ਨਵੀਂ ਦਿੱਲੀ – ਬੀਜੇਪੀ ਦੇ ਸਸਪੈਂਡ ਕੀਤੇ ਗਏ ਐਮਪੀ ਕੀਰਤੀ ਆਜ਼ਾਦ ਹੁਣ ਪਾਰਟੀ ਦੇ ਖਿਲਾਫ਼ ਖੁਲ੍ਹ ਕੇ ਸਾਹਮਣੇ ਆ ਗਏ ਹਨ। ਵਿੱਤਮੰਤਰੀ ਅਰੁਣ ਜੇਟਲੀ ਤੇ ਭ੍ਰਿਸ਼ਟਾਚਾਰ ਦਾ ਆਰੋਪ ਲਗਾਉਣ ਵਾਲੇ ਕੀਰਤੀ ਆਜ਼ਾਦ ਬੁੱਧਵਾਰ ਨੂੰ ‘ਹਿੱਟ ਵਿਕਿਟ’ ਹੋ ਗਏ ਹਨ। ਉਨ੍ਹਾਂ ਨੇ ਭਾਜਪਾ ਦੇ ਖਿਲਾਫ਼ ਬਿਗੁਲ ਫੂਕਣ ਦੇ ਸੰਕੇਤ ਦੇ ਦਿੱਤੇ ਹਨ।
ਕੀਰਤੀ ਆਜ਼ਾਦ ਨੇ ਪਾਰਟੀ ਵੱਲੋਂ ਉਨ੍ਹਾਂ ਨੂੰ ਸਸਪੈਂਡ ਕੀਤੇ ਜਾਣ ਦੇ ਫੈਂਸਲੇ ਨੂੰ ਦੁਰਭਾਗਿਆ ਪੂਰਣ ਕਰਾਰ ਦਿੰਦੇ ਹੋਏ ਕਿਹਾ ਕਿ ਕਰੱਪਸ਼ਨ ਦੇ ਵਿਰੁੱਧ ਲੜਨ ਵਾਲੇ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਕੀਰਤੀ ਨੇ ਕਿਹਾ, ‘ ਮੈਂ ਕਦੇ ਵੀ ਪਾਰਟੀ ਦੇ ਖਿਲਾਫ਼ ਨਹੀਂ ਬੋਲਿਆ। ਮੈਂ ਸਦਾ ਪੀਐਮ ਦੇ ਨਾਲ ਖੜਾ ਰਿਹਾ ਹਾਂ। ਮੈਂ ਕਦੇ ਵੀ ਕਿਸੇ ਦਾ ਨਾਂ ਨਹੀਂ ਲਿਆ। ਮੈਂ ਕਦੇ ਇਹ ਨਹੀਂ ਕਿਹਾ ਕਿ ਅਰੁਣ ਜੇਟਲੀ ਚੋਰ ਹੈ। ਮੈਂ ਤਾਂ ਸਿਰਫ਼ ਇਹ ਕਿਹਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਡੀਡੀਸੀਏ ਵਿੱਚ ਗੜਬੜੀ ਹੋਈ ਸੀ।’
ਉਨ੍ਹਾਂ ਨੇ ਕਿਹਾ ਕਿ ਉਹ ਡੀਡੀਸੀਏ ਦਾ ਮੁੱਦਾ ਪਿੱਛਲੇ 9 ਸਾਲਾਂ ਤੋਂ ਉਠਾ ਰਹੇ ਹਨ। ਉਨ੍ਹਾਂ ਨੇ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜੋ ਪਾਰਟੀ ਦੇ ਖਿਲਾਫ਼ ਹੋਵੇ। ਮੇਰੀ ਲੜਾਈ ਕਿਸੇ ਵਿਅਕਤੀ ਦੇ ਵਿਰੁੱਧ ਨਹੀਂ ਬਲਿਕ ਭ੍ਰਿਸ਼ਟਾਚਾਰ ਦੇ ਵਿਰੁੱਧ ਹੈ,ਜੋ ਕਿ ਆਖਰੀ ਦਮ ਤੱਕ ਜਾਰੀ ਰਹੇਗੀ। ਮੀਡੀਆ ਦੇ ਨਾਲ ਗੱਲਬਾਤ ਦੌਰਾਨ ਆਜ਼ਾਦ ਨੇ ਕਿਹਾ, ‘ਹੁਣ ਮਜ਼ੇ ਵੇਖੋ…..ਅੱਗੇ-ਅੱਗੇ ਕੀ ਹੁੰਦਾ ਹੈ। ਹੁਣ ਮੈਂ ਦਸਾਂਗਾ ਸੱਭ ਨੂੰ।’