ਚੰਡੀਗੜ੍ਹ – “ਪੱਤਰਕਾਰੀ ਦੇ ਖੇਤਰ ਵਿਚ ਅਹਿਮ ਸਥਾਨ ਰੱਖਣ ਵਾਲੇ ਸ. ਕੰਵਰ ਸਿੰਘ ਸੰਧੂ ਜਿਸ ਨੇ ਪੰਜਾਬ ਵਿਚ ਹੋਈਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਅਤੇ ਸਿੱਖ ਕੌਮ ਤੇ ਭਾਰਤੀ ਹਕੂਮਤ ਵੱਲੋ ਕੀਤੇ ਜ਼ਬਰ-ਜੁਲਮ ਨੂੰ ਆਪਣੀ ਲਿਆਕਤ ਅਤੇ ਦ੍ਰਿੜਤਾ ਨਾਲ ਗੁਰਮੀਤ ਸਿੰਘ ਪਿੰਕੀ ਕੈਟ ਦੀ ਜੁਬਾਨ ਤੋ ਸੱਚ ਉਗਲਣਾਂ ਇਕ ਇੰਟਰਵਿਊ ਰਾਹੀ ਦੁਨੀਆਂ ਸਾਹਮਣੇ ਰੱਖਿਆ ਹੈ, ਇਸ ਨੇਕ ਕੰਮ ਬਦਲੇ ਸਮੁੱਚੀ ਸਿੱਖ ਕੌਮ ਸ. ਸੰਧੂ ਦੀ ਕਰਜਦਾਰ ਹੈ ।”
ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਿੰਕੀ ਕੈਟ ਦੇ ਸੱਚ ਨੂੰ ਸ. ਕੰਵਰ ਸਿੰਘ ਸੰਧੂ ਵੱਲੋ ਕਲਮਬੰਦ ਕਰਨ ਅਤੇ ਦੁਨੀਆਂ ਸਾਹਮਣੇ ਸੱਚ ਲਿਆਉਣ ਦੇ ਦ੍ਰਿੜਤਾ ਭਰੇ ਉਦਮ ਲਈ ਸਮੁੱਚੀ ਸਿੱਖ ਕੌਮ ਵੱਲੋ ਸ. ਸੰਧੂ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸ. ਸੰਧੂ ਨੇ ਪਹਿਲਾ ਵੀ ਆਪਰੇਸ਼ਨ ਬਲਿਊ ਸਟਾਰ ਦੌਰਾਨ ਸਿੱਖ ਕੌਮ ਨਾਲ ਹੋਈਆਂ ਜਿਆਦਤੀਆਂ ਅਤੇ ਸੱਚ ਨੂੰ ਪ੍ਰਤੱਖ ਕਰਕੇ ਹਿੰਦ ਹਕੂਮਤ ਨੂੰ ਨੰਗਾਂ ਕੀਤਾ ਸੀ । ਉਹਨਾਂ ਕਿਹਾ ਕਿ ਜਦੋ ਹੁਣ ਪਿੰਕੀ ਕੈਟ ਵੱਲੋ ਬੀਤੇ ਸਮੇ ਦੇ ਪੰਜਾਬ ਦੇ ਵੱਡੇ ਪੁਲਿਸ ਅਫ਼ਸਰਾਂ ਅਤੇ ਜ਼ਾਲਮ ਅਧਿਕਾਰੀਆਂ ਦੇ ਵੱਲੋ ਸਿੱਖ ਨੌਜ਼ਵਾਨੀ ਦੇ ਜ਼ਬਰੀ ਕੀਤੇ ਗਏ ਕਤਲੇਆਮ ਦਾ ਸੱਚ ਸਾਹਮਣੇ ਆ ਚੁੱਕਾ ਹੈ, ਤਾਂ ਹੁਣ ਪੰਜਾਬ ਦੀ ਬਾਦਲ ਹਕੂਮਤ ਅਤੇ ਸੈਟਰ ਦੀ ਮੋਦੀ ਹਕੂਮਤ ਉਹਨਾਂ ਕਾਤਲ ਪੁਲਿਸ ਅਫ਼ਸਰਾਂ ਵਿਰੁੱਧ ਕੀ ਅਮਲ ਕਰਦੀ ਹੈ, ਇਸ ਉਤੇ ਹੀ ਸਿੱਖ ਕੌਮ ਦਾ ਪ੍ਰਤੀਕਰਮ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਹ ਹਕੂਮਤੀ ਅਮਲਾਂ ਉਤੇ ਨਿਰਭਰ ਹੋਵੇਗਾ ਕਿ ਉਹ ਸਿੱਖ ਕੌਮ ਨਾਲ ਕੀਤੀਆਂ ਜਿਆਦਤੀਆਂ ਦੀ ਤਰ੍ਹਾਂ ਹੀ ਇਸ ਨੂੰ ਵੀ ਲਟਕਾਉਣ ਦੀ ਨੀਤੀ ਤੇ ਕੰਮ ਕਰਦੇ ਹਨ ਜਾਂ ਸਿੱਖ ਕੌਮ ਨੂੰ ਇਨਸਾਫ਼ ਦਿੰਦੇ ਹਨ ? ਲੇਕਿਨ ਅਸੀਂ ਸਿੱਖ ਕੌਮ ਨਾਲ ਇਹ ਬਚਨ ਕਰਦੇ ਹਾਂ ਕਿ ਕੇ.ਪੀ.ਐਸ. ਗਿੱਲ, ਐਸ.ਐਸ. ਵਿਰਕ, ਸੁਮੇਧ ਸੈਣੀ, ਇਜ਼ਹਾਰ ਆਲਮ ਅਤੇ ਹੋਰ ਜਿਨ੍ਹਾਂ ਵੀ ਪੁਲਿਸ ਅਫ਼ਸਰਾਂ ਨੇ ਸਿੱਖ ਕੌਮ ਉਤੇ ਅਣਮਨੁੱਖੀ ਗੈਰ-ਕਾਨੂੰਨੀ ਤਰੀਕੇ ਜ਼ਬਰ-ਜੁਲਮ ਢਾਹੇ ਹਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹਕੂਮਤ ਵਿਚ ਆਉਣ ਤੇ ਇਹਨਾਂ ਉਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਕਾਰਵਾਈ ਅਵੱਸ ਹੋਵੇਗੀ ਅਤੇ ਇਹ ਕਾਤਲ ਆਪਣੇ ਕੀਤੇ ਦੀ ਸਜ਼ਾ ਅਵੱਸ ਪਾਉਣਗੇ । ਸ. ਮਾਨ ਨੇ ਦੁਨੀਆਂ ਵਿਚ ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਵਿਚਰਣ ਵਾਲੇ ਮੁਲਕਾਂ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਸਖਸ਼ੀਅਤਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਜਦੋ ਪੁਲਿਸ ਦੇ ਇਕ ਕੈਟ ਕਿਸਮ ਦੇ ਮੁਲਾਜਮ ਨੇ ਹੀ ਆਪਣੀ ਆਤਮਾ ਦੀ ਆਵਾਜ ਸੁਣਦੇ ਹੋਏ ਸੱਚ ਨੂੰ ਪ੍ਰਤੱਖ ਕਰ ਦਿੱਤਾ ਹੈ, ਤਾਂ ਹੁਣ ਸਿੱਖ ਕੌਮ ਉਤੇ ਜੁਲਮ ਢਾਹੁਣ ਵਾਲੇ ਕਿਸੇ ਵੀ ਦੋਸ਼ੀ ਕਾਤਲ ਨੂੰ ਬਖਸਿਆ ਨਹੀਂ ਜਾਣਾ ਚਾਹੀਦਾ । ਉਹਨਾਂ ਨੂੰ ਸਜ਼ਾਵਾਂ ਦੇਣ ਲਈ ਇਨਸਾਨੀਅਤ ਦੇ ਤੌਰ ਤੇ ਆਪਣੀਆਂ ਜਿ਼ੰਮੇਵਾਰੀਆਂ ਨੂੰ ਸਮੂਹਿਕ ਤੌਰ ਤੇ ਪੂਰਾ ਕਰਨਾ ਬਣਦਾ ਹੈ ਅਤੇ ਜੋ ਹਿੰਦੂਤਵ ਹਕੂਮਤਾਂ ਅੱਤਵਾਦ ਦਾ ਹਊਆ ਖੜ੍ਹਾ ਕਰਕੇ ਅਤੇ ਸਿੱਖ ਕੌਮ ਨੂੰ ਅੱਤਵਾਦ ਦਾ ਨਾਮ ਦੇ ਕੇ ਅਣਮਨੁੱਖੀ ਅਤੇ ਗੈਰ-ਕਾਨੂੰਨੀ ਤਰੀਕੇ ਇਨਸਾਨੀ ਜਿ਼ੰਦਗਾਨੀਆਂ ਨਾਲ ਖਿਲਵਾੜ ਕਰਦੀਆਂ ਰਹੀਆਂ ਹਨ, ਉਹਨਾਂ ਦੇ ਦਰਿੰਦਗੀ ਭਰੇ ਕਰੂਪ ਚਿਹਰੇ ਵੀ ਦੁਨੀਆਂ ਸਾਹਮਣੇ ਆ ਚੁੱਕੇ ਹਨ । ਹੁਣ ਕੌਮਾਂਤਰੀ ਹਕੂੁਮਤਾਂ ਅਤੇ ਜਥੇਬੰਦੀਆਂ ਨੂੰ ਵੀ ਅਜਿਹੀਆਂ ਅਣਮਨੁੱਖੀ ਕਾਰਵਾਈਆਂ ਕਰਨ ਵਾਲੀਆਂ ਹਕੂਮਤਾਂ ਨੂੰ ਵੀ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕਰਨਾ ਬਣਦਾ ਹੈ ਤਾਂ ਕਿ ਕੋਈ ਵੀ ਹਿੰਦੂਤਵ ਹਕੂਮਤ ਹਿੰਦ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਜਾਂ ਹੋਰਨਾਂ ਉਤੇ ਅਜਿਹਾ ਜੁਲਮ ਨਾ ਕਰ ਸਕਣ । ਸ. ਮਾਨ ਨੇ ਕਿਹਾ ਕਿ ਸ. ਸੰਧੂ ਵੱਲੋ ਇਸ ਦਲੇਰਆਨਾ ਕਦਮ ਤੋ ਹਿੰਦ ਹਕੂਮਤ ਦੇ ਕਰਿੰਦੇ ਬੜੀ ਘਬਰਹਾਟ ਵਿਚ ਹਨ, ਇਸ ਲਈ ਉਹ ਕਿਸੇ ਵੇਲੇ ਸ. ਸੰਧੂ ਨੂੰ ਜਾਨੀ ਤੌਰ ਤੇ ਸਾਜਿ਼ਸ ਅਧੀਨ ਨੁਕਸਾਨ ਪਹੁੰਚਾਉਣ ਦੀ ਘਟੀਆਂ ਹਰਕਤ ਕਰ ਸਕਦੇ ਹਨ, ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਰਕਾਰ ਤੋ ਮੰਗ ਕਰਦਾ ਹੈ ਕਿ ਸ. ਕੰਵਰ ਸਿੰਘ ਸੰਧੂ ਨੂੰ ਤੁਰੰਤ ਸੁਰੱਖਿਆ ਮੁਹੱਈਆ ਕਰਵਾਕੇ ਉਹਨਾਂ ਦੇ ਜਾਨ-ਮਾਲ ਦੀ ਰਾਖੀ ਯਕੀਨੀ ਬਣਾਵੇ ।