ਨਵੀਂ ਦਿੱਲੀ-ਭਾਜਪਾ ਦੇ ਸਾਂਸਦ ਵਰੁਣ ਗਾਂਧੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਵਿਚ ਗ੍ਰਿਫਤਾਰ ਅੰਡਰ ਵਰਲਡ ਦੇ ਮੁਖੀ ਛੋਟਾ ਸ਼ਕੀਲ ਦੇ ਗੁੰਡੇ ਉਸਨੂੰ ਮਾਰਨ ਲਈ ਆਏ ਸਨ। ਇਸੇ ਦੌਰਾਨ ਵਰੁਣ ਦੀ ਮਾਂ ਅਤੇ ਭਾਜਪਾ ਦੀ ਸਾਂਸਦ ਮੇਨਕਾ ਗਾਂਧੀ ਨੇ ਪ੍ਰਧਾਨਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਚਿੱਠੀ ਲਿਖਕੇ ਕਿਹਾ ਹੈ ਕਿ ਉਹ ਆਪਣੇ ਬੇਟੇ ਦੀ ਸੁਰੱਖਿਆ ਤੋਂ ਚਿੰਤਾਤੁਰ ਹੈ।
ਵਰੁਣ ਨੇ ਐਤਵਾਰ ਨੂੰ ਜਾਰੀ ਬਿਆਨ ਵਿਚ ਕਿਹਾ, “ਅੰਡਰ ਵਰਲਡ ਦੇ ਖਤਰਨਾਕ ਅਪਰਾਧੀ ਜਿਹੜੇ ਸ਼ਨਿੱਚਰਵਾਰ ਨੂੰ ਦਿੱਲੀ ਪੁਲਿਸ ਦੇ ਹੱਥੀਂ ਚੜ੍ਹੇ ਸਨ, ਨੇ ਮੈਨੂੰ ਮਾਰਨ ਦੀ ਸਾਜਿ਼ਸ਼ ਘੜੀ ਸੀ। ਮੈਂ ਇਸੇ ਪ੍ਰਕਾਰ ਦੇ ਅਤਿਵਾਦ ਦੇ ਖਿਲਾਫ਼ ਲਗਾਤਾਰ ਬੋਲਦਾ ਰਿਹਾ ਹਾਂ ਅਤੇ ਸਰਕਾਰ ਨੂੰ ਦਸਦਾ ਰਿਹਾ ਹਾਂ।” ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਇਸ ਮਾਮਲੇ ਨੂੰ ਸੰਜੀਦਗ਼ੀ ਨਾਲ ਲੈਣਾ ਚਾਹੀਦਾ ਹੈ।
ਉਧਰ, ਮੇਨਕਾ ਨੇ ਪੀਐਮ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਇਹ ਅਜੀਬ ਗੱਲ ਹੈ ਕਿ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਇਥੋਂ ਤੱਕ ਕਿ ਸੁਰੱਖਿਆ ਸਬੰਧੀ ਕਿਸੇ ਇਹਤਿਆਤੀ ਕਦਮ ਬਾਰੇ ਵੀ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ। ਸਾਨੂੰ ਇਸ ਬਾਰੇ ਮੀਡੀਆ ਦੇ ਜ਼ਰੀਏ ਪਤਾ ਚਲਿਆ। ਮੇਨਕਾ ਅਨੁਸਾਰ ਦਿੱਲੀ ਪੁਲਿਸ ਕਮਿਸ਼ਨਰ ਨੇ ਸੰਪਰਕ ਕਰਨ ‘ਤੇ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਵਰੁਣ ਗਾਂਧੀ ਨਿਸ਼ਾਨੇ ‘ਤੇ ਸਨ। ਮੇਨਕਾ ਨੇ ਕਿਹਾ ਕਿ ਇਸ ਸਾਲ ਅਪ੍ਰੈਲ ਵਿਚ ਵੀ ਇਸੇ ਤਰ੍ਹਾਂ ਦੀ ਇਕ ਸਾਜਿ਼ਸ਼ ਤੋਂ ਪਰਦਾ ਫਾਸ਼ ਕਤਿਾ ਗਿਆ ਸੀ। ਉਨ੍ਹਾਂ ਨੇ ਇਹ ਕਹਿੰਦੇ ਹੋਏ ਗ੍ਰਹਿ ਮੰਤਰਾਲੇ ‘ਤੇ ਹਮਲਾ ਬੋਲਿਆ ਕਿ ਵਰੁਣ ਦੇ ਖਿਲਾਫ਼ ਧਮਕੀਆਂ ਨੂੰ ਸਹਿਜ ਲਿਆ ਗਿਆ। ਜਿ਼ਕਰਯੋਗ ਹੈ ਕਿ ਦਿੱਲੀ ਪੁਲਿਸ ਦੇ ਵਿਸ਼ੇਸ਼ ਦਸਤੇ ਨੇ ਸ਼ੁਕਰਵਾਰ ਨੂੰ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਛੋਟਾ ਸ਼ਕੀਲ ਗਿਰੋਹ ਦੇ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਬਾਰੇ ਦਸਿਆ ਗਿਆ ਸੀ ਕਿ ਉਹ ਵਰੁਣ ਗਾਂਧੀ ਦਾ ਕਤਲ ਕਰਨ ਲਈ ਦਿੱਲੀ ਪਹੁੰਚੇ ਸਨ। ਸਾਰਿਆਂ ਨੂੰ ਅਦਾਲਤ ਨੇ ਸਤ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿਤਾ ਗਿਆ ਸੀ।
ਇਸ ਸਾਰੀ ਲੜੀ ਨੂੰ ਲੋਕਸਭਾ ਚੋਣਾਂ ਦੌਰਾਨ ਵਰੁਣ ਗਾਂਧੀ ਵਲੋਂ ਦਿੱਤੇ ਗਏ ਫਿਰਕੂ ਭਾਸ਼ਣ ਦੇ ਨਾਲ ਜੋੜਕੇ ਵੇਖਿਆ ਜਾ ਰਿਹਾ ਹੈ। ਕਿਉਂਕਿ ਚੋਣਾਂ ਦੌਰਾਨ ਵਰੁਣ ਗਾਂਧੀ ਨੇ ਉੱਤਰ ਪ੍ਰਦੇਸ਼ ਵਿਚ ਇਕ ਫਿਰਕੇ ਦੇ ਖਿਲਾਫ਼ ਭੜਕਾਊ ਭਾਸ਼ਣ ਦਿੱਤਾ ਸੀ। ਇਸਤੋਂ ਬਾਅਦ ਵਿਰੋਧੀ ਪਾਰਟੀਆਂ ਅਤੇ ਆਮ ਲੋਕਾਂ ਵਲੋਂ ਇਸਨੂੰ ਫਿਰਕੂ ਭਾਸ਼ਣ ਵਜੋਂ ਲੈਂਦੇ ਹੋਏ ਚੋਣ ਕਮਿਸ਼ਨ ਪਾਸ ਇਸਦੇ ਖਿਲਾਫ਼ ਸਿ਼ਕਾਇਤ ਦਰਜ ਕਰਾਈ ਸੀ ਅਤੇ ਉਸਦੇ ਭਾਸ਼ਣ ਦੀ ਰਿਕਾਰਡਿੰਗ ਸੁਣਨ ਤੋਂ ਬਾਅਦ ਚੋਣ ਕਮਿਸ਼ਨ ਨੇ ਵੀ ਉਸਨੂੰ ਭੜਕਾਊ ਭਾਸ਼ਣ ਦੇਣ ਲਈ ਦੋਸ਼ੀ ਮੰਨਿਆ ਸੀ।
ਮੇਰੇ ਬੇਟੇ ਦੀ ਜਾਨ ਨੂੰ ਖ਼ਤਰਾ-ਮੇਨਕਾ
This entry was posted in ਭਾਰਤ.