ਨਵੀਂ ਦਿੱਲੀ – ਪੱਛਮੀ ਦਿੱਲੀ ਦੇ ਸ਼ਾਹਬਾਦ ਮੁਹੰਮਦਪੁਰ ਇਲਾਕੇ ਵਿੱਚ ਬੀਐਸਐਫ਼ ਦਾ ਇੱਕ ਚਾਰਟਡ ਜਹਾਜ਼ ਇੱਕ ਘਰ ਦੀ ਛੱਤ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਰਾਜਮੰਤਰੀ ਮਹੇਸ਼ ਸ਼ਰਮਾ ਨੇ ਜਹਾਜ਼ ਵਿੱਚ ਸਵਾਰ ਸਾਰੇ 10 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦੇ ਕੋਲ ਦਵਾਰਕਾ ਸੈਕਟਰ 8 ਵਿੱਚ ਇਹ ਹਾਦਸਾ ਵਾਪਰਿਆ। ਫਾਇਰ ਬਰਗੇਡ ਦੀਆਂ 15 ਗੱਡੀਆਂ ਅੱਗ ਬੁਝਾਉਣ ਲਈ ਮੌਕੇ ਤੇ ਪਹੁੰਚੀਆਂ। ਸਥਾਨਕ ਲੋਕਾਂ ਅਨੁਸਾਰ ਇਹ ਹਾਦਸਾ ਸਵੇਰੇ 9 ਵਜ ਕੇ 50 ਮਿੰਟ ਤੇ ਵਾਪਰਿਆ। ਮਰਨ ਵਾਲਿਆਂ ਵਿੱਚ ਬੀਐਸਐਫ਼ ਦੇ ਸਹਾਇਕ ਕਮਾਂਡਰ ਵੀ ਸ਼ਾਮਿਲ ਹਨ। ਇਹ ਜਹਾਜ਼ ਨਕਸਲਵਾੜੀਆਂ ਦੇ ਖਿਲਾਫ਼ ਕਾਰਵਾਈ ਕਰਨ ਲਈ ਤਕਨੀਕੀ ਮਾਹਿਰਾਂ ਅਤੇ ਇੰਜਨੀਅਰਾਂ ਨੂੰ ਲੈ ਕੇ ਝਾਰਖੰਡ ਦੀ ਰਾਜਧਾਨੀ ਰਾਂਚੀ ਲਈ ਰਵਾਨਾ ਹੋਇਆ ਸੀ। ਇਸ ਜਹਾਜ਼ ਵਿੱਚ 8 ਯਾਤਰੀਆਂ ਦੇ ਬੈਠਣ ਦੀ ਕਪੈਸਿਟੀ ਸੀ ਪਰ ਉਸ ਸਮੇਂ ਜਹਾਜ਼ ਵਿੱਚ ਦੋ ਪਾਈਲਟਾਂ ਸਮੇਤ 10 ਵਿਅਕਤੀ ਸਵਾਰ ਸਨ। ਪਾਈਲਟ ਸਮੇਤ ਇਹਨਾਂ ਸੱਭ ਯਾਤਰੀਆਂ ਦੀ ਮੌਤ ਹੋ ਗਈ ਹੈ।
ਬੀਐਸਐਫ਼ ਦੇ ਇਸ ਜਹਾਜ਼ ਦਾ ਏਅਰਪੋਰਟ ਦੇ ਕੰਟਰੋਲ ਰੂਮ ਤੋਂ ਸੰਪਰਕ ਟੁੱਟ ਗਿਆ ਸੀ। ਇਸ ਤੋਂ ਬਾਅਦ ਪਾਈਲਟ ਨੇ ਐਮਰਜੈਂਸੀ ਲੈਂਡਿੰਗ ਕਰਵਾਉਣ ਦੀ ਕੋਸਿ਼ਸ਼ ਕੀਤੀ, ਪਰ ਇਸ ਦੌਰਾਨ ਜਹਾਜ਼ ਦੇ ਇੱਕ ਮਕਾਨ ਦੀ ਛੱਤ ਨਾਲ ਟਕਰਾਉਣ ਕਾਰਣ ਇਹ ਦੁਰਘਟਨਾ ਵਾਪਰ ਗਈ।