ਨਵੀਂ ਦਿੱਲੀ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਅਗਲੇ ਵਰ੍ਹੇ ਫਰਵਰੀ ਵਿੱਚ ਯੂਨੀਵਰਸਿਟੀ ਪੱਧਰ ਦੇ ਕਰਵਾਏ ਜਾ ਰਹੇ ਗਤਕਾ ਮੁਕਾਬਲਿਆਂ ਵਿੱਚ ਹਿਸਾ ਲੈ, ਆਪਣੇ ਕਰਤਬਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਕਾਲਜਾਂ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਯੂਨੀਵਰਸਿਟੀ ਕੈਂਪਸ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਪੀਤਮ ਪੁਰਾ ਦੀਆਂ ਗਤਕਾ ਟੀਮਾਂ, ਦਿੱਲੀ ਗਤਕਾ ਐਸੋਸੀਏਸ਼ਨ ਦੀ ਨਿਗਰਾਨੀ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਤਿਆਰੀਆਂ ਕਰਨ ਵਿੱਚ ਰੁਝੀਆਂ ਹੋਈਆਂ ਹਨ। ਇਹ ਜਾਣਕਾਰੀ ਰਾਣਾ ਪਰਮਜੀਤ ਸਿੰਘ, ਪ੍ਰਧਾਨ ਦਿੱਲੀ ਗਤਕਾ ਐਸੋਸੀਏਸ਼ਨ ਅਤੇ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ। ਸ. ਰਾਣਾ ਨੇ ਦਸਿਆ ਕਿ ਬੀਤੇ ਦਿਨ ਉਹ ਐਸੋਸੀਏਸ਼ਨ ਦੇ ਸਹਿਯੋਗੀ, ਸ.ਜ਼ੋਰਾਵਰ ਸਿੰਘ ਅਤੇ ਦਿੱਲੀ ਯੂਨੀਵਰਸਿਟੀ ਦੇ ਪ੍ਰਤੀਨਿਧੀਆਂ ਦੇ ਨਾਲ ਇਨ੍ਹਾਂ ਟੀਮਾਂ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਮੌਕੇ ਤੇ ਗਏ ਸਨ, ਇਨ੍ਹਾਂ ਟੀਮਾਂ ਦੇ ਮੈਂਬਰ ਜਿਵੇਂ ਕੁਝ ਕਰ ਗੁਜ਼ਰਨ ਦੇ ਵਿਸ਼ਵਾਸ ਅਤੇ ਲਗਨ ਨਾਲ ਤਿਆਰੀਆਂ ਵਿੱਚ ਰੁਝੇ ਹੋਏ ਹਨ, ਉਸਨੂੰ ਵੇਖਦਿਆਂ ਹੋਇਆਂ ਪੁਰੇ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਯੂਨੀਵਰਸਿਟੀ ਪੱਧਰ ਦੇ ਹੋ ਰਹੇ ਗਤਕਾ ਮੁਕਾਬਲਿਆਂ ਵਿੱਚ ਇਹ ਦੋਵੇਂ ਟੀਮਾਂ ਆਪਣੇ ਗਤਕਾ ਕਰਤਬਾਂ ਦੇ ਪ੍ਰਦਰਸ਼ਨ ਰਾਹੀਂ ਆਪਣਾ ਸਿੱਕਾ ਬਿਠਾਣ ਵਿੱਚ ਜ਼ਰੂਰ ਸਫਲ ਹੋਣਗੀਆਂ।