ਬਠਿੰਡਾ – ਪੰਜਾਬ ਕਾਂਗਰਸ ਦੇ ਫਿਰ ਤੋਂ ਬਣੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿੱਚ ਸਾਰੇ ਕਾਂਗਰਸੀ ਨੇਤਾਵਾਂ ਨੂੰ ਨਾਲ ਲੈ ਕੇ ਕੀਤੀ ਗਈ ਰੈਲੀ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਇਹ ਸਾਬਿਤ ਕਰ ਦਿੱਤਾ ਕਿ ਕਾਂਗਰਸ ਇੱਕਮੁੱਠ ਹੈ। ਮਹਾਰਾਜਾ ਅਮਰਿੰਦਰ ਸਿੰਘ ਨੇ ਇਸ ਰੈਲੀ ਦੌਰਾਨ ਸਟੇਜ ਤੇ ਗੁਟਕਾ ਸਾਹਿਬ ਹੱਥ ਵਿੱਚ ਲੈ ਕੇ ਇਹ ਸੌਂਹ ਚੁੱਕੀ ਕਿ ਰਾਜ ਵਿੱਚ ਕਾਂਗਰਸ ਸਰਕਾਰ ਬਣਨ ਤੇ ਉਹ ਪਹਿਲੇ ਚਾਰ ਹਫ਼ਤਿਆਂ ਵਿੱਚ ਹੀ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਭ੍ਰਿਸ਼ਟਾਚਾਰ ਦਾ ਖਾਤਮਾ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕੀਤੀ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੂਰੀ ਲੀਡਰਸਿ਼ੱਪ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਵਾਗਡੋਰ ਸੌਂਪੀ। ਕੈਪਟਨ ਨੇ ਦੁਬਾਰਾ ਪ੍ਰਧਾਨ ਬਣਦਿਆਂ ਕਿਹਾ, ‘ ਮੈਂ ਉਨ੍ਹਾਂ ਸਾਰਿਆਂ ਲੱਖਾਂ ਲੋਕਾਂ ਦਾ ਧੰਨਵਾਦ ਕਰਦਾ ਹਾਂ, ਜਿੰਨ੍ਹਾਂ ਨੇ ਬਠਿੰਡਾ ਰੈਲੀ ਵਿੱਚ ਸ਼ਮੂਲੀਅਤ ਕਰਕੇ ਵੱਡੇ ਪੱਧਰ ਤੇ ਸਫਲ ਬਣਾਇਆ। ਮੈਂ ਉਨ੍ਹਾਂ ਸੱਭ ਲੋਕਾਂ ਦਾ ਵੀ ਧੰਨਵਾਦੀ ਹਾਂ, ਜਿਹੜੇ ਟਰੈਫਿਕ ਜਾਮ ਹੋਣ ਕਾਰਣ ਰੈਲੀ ਸਥਾਨ ਤੇ ਨਹੀਂ ਪਹੁੰਚ ਸਕੇ ਅਤੇ ਉਨ੍ਹਾਂ ਨੇ ਆਪਣੀਆਂ ਸ਼ੁਭ ਕਾਮਨਾਵਾਂ ਭੇਜੀਆਂ। ਇਹ ਅਕਾਲੀਆਂ ਦੇ ਅੰਤ ਦੀ ਸ਼ੁਰੂਆਤ ਹੋਵੇਗੀ।’
ਉਨ੍ਹਾਂ ਨੇ ਕਿਹਾ ਕਿ ਮੈਂ ਸੱਭ ਨੂੰ ਇੱਕ ਸਾਲ ਹੋਰ ਮੇਰੇ ਨਾਲ ਬਣੇ ਰਹਿਣ ਦੀ ਅਪੀਲ ਕਰਦਾ ਹਾਂ ਅਤੇ ਤੁਹਾਡੇ ਅਸ਼ੀਰਵਾਦ ਨਾਲ ਸਾਡੇ ਵੱਲੋਂ ਸਰਕਾਰ ਬਣਾਏ ਜਾਣ ਤੋਂ ਬਾਅਦ ਮੈਂ ਪੁਖਤਾ ਕਰਾਂਗਾ ਕਿ ਤੁਹਾਡੀਆਂ ਸਾਰੀਆਂ ਸਮਸਿਆਵਾਂ ਹਲ ਕੀਤੀਆਂ ਜਾਣ।ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਦੁੱਖ-ਦਰਦ ਸਮਝਦਾ ਹਾਂ। ਤੁਸੀਂ ਆਤਮਹੱਤਿਆ ਨਾਂ ਕਰੋ, ਬਸ, ਇੱਕ ਸਾਲ ਰੁਕ ਜਾਵੋ। ਮੈਂ ਤੁਹਾਡੇ ਸਾਰੇ ਸੰਕਟ ਦੂਰ ਕਰ ਦੇਵਾਂਗਾ। ਤੁਹਾਡੀਆਂ ਜੋ ਵੀ ਸਮਸਿਆਵਾਂ ਹਨ, ਉਨ੍ਹਾਂ ਦਾ ਹਲ ਕੱਢਿਆ ਜਾਵੇਗਾ।
ਕੈਪਟਨ ਨੇ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਜਰੂਰਤਮੰਦ ਲੜਕੀਆਂ ਦੀ ਸ਼ਾਦੀ ਤੇ 51,000 ਰੁਪੈ ਸਗਨ ਸਕੀਮ ਦੇ ਤਹਿਤ ਦੇਣ ਤੋਂ ਇਲਾਵਾ ਬੁਢਾਪਾ, ਵਿਧਵਾ ਅਤੇ ਅਪਾਹਿਜ ਪੈਨਸ਼ਨ ਦੀ ਰਾਸ਼ੀ 2000 ਰੁਪੈ ਮਹੀਨਾ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਜਾਰੀ ਰੱਖਣਗੇ ਅਤੇ ਦਲਿਤਾਂ ਨੂੰ ਵੀ ਮੁਫ਼ਤ ਬਿਜਲੀ ਦੀ ਸਹੂਲਤ 200 ਤੋਂ ਵਧਾ ਕੇ 300 ਯੂਨਿਟ ਕਰ ਦੇਣਗੇ।
ਕਾਂਗਰਸ ਦੀ ਇਸ ਰੈਲੀ ਵਿੱਚ ਕੈਂਪੇਨ ਕਮੇਟੀ ਦੀ ਪ੍ਰਧਾਨ ਅੰਬਿਕਾ ਸੋਨੀ, ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਸ਼ਕੀਲ ਅਹਿਮਦ, ਮਹਾਰਾਣੀ ਪਰਨੀਤ ਕੌਰ, ਸੁਨੀਲ ਜਾਖੜ, ਲਾਲ ਸਿੰਘ, ਅਮਰਿੰਦਰ ਸਿੰਘ ਰਾਜਾ ਵਾੜਿੰਗ, ਸਾਧੂ ਸਿੰਘ ਧਰਮਸੋਤ, ਕੈਪਟਨ ਦੇ ਭਰਾ ਮਾਲਵਿੰਦਰ ਸਿੰਘ ਅਤੇ ਪਰਤਾਪ ਸਿੰਘ ਬਾਜਵਾ ਆਪਣੀ ਵਿਧਾਇਕ ਪਤਨੀ ਸਮੇਤ ਮੌਜੂਦ ਸਨ।