ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੁਚੀ ਮਨੁਖਤਾ ਦੇ ਧਾਰਮਕ ਵਿਸ਼ਵਾਸ ਦੀ ਅਜ਼ਾਦੀ ਦੇ ਰਖਿਅਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਚਾਰ-ਦਿਨਾ ਸਮਾਗਮਾਂ ਦੀ ਅਰੰਭਤਾ ਅੱਜ, ਸੋਮਵਾਰ 14 ਦਸੰਬਰ ਸਵੇਰੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਯੂਨੀਵਰਸਿਟੀ ਕੈਂਪਸ ਵਿਖੇ ਹੋਏ ਕੀਰਤਨ ਸਮਾਗਮ ਨਾਲ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਸ. ਪਰਮਜੀਤ ਸਿੰਘ ਰਾਣਾ, ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ. ਕਮੇਟੀ) ਨੇ ਦਸਿਆ ਕਿ ਕਲ੍ਹ, ਮੰਗਲਵਾਰ 15 ਦਸੰਬਰ ਸ਼ਾਮ ਅਤੇ ਬੁੱਧਵਾਰ, 16 ਦਸੰਬਰ ਸਵੇਰੇ ਗੁਰਦੁਆਰਾ ਸੀਸਗੰਜ ਸਹਿਬ ਵਿਖੇ ਵਿਸ਼ੇਸ਼ ਕੀਰਤਨ ਦਰਬਾਰ ਹੋਣਗੇ, ਜਿਨ੍ਹਾਂ ਵਿੱਚ ਪੰਥ ਪ੍ਰਵਾਨਤ ਕੀਰਤਨੀ ਜੱਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਉਨ੍ਹਾਂ ਦਸਿਆ ਕਿ ਬੁੱਧਵਾਰ, 16 ਦਸੰਬਰ ਨੂੰ ਸਵੇਰੇ 10 ਵਜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਅਰੰਭ ਹੋਵੇਗਾ, ਜੋ ਦਿੱਲੀ ਅਤੇ ਨਵੀਂ ਦਿੱਲੀ ਦੇ ਵੱਖ-ਵੱਖ ਬਜ਼ਾਰਾਂ, ਨਈ ਸੜਕ, ਚਾਵੜੀ ਬਾਜ਼ਾਰ, ਅਜਮੇਰੀ ਗੇਟ, ਪੁਲ ਪਹਾੜ ਗੰਜ, ਦੇਸ਼ਬੰਧੂ ਗੁਪਤਾ ਰੋਡ, ਚੂਨਾ ਮੰਡੀ, ਮੇਨ ਬਾਜ਼ਾਰ ਪਹਾੜ ਗੰਜ, ਬਸੰਤ ਰੋਡ, ਪਚਕੂਈਆਂ ਰੋਡ, ਗੁਰਦੁਆਰਾ ਬੰਗਲਾ ਸਾਹਿਬ ਮਾਰਗ, ਗੁਰਦੁਆਰਾ ਬੰਗਲਾ ਸਾਹਿਬ, ਗੋਲ ਡਾਕਖਾਨਾ ਅਤੇ ਪੰਡਤ ਪੰਤ ਮਾਰਗ ਤੋਂ ਹੁੰਦਾ ਹੋਇਆ ਰਾਤ ਦੇਰ ਗੁਰਦੁਆਰਾ ਰਕਾਬ ਗੰਜ ਵਿਖੇ ਸਮਾਪਤ ਹੋਵੇਗਾ। ਸ. ਰਾਣਾ ਨੇ ਦਸਿਆ ਕਿ ਇਸੇ ਦਿਨ, ਬੁੱਧਵਾਰ ਸ਼ਾਮ ਗੁਰਦੁਆਰਾ ਰਕਾਬ ਗੰਜ ਸਾਹਿਬ ਅਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਹੋਣਗੇ, ਜਿਨ੍ਹਾਂ ਵਿੱਚ ਪ੍ਰਸਿੱਧ ਕੀਰਤਨੀ ਜੱਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।
ਸ. ਪਰਮਜੀਤ ਸਿੰਘ ਰਾਣਾ ਨੇ ਹੋਰ ਦਸਿਆ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਮੁਖ ਸਮਾਗਮ ਵੀਰਵਾਰ, 17 ਦਸੰਬਰ ਨੂੰ ਲਖੀਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਹੋਵੇਗਾ। ਇਸ ਸਮਾਗਮ ਦੀ ਅਰੰਭਤਾ ਅੰਮ੍ਰਿਤ ਵੇਲੇ ਨਿਤਨੇਮ ਅਤੇ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਵੇਗੀ। ਦੇਰ ਰਾਤ ਤਕ ਚਲਣ ਵਾਲੇ ਇਸ ਸਮਾਗਮ ਵਿੱਚ ਪ੍ਰਮੁਖ ਕੀਰਤਨੀ ਜਥੇ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਵਿਦਵਾਨ ਗੁਰ-ਸ਼ਬਦ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਉਨ੍ਹਾਂ ਦਸਿਆ ਕਿ ਇਸ ਮੌਕੇ ਪੰਥਕ ਮੁੱਖੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ, ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ। ਦੁਪਹਿਰ ਬਾਅਦ ਹੋਣ ਵਾਲੇ ਕਵੀ ਦਰਬਾਰ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਆਪਣੀਆਂ ਸਜਰੀਆਂ ਕਾਵਿ ਰਚਨਾਵਾਂ ਰਾਹੀਂ ਗੁਰੂ ਚਰਨਾਂ ਵਿੱਚ ਆਪਣੀ ਸ਼ਰਧਾ ਦੇ ਫੁਲ ਭੇਂਟ ਕਰਨਗੇ।