ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਸਿੰਚਾਈ ਅਤੇ ਹੜ ਕਾਬੂ ਵਿਭਾਗ ’ਚ ਸਹਾਇਕ ਇੰਜੀਨੀਅਰ ਵੱਜੌਂ ਕਾਰਜ ਕਰ ਰਹੇ ਪੀ.ਐਸ. ਵਿਰਕ ਨਾਲ ਆਪਣੇ ਵਿਭਾਗ ਦੇ ਉੱਚ ਅਧਿਕਾਰੀ ਤੇ ਧਰਮ ਦੇ ਨਾਂ ਤੇ ਸਰਕਾਰੀ ਦਫ਼ਤਰ ’ਚ ਰੋਜ਼ਾਨਾ ਦੇ ਕਾਰਜਾਂ ਦੌਰਾਨ ਭੇਦਭਾਵ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੀ.ਐਸ. ਵਿਰਕ ਦੇ ਪਿਤਾ ਕੇ.ਐਸ. ਵਿਰਕ ਵੱਲੋਂ ਇਸ ਸਬੰਧ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਲਿਖਿਤ ਸ਼ਿਕਾਇਤ 28 ਨਵੰਬਰ 2015 ਨੂੰ ਕਮੇਟੀ ਦਫ਼ਤਰ ਵਿੱਚ ਪੁਜ ਕੇ ਦਰਜ਼ ਕਰਵਾਈ ਗਈ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਜੀ.ਕੇ. ਵੱਲੋਂ ਭਾਰਤ ਦੇ ਨਾਗਰਿਕਾਂ ਨੂੰ ਸੰਵਿਧਾਨ ਰਾਹੀਂ ਸਰਕਾਰੀ ਨੌਕਰੀ ਦੌਰਾਨ ਬਰਾਬਰੀ ਦਾ ਹੱਕ ਦੇਂਦੇ ਆਰਟੀਕਲ 16 ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਨੂੰ ਪੱਤਰ ਅਤੇ ਚੇਅਰਮੈਨ ਕੌਮੀ ਘਟਗਿਣਤੀ ਕਮਿਸ਼ਨ, ਚੇਅਰਮੈਨ ਦਿੱਲੀ ਘਟਗਿਣਤੀ ਕਮਿਸ਼ਨ, ਮੈਂਬਰ ਹਰਵਿੰਦਰ ਸਿੰਘ ਸਰਨਾ ਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਤਾਰਾ ਭੇਜਿਆ ਗਿਆ ਹੈ।
ਜੀ.ਕੇ. ਨੇ ਪ੍ਰਾਪਤ ਹੋਈ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਉਪਰਾਜਪਾਲ ਨੂੰ ਦੱਸਿਆ ਹੈ ਕਿ ਜਿੱਥੇ ਧਰਮ ਦੇ ਆਧਾਰ ਤੇ ਪੀ.ਐਸ. ਵਿਰਕ ਨੂੰ ਉਸ ਦੇ ਉੱਚ ਅਧਿਕਾਰੀ ਐਗਜੀਕਿਊਟਿਵ ਇੰਜੀਨੀਅਰ ਐਸ.ਕੇ. ਸ਼ਰਮਾ ਵੱਲੋਂ ਧਾਰਮਿਕ ਤੌਰ ਤੇ ਭੇਦਭਾਵ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਵਿਰਕ ਨੂੰ ਹਰ ਗੱਲ ਤੇ ਵਾਹਿਗੁਰੂ ਦੀ ਕਸਮ ਚੁੱਕਣ ਲਈ ਗੈਰਕਾਨੂੰਨੀ ਤਰੀਕੇ ਦੀ ਵਰਤੋਂ ਕਰਦੇ ਹੋਏ ਆਧਾਰਹੀਨ, ਗੈਰਜ਼ਰੂਰੀ ਜਵਾਬ ਤਲਬੀ ਅਤੇ ਚੇਤਾਵਨੀ ਪੱਤਰ ਜਾਰੀ ਕਰਕੇ ਕੰਮ ਕਰਨ ਦੇ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ ਤਾਂਕਿ ਉਹ ਆਪਣੀ ਨੌਕਰੀ ਛੱਡ ਕੇ ਚਲਾ ਜਾਵੇ। ਵਿਰਕ ਦੇ ਸਿੱਖ ਹੋਣ ਕਰਕੇ ਉਸ ਨੂੰ ਦਫ਼ਤਰ ’ਚ ਚਪੜਾਸੀ ਜਾਂ ਨਿਜ਼ੀ ਸਹਾਇਕ ਦੇ ਵੱਜੋਂ ਕੰਮ ਕਰਨ ਦਾ ਦਬਾਵ ਪਾਉਣ ਦੇ ਨਾਲ ਹੀ ਵਿਰਕ ਨੂੰ ਆਪਣੀ ਸੀਟ ਦੂਜੇ ਗੈਰ ਸਿੱਖ ਲੋਕਾਂ ਵਾਸਤੇ ਖਾਲੀ ਕਰਨ ਦਾ ਵੀ ਆਦੇਸ਼ ਫਿਰਕੂ ਸੋਚ ਵਾਲੇ ਅਧਿਕਾਰੀ ਵੱਲੋਂ ਦਿੱਤਾ ਜਾਉਂਦਾ ਹੈ। ਜੀ.ਕੇ. ਨੇ ਵਿਰਕ ਦੀ ਸ਼ਿਕਾਇਤ ਵਿਚ ਦਰਜ਼ ਤੱਥਾਂ ਨੂੰ ਸੰਵਿਧਾਨਿਕ, ਧਾਰਮਿਕ ਅਤੇ ਮਨੁੱਖੀ ਅਧਿਕਾਰਾਂ ਦਾ ਕੱਤਲ ਦੱਸਦੇ ਹੋਏ ਇਸ ਸਬੰਧ ’ਚ ਸਖ਼ਤ ਕਾਰਵਾਈ ਸ਼ਰਮਾ ਦੇ ਖਿਲਾਫ਼ ਕਰਨ ਦੀ ਵੀ ਉਪਰਾਜਪਾਲ ਨੂੰ ਅਪੀਲ ਕੀਤੀ।
ਕੇ.ਐਸ. ਵਿਰਕ ਵੱਲੋਂ ਜੀ.ਕੇ. ਨੂੰ ਦਿੱਤੀ ਗਈ ਆਪਣੀ ਸ਼ਿਕਾਇਤ ’ਚ ਆਪਣੇ ਪੁੱਤਰ ਦੀ ਏ.ਸੀ.ਆਰ. /ਏ.ਪੀ.ਆਰ. ਰਿਪੋਰਟ ਸ਼ਰਮਾ ਵੱਲੋਂ ਖਰਾਬ ਕਰਨ ਦਾ ਵੀ ਖਦਸਾ ਜਤਾਇਆ ਗਿਆ ਹੈ। ਕੇ.ਐਸ.ਵਿਰਕ ਦਾ ਕਹਿਣਾ ਹੈ ਕਿ ਖਾਣਾ ਖਾਉਣ ਦੌਰਾਨ ਉਸਦੇ ਪੁੱਤਰ ਨੂੰ ਜਬਰਦਸਤੀ ਫੋਨ ਚੁੱਕਣ ਦੇ ਆਦੇਸ਼ ਦੇਣ ਦੇ ਨਾਲ ਹੀ ਸ਼ਰਮਾ ਤੇਂ ਦਫ਼ਤਰ ਦੇ ਰਿਕਾਰਡ ’ਚ ਹੇਰਾਫੇਰੀ ਕਰਕੇ ਉਸ ਦੇ ਪੁੱਤਰ ਵੱਲੋਂ ਟ੍ਰੇਨਿੰਗ ਦੌਰਾਨ ਲਈਆਂ ਗਈਆਂ ਛੁੱਟੀਆਂ ਨੂੰ ਗੈਰਹਾਜਰੀ ਵੱਜੋਂ ਦਰਸ਼ਾਉਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਫਿਰਕੂ ਸੋਚ ਨੂੰ ਮੁੱਖ ਰਖਦੇ ਹੋਏ ਸ਼ਰਮਾ ਵੱਲੋਂ ਦੂਜੇ ਕਰਮਚਾਰੀਆਂ ਦੇ ਸਾਹਮਣੇ ਵਿਰਕ ਨੂੰ ਬੇਇਜੱਤ ਕਰਨ, ਗਾਲ੍ਹਾਂ ਕੱਢਣ, ਬਾਰ-ਬਾਰ ਤਬਾਦਲਾ ਕਰਨ, ਨੌਕਰੀ ਛੱਡਣ ਦਾ ਦਬਾਵ ਪਾਉਣ ਅਤੇ ਤਿਉਹਾਰ ਦੌਰਾਨ ਛੁੱਟੀ ਦੇਣ ’ਚ ਆਨਾਕਾਨੀ ਕਰਨ ਦਾ ਦੋਸ਼ ਕੇ.ਐਸ.ਵਿਰਕ ਦੇ ਲਗਾਉਂਦੇ ਹੋਏ ਉਸ ਦੇ ਪੁੱਤਰ ਦੀ ਉੱਚ ਅਹੁੱਦੇ ਵਾਸਤੇ ਤਰੱਕੀ ਦੇ ਪੱਤਰਾਂ ਨੂੰ ਲਮਕਾਉਣ ਦਾ ਵੀ ਸ਼ਰਮਾ ਤੇ ਦੋਸ਼ ਲਗਾਇਆ ਹੈ।