਤੋਂ ਨੇੜਤਾ ਹੋਣ ਦਾ ਦਾਅਵਾ ਕਰਦੇ ਹੋਏ ਪਰਿਵਾਰ ਨੂੰ ਬੁੱਧੀਜੀਵੀ ਪਰਿਵਾਰ ਵੀ ਐਲਾਨਿਆ। 1984 ਸਿੱਖ ਕਤਲੇਆਮ ਤੋਂ ਬਾਅਦ ਦਿੱਲੀ ਛੱਡਣ ਦਾ ਡਾ. ਮਹੀਪ ਸਿੰਘ ਤੇ ਦਬਾਵ ਪੈਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਉਨ੍ਹਾਂ ਵੱਲੋਂ ਸ਼ਹਿਰ ਛੱਡਣ ਦੀ ਬਜਾਏ ਦੇਸ਼ ਦੀ ਹਾਲਾਤ ਸੁਧਾਰਨ ਦੇ ਬਾਰੇ ਦਿੱਤੇ ਗਏ ਬਿਆਨਾਂ ਦਾ ਵੀ ਵੇਰਵਾ ਦਿੱਤਾ। ਸਿੱਖ ਵਿਚਾਰਧਾਰਾ ਨੂੰ ਲੈ ਕੇ ਡਾ. ਮਹੀਪ ਸਿੰਘ ਵੱਲੋਂ ਲਿਖਿਆਂ ਕਿਤਾਬਾਂ ਨੂੰ ਵੀ ਜੀ.ਕੇ. ਨੇ ਅਨਮੋਲ ਦਸਿਆ।ਜੀ.ਕੇ. ਨੇ ਗੁਰੂ ਦੇ ਦੱਸੇ ਰਾਹ ਤੇ ਡਾ. ਮਹੀਪ ਸਿੰਘ ਵੱਲੋਂ ਪਹਿਰਾ ਦੇ ਕੇ ਆਪਣੀ ਕਲਮ ਦੀ ਤਾਕਤ ਨੂੰ ਦੇਸ਼ ਅਤੇ ਕੌਮ ਵਾਸਤੇ ਵਰਤਣ ਦਾ ਵੀ ਹਵਾਲਾ ਦਿੱਤਾ।
ਡਾ. ਜਸਪਾਲ ਨੇ ਡਾ. ਮਹੀਪ ਸਿੰਘ ਦੇ ਯੋਗਦਾਨ ਨੂੰ ਪੰਜਾਬੀ ਅਤੇ ਹਿੰਦੀ ਸਾਹਿਤ ਖੇਤਰ ਵੱਲੋਂ ਨਹੀਂ ਭੁਲਾਉਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਨੂੰ ਬਹੁਪੱਖੀ ਸੁਮੇਲ ਵਾਲੀ ਵੱਡੀ ਸਖਸ਼ੀਅਤ ਵੀ ਕਰਾਰ ਦਿੱਤਾ। ਨਾਰੰਗ ਨੇ ਡਾ. ਮਹੀਪ ਸਿੰਘ ਨੂੰ ਮਨੁੱਖੀ ਅਧਿਕਾਰਾਂ ਦਾ ਵੱਡਾ ਹਿਮਾਇਤੀ ਵੀ ਕਰਾਰ ਦਿੱਤਾ। ਡਾ. ਮਹੀਪ ਸਿੰਘ ਦੇ ਪੁੱਤਰ ਜੈਦੀਪ ਸਿੰਘ ਤੇ ਸੰਦੀਪ ਸਿੰਘ ਨੂੰ ਹੰਸਪਾਲ ਨੇ ਨਾਮਧਾਰੀ ਸੰਪਰਦਾ ਵੱਲੋਂ ਦਸਤਾਰ ਭੇਂਟ ਕੀਤੀ। ਇਸ ਮੌਕੇ ਪਰਿਵਾਰ ਮੈਂਬਰਾਂ ਤੋਂ ਇਲਾਵਾ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਦੇ ਮੁਖੀ ਪਰਮਜੀਤ ਸਿੰਘ ਰਾਣਾ, ਡਾ. ਰਵੇਲ ਸਿੰਘ, ਡਾ. ਜਸਵਿੰਦਰ ਸਿੰਘ ਆਦਿਕ ਨੇ ਅੰਤਿਮ ਅਰਦਾਸ ’ਚ ਹਾਜ਼ਰੀ ਭਰੀ।