ਸੇਂਟ ਲੂਸੀਆ-ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਚੌਥਾ ਅਤੇ ਆਖ਼ਰੀ ਇੰਟਰਨੈਸ਼ਨਲ ਕ੍ਰਿਕਟ ਮੈਚ ਐਤਵਾਰ ਨੂੰ ਬਰਸਾਤ ਦੀ ਭੇਟ ਚੜ੍ਹ ਜਾਣ ਨਾਲ ਭਾਰਤੀ ਟੀਮ ਨੇ ਚਾਰ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤਕੇ ਆਪਣੇ ਨਾਮ ਕਰ ਲਈ। ਮਹਿੰਦਰ ਸਿੰਘ ਧੋਨੀ ਨੂੰ ਮੈਨ ਆਫ਼ ਦਾ ਸੀਰੀਜ਼ ਐਲਾਨਿਆ ਗਿਆ। ਵੈਸਟ ਇੰਡੀਜ਼ ਨੇ ਟਾਸ ਗੁਆਉਣ ਤੋਨ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਦ 7.3 ਓਵਰਾਂ ਵਿਚ ਇਕ ਵਿਕਟ ‘ਤੇ 27 ਦੌੜਾਂ ਬਣਾਈਆਂ ਸਨ। ਤਾਂ ਮੂਹਲੇਧਾਰ ਵਰਖਾ ਆ ਗਈ, ਜਿਸ ਕਰਕੇ ਮੈਚ ਰੋਕਣਾ ਪਿਆ।
ਬਾਰਸ਼ ਰੁਕਣ ਤੋਂ ਬਾਅਦ ਅੰਪਾਇਰਾਂ ਨੇ ਮੈਦਾਨ ਦਾ ਨਿਰੀਖਣ ਕੀਤਾ ਤਾਂ ਉਨ੍ਹਾਂ ਨੇ ਵੇਖਿਆ ਕਿ ਮੈਦਾਨ ਖੇਡ ਦੇ ਮੁਤਾਬਕ ਨਹੀਂ ਸੀ ਅਤੇ ਉਨ੍ਹਾਂ ਨੇ ਮੈਚ ਨੂੰ ਰੱਦ ਕਰ ਦਿੱਤਾ। ਬਾਰਸ਼ ਕਰਕੇ ਜਦ ਖੇਡ ਰੁਕੀ ਸੀ, ਉਦੋਂ ਰੁਨਾਕੋ ਮੋਰਟਨ 12 ਦੌੜਾਂ ਅਤੇ ਰਾਮਨਰੇਸ਼ ਸਰਵਨ 12 ਦੌੜਾਂ ਦੇ ਨਾਲ ਕਰੀਜ਼ ‘ਤੇ ਸਨ। ਭਾਰਤ ਵਲੋਂ ਇਕੋ ਇਕ ਵਿਕਟ ਇਸ਼ਾਂਤ ਸ਼ਰਮਾ ਨੇ ਲਈ। ਇਸਤੋਂ ਪਹਿਲਾਂ ਬਾਰਸ਼ ਕਰਕੇ ਹੀ ਖੇਡ ਦੇਰ ਨਾਲ ਸ਼ੁਰੂ ਹੋਈ ਸੀ, ਜਿਸ ਕਰਕੇ ਓਵਰਾਂ ਦੀ ਗਿਣਤੀ ਘਟਾਕੇ ਪ੍ਰਤੀ ਟੀਮ 49 ਓਵਰ ਕਰ ਦਿੱਤੀ ਗਈ ਸੀ।
ਇਸਤੋਂ ਪਹਿਲਾਂ ਭਾਰਤ ਨੇ ਪਹਿਲਾ ਮੈਚ 20 ਦੌੜਾਂ ਨਾਲ ਜਿਤਿਆ ਸੀ। ਦੂਜਾ ਮੈਚ ਬੜੀ ਬੁਰੀ ਤਰ੍ਹਾਂ ਭਾਰਤੀ ਟੀਮ ਅੱਠ ਵਿਕਟਾਂ ਨਾਲ ਵੈਸਟ ਇੰਡੀਜ਼ ਤੋਂ ਹਾਰ ਗਈ ਸੀ। ਤੀਜਾ ਮੈਚ ਭਾਰਤੀ ਟੀਮ ਨੇ ਡਕਵਰਥ ਲੁਈਸ ਮੈਥਡ ਨਾਲ ਛੇ ਵਿਕਟਾਂ ਨਾਲ ਜਿਤਕੇ ਸੀਰੀਜ਼ ਵਿਚ 2-1 ਨਾਲ ਵਾਧਾ ਕਰ ਲਿਆ ਸੀ। ਭਾਰਤ ਨੇ ਕੈਰੀਬੀਆਈ ਧਰਤੀ ‘ਤੇ ਦੂਜੀ ਵਾਰ ਵਨ ਡੇਅ ਸੀਰੀਜ਼ ਜਿੱਤੀ। ਇਸ ਤੋਂ ਪਹਿਲਾਂ ਉਸਨੇ 2002 ਵਿਚ ਸੌਰਵ ਗਾਂਗੋਲੀ ਦੀ ਕਪਤਾਨੀ ਵਿਚ ਪੰਜ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਮ ਕੀਤੀ ਸੀ। ਇਸ ਸੀਰੀਜ਼ ਦੇ ਦੋ ਮੈਚ ਵੀ ਬਾਰਸ਼ ਦੀ ਭੇਂਟ ਚੜ੍ਹ ਗਏ ਸਨ।
ਕ੍ਰਿਕਟ: ਭਾਰਤ ਨੇ ਸੀਰੀਜ਼ ਜਿੱਤੀ
This entry was posted in ਖੇਡਾਂ.