ਨਵੀਂ ਦਿੱਲੀ : ਨਵੀਂ ਦਿੱਲੀ ਸਥਿਤ ਇੰਡੀਅਨ ਇਸਲਾਮਕਿ ਕਲਚਰਲ ਸੈਂਟਰ ਵਿੱਖੇ ਹਰ ਸਾਲ ਵਾਂਗ ਇਸ ਵਾਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸੈਂਟਰ ਦੇ ਚੇਅਰਮੈਨ ਜਨਾਬ ਸਿਰਾਜੁਦੀਨ ਕੁਰੇਸ਼ੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸਮੁਚੇ ਮਨੁਖੀ ਭਾਈਚਾਰੇ ਵਿੱਚ ਪਿਆਰ ਅਤੇ ਸਾਂਝੀਵਾਲਤਾ ਦੀ ਭਾਵਨਾ ਪੈਦਾ ਕਰਨ ਦੇ ਕੀਤੇ ਗਏ ਉਪਰਾਲਿਆਂ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਕੀਤਾ। ਭਾਰਤ ਦੇ ਚੀਫ ਜਸਟਿਸ ਨੇ ਮੁੱਖ ਮਹਿਮਾਨ ਵਜੋਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮੁਚੀ ਮਨੁਖਤਾ ਦੇ ਮਾਰਗ ਦਰਸ਼ਕ ਕਰਾਰ ਦਿੱਤਾ ਅਤੇ ਮਲਕ ਭਾਗੋ ਅਤੇ ਭਾਈ ਲਾਲੋ ਦੀ ਸਾਖੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮਾਨਵੀ ਸਾਂਝ ਅਧਾਰਤ ਗਰੀਬਾਂ ਨੂੰ ਗਲ ਲਾਉਣ ਦਾ ਜੋ ਉਪਦੇਸ਼ ਦਿੱਤਾ, ਉਹ ਕਿਸੇ ਇੱਕ ਫਿਰਕੇ ਤਕ ਸੀਮਤ ਨਾ ਹੋ ਕੇ ਸਮੁਚੀ ਮਨੁਖਤਾ ਲਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਉਪਦੇਸ਼ ਅੱਜ ਵੀ ਉਤਨੇ ਹੀ ਸਾਰਥਕ ਹਨ, ਜਿਤਨੇ ਕਿ ਉਨ੍ਹਾਂ ਦੇ ਆਪਣੇ ਸਮੇਂ ਵਿੱਚ ਸਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਇਸਲਾਮਿਕ ਸੈਂਟਰ ਵਲੋਂ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮੰਨਾਉਣ ਲਈ ਕੀਤੇ ਜਾਂਦੇ ਚਲੇ ਆ ਰਹੇ ਉਦਮਾਂ ਲਈ ਸੈਂਟਰ ਦੇ ਮੁੱਖੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ-ਸਾਂਝੀਵਾਲਤਾ ਪੁਰ ਅਧਾਰਤ ਸੰਦੇਸ਼ ਨੂੰ ਸਮੁਚੀ ਲੋਕਾਈ ਤਕ ਪਹੁੰਚਾਣ ਦੀ ਬਹੁਤ ਲੋੜ ਹੈ ਅਤੇ ਇਸ ਜ਼ਿਮੇਂਦਾਰੀ ਨੂੰ ਸਾਰੇ ਧਰਮਾਂ ਦੇ ਪੈਰੋਕਾਰ ਆਪਸੀ ਮਿਲਵਰਤਣ ਨਾਲ ਸੁਚਜੇ ਢੰਗ ਨਾਲ ਨਿਭਾ, ਅਜੋਕੀ ਦੁਨੀਆ ਵਿੱਚ ਫੈਲ ਰਹੇ ਨਫਰਤ ਦੇ ਵਾਤਾਵਰਣ ਨੂੰ ਠਲ੍ਹ ਪਾ ਸਕਦੇ ਹਨ। ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਇਸ ਗਲ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਧਰਮ ਨੂੰ ਰਾਜਨੈਤਿਕ ਸੁਆਰਥ ਲਈ ਵਰਤਣ ਦੀ ਬਜਾਏ, ਆਪਸੀ ਪਿਆਰ ਅਤੇ ਸਾਂਝ ਨੂੰ ਮਜ਼ਬੂਤ ਕਰਨ ਲਈ ਵਰਤਿਆ ਜਾਏ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ਾਂ ਦਾ ਪ੍ਰਚਾਰ ਬਹੁਤ ਹੀ ਸਹਾਇਕ ਸਾਬਤ ਹੋ ਸਕਦਾ ਹੈ। ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣਾ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੱਖ-ਵੱਖ ਫਿਰਕਿਆਂ ਵਿੱਚ ਆਪਸੀ ਸੰਵਾਦ ਦੀ ਜਿਸ ਪ੍ਰਕ੍ਰਿਆ ਨੂੰ ਪ੍ਰਚਲਤ ਕਰਨ ਦੀ ਪੈਰਵੀ ਕੀਤੀ ਸੀ, ਉਸਨੂੰ ਅੱਜ ਦੇ ਯੁਗ ਵਿੱਚ ਸਮਝਣ ਅਤੇ ਅਪਨਾਉਣ ਦੀ ਲੋੜ ਹੈ, ਤਾਂ ਜੋ ਕੁਝ ਲੋਕਾਂ ਵਲੋਂ ਧਰਮ ਦੇ ਨਾਂ ਤੇ ਜੋ ਦਵੇਸ਼ ਤੇ ਨਫਰਤ ਪੈਦਾ ਕਰਨ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ, ਉਸਨੂੰ ਅਸਫਲ ਬਣਾਇਆ ਜਾ ਸਕੇ ਅਤੇ ਮਨੁਖੀ ਭਾਈਚਾਰੇ ਵਿੱਚ ਇੱਕ ਆਦਰਸ਼ਕ ਸਾਂਝ ਪੈਦਾ ਕਰ, ਇਸ ਸੰਸਾਰ ਨੂੰ ਪਿਆਰ ਦੇ ਇੱਕ ਸੁੰਦਰ ਮੰਦਰ ਵਜੋਂ ਸਿਰਜਿਆ ਜਾ ਸਕੇ। ਘਟ-ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਸ. ਹਰਚਰਨ ਸਿੰਘ ਜੋਸ਼ ਨੇ ਕਿਹਾ ਕਿ ਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਏ ਤਾਂ ਉਨ੍ਹਾਂ ਨੂੰ ਕਿਸੇ ਇੱਕ ਮਜ਼ਹਬ ਦੀਆਂ ਦੀਵਾਰਾਂ ਵਿੱਚ ਸੀਮਤ ਨਹੀਂ ਕੀਤਾ ਜਾ ਸਕਦਾ। ਉਹ ਤਾਂ ਸਮੁਚੀ ਲੋਕਾਈ ਨੂੰ ਹੀ ਸੱਚਾ ਰਾਹ ਵਿਖਾਣ ਆਏ ਸਨ। ਅੰਤ ਵਿੱਚ ਜਨਾਬ ਸਿਰਾਜੁਦੀਨ ਕੁਰੇਸ਼ੀ ਆਏ ਮਹਿਮਾਨਾਂ ਦਾ ਧੰਨਵਾਦ ਕਰਨ ਦੀ ਜ਼ਿਮੇਂਦਾਰੀ ਨਿਭਾਈ।
ਇੰਡੀਅਨ ਇਸਲਾਮਕਿ ਕਲਚਰਲ ਸੈਂਟਰ ਵਿੱਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ
This entry was posted in ਭਾਰਤ.