ਧਰਤੀ ਅਮਰੀਕਾ ਦੀ, ਸੁਰਗ ਦਵਾਰਾ ਹੈ।
ਸੋਨੇ ਦੀ ਹਵੇਲੀ ਹੈ, ਵਾਲੀ ਸੁਨਿਆਰਾ ਹੈ।
ਭੰਡਾਰਾ ਰਤਨਾਂ ਦਾ, ਅਜਗਰ ਫੁੰਕਾਰਾ ਹੈ।
ਵੈਦ ਧਨੰਤ੍ਰ ਦੀ, ਗੁੱਥੀ ਅੰਮ੍ਰਿਤ-ਧਾਰਾ ਹੈ।
ਕਾਦਰ ਦੀ ਬੁਣਤੀ ਦਾ, ਅਜਬ ਖਿਲਾਰਾ ਹੈ।
ਵਿਸਮਾਦੀ ਚਸਮੇਂ ਨੇ, ਸੰਗੀਤ ਮੁਨਾਰਾ ਹੈ।
ਬਰਫ਼ੀਲੇ ਪਰਬਤਾਂ ਦੀ, ਨਿਰੰਤਰ ਧਾਰਾ ਹੈ।
ਸੰਜੀਵਨ ਬੂਟੀਆਂ ਦਾ, ਕੇਸਰ ਕਿਆਰਾ ਹੈ।
ਗੁਲਦਸਤਾ ਕੌਮਾਂ ਦਾ, ਲਹੂ ਚਿੱਟਾ ਖਾਰਾ ਹੈ।
ਮਿਸ਼ਰਣ ਸਭਿਅਤਾ ਦਾ, ਦਰਸ ਦੀਦਾਰਾ ਹੈ।
ਖਾਣ ਹੀਰਿਆਂ ਦੀ, ਵਿੱਚ ਚਿੱਕੜ ਗਾਰਾ ਹੈ।
ਮਿਰਗ ਤਰਿਸ਼ਨਾ ਦਾ, ਸੁੰਦਰ ਝਲਕਾਰਾ ਹੈ।
ਜੀਵਨ ਟੈਨਸ਼ਨ ਹੈ, ਮੁਸ਼ਕਲ ਗੁਜ਼ਾਰਾ ਹੈ।
ਭਗਦੜ ਸਿ਼ਫਟਾਂ ਦੀ, ਨਿੱਤ ਮਾਰੋ ਮਾਰਾ ਹੈ।
ਖ਼ੁਦਗਰਜ਼ੀ ਭਾਰੂ ਹੈ, ਰੁੱਖਾ ਭਾਈਚਾਰਾ ਹੈ।
ਆਰਥਿਕ ਮੰਦਹਾਲੀ ਦਾ, ਢੋਲ ਨਗਾਰਾ ਹੈ।
ਜਾਬਾਂ ਛੁੱਟ ਗਈਆਂ, ਅਰਮਾਨ ਗਵਾਰਾ ਹੈ।
ਮੂੰਹ ਯਾਰਾਂ ਮੋੜ ਲਏ, ਨਾ ਕੋਈ ਚਾਰਾ ਹੈ।
ਜਿ਼ੰਦਗੀ ਦੁੱਭਰ ਹੈ, ਸਭ ਖਜਲ ਖਵਾਰਾ ਹੈ।
ਕੰਡਿਆਂ ਤੇ ਸੇਜਾਂ ਨੇ, ਨਾ ਤਖ਼ਤ ਹਜ਼ਾਰਾ ਹੈ।
ਨਕਦੀ ਦਾ ਸੌਦਾ ਹੈ, ਨਾ ਕੋਈ ਉਧਾਰਾ ਹੈ।
ਹੱਥ ਠੂਠਾ ਮੰਗਣ ਨੂੰ, ਮਜਬੂਰ ਗਰਾਰਾ ਹੈ।
ਸ਼ੋਸ਼ਣ ਕਿਰਤੀ ਦਾ, ਬੇ-ਘਰ ਵਿਚਾਰਾ ਹੈ।
ਨਿਕੰਮਾ ਵਿਹਲੜ ਹੈ, ਜੋ ਕਰਮਾਂ ਮਾਰਾ ਹੈ।
ਆਰਥਿਕ ਪੱਧਰ ਦਾ, ਬਹੁ ਭਾਰਾ ਪਾੜਾ ਹੈ।
ਬੰਗਲੇ ਕੋਠੀਆਂ ਨੇ, ਕਿਤੇ ਚੋਂਦਾ ਢਾਰਾ ਹੈ।
ਸੁਪਨੇ ਦੀ ਦੁਨੀਆ ਦਾ, ਭਰਮ ਖਲਾਰਾ ਹੈ।
ਚਕਾਚੌਂਧ ਮਰੀਕਾ ਦੀ, ਮਿੱਥ ਲਿਸ਼ਕਾਰਾ ਹੈ।
ਸੁਵਿਧਾਵਾਂ ਬਿਹਤਰ ਨੇ, ਬਿੱਲ ਕਰਾਰਾ ਹੈ।
ਬਜਟ ਬਿਜਲੀ ਪਾਣੀ ਦਾ, ਸੀਨੇ ਆਰਾ ਹੈ।
ਘਰ ਕੁਰਕ ਹੁੰਦੇ ਨੇ, ਸਿਰ ਕਰਜ਼ਾ ਭਾਰਾ ਹੈ।
ਸਿਰ ਫੇਰਿਆ ਬੈਂਕਾਂ ਨੇ, ਨਾ ਹੋਰ ਸਹਾਰਾ ਹੈ।
ਸਿੰਘਾਸਨ ਤੇ ਬੈਠ ਰਿਹਾ, ਜੋ ਖੋਲ ਪਟਾਰਾ ਹੈ।
ਸੁਆਮੀ ਦੁਨੀਆ ਦਾ, ਗੱਲੀਂ ਸਚਿਆਰਾ ਹੈ।
ਹੱਥ ਗੁੰਚਾ ਕਲਮਾਂ ਦਾ, ਕੋਮਲ ਨਿਆਰਾ ਹੈ।
ਕ੍ਰਿਸ਼ਮਾ ਮਿਹਨਤ ਦਾ, ਕਰਮ ਪਿਆਰਾ ਹੈ।
ਕਾਲੇ ਗੋਰਿਆਂ ਦਾ, ਮਾਰਗ ਦਿਸਤਾਰਾ ਹੈ।
ਚਮੜੀ ਤਾਂ ਕਾਲੀ ਹੈ, ਬੁਲੰਦ ਸਿਤਾਰਾ ਹੈ।
ਅਕਲਾਂ ਦੇ ਸੋਮੇ ਦਾ, ਉੱਚਤਮ ਫੁਹਾਰਾ ਹੈ।
ਭੂੰਡਾਂ ਦੀ ਖੱਖਰ ਵਿਚ, ਉਹ ਕੱਲਾ-ਕਾਰਾ ਹੈ।
ਜੋ ਬਸਤੀ ਜਲ ਰਹੀ, ਅੱਤਵਾਦੀ ਕਾਰਾ ਹੈ।
ਅੱਲਾ ਦੇ ਬੰਦੇ ਨੇ, ਨਾ ਕੋਈ ਹਤਿਆਰਾ ਹੈ।
ਭੇਡੂ ਨੂੰ ਪੁੱਛਦੇ ਨੇ, ਕਿਉਂ ਬਾਘ ਵੰਗਾਰਾ ਹੈ।
ਉਹਨਾਂ ਦਾ ਦੋਸ਼ ਨਹੀਂ, ਪਲੈਨ ਹਮਾਰਾ ਹੈ।
ਭੰਵਰ ਵਿੱਚ ਕਿਸ਼ਤੀ ਹੈ, ਦੂਰ ਕਿਨਾਰਾ ਹੈ।
ਹਿੰਸਾ ਦਾ ਹਾਮੀ ਨਹੀਂ, ਸ਼ਾਂਤੀ ਹਰਕਾਰਾ ਹੈ।
ਵਿਕਾਸ ਮਨੁੱਖਤਾ ਦਾ, ਸੁੰਦਰ ਵਰਤਾਰਾ ਹੈ।
ਰਾਜਨੀਤੀ ਜੰਗਾਂ ਦੀ, ਉਦ੍ਹਾ ਖੇਲ ਨਿਆਰਾ ਹੈ।
ਨਸਲੀ ਦੰਗੇ ਨੇ, ਕਿਤੇ ਮਜ਼੍ਹਬਾਂ ਦਾ ਨਾਹਰਾ ਹੈ।
ਹਮਦਰਦ ਮਨੁੱਖਤਾ ਦਾ, ਮਿੱਠਾ ਹਤਿਆਰਾ ਹੈ।
ਭਾਂਬੜ ਨੂੰ ਕਾਫੀ ਤਾਂ, ਉਹਦਾ ਇਕ ਇਸ਼ਾਰਾ ਹੈ।
ਐਟਮ ਦੀ ਵਰਤੋਂ ਨਹੀਂ, ਰੋਮਾਂਟਿਕ ਲਾਰਾ ਹੈ।
ਡੁਗਡੁਗੀ ਵਜਾਉਂਦਾ ਹੈ, ਜਾਦੂਗਰ ਭਾਰਾ ਹੈ।
ਈਰਾਕ ਤੇ ਕਬਜਾ ਹੈ, ਅਫ਼ਗਾਨ ਹਮਾਰਾ ਹੈ।
ਪਹਿਰੇਦਾਰ ਹੈ ਅਮਨਾਂ ਦਾ, ਹੱਥ ਕੁਹਾੜਾ ਹੈ।
ਸਿਰ ਉੱਖਲੀ ਅੰਦਰ ਹੈ, ਮੋਹਲ਼ਾ ਭਾਰਾ ਹੈ।
ਸੱਪ ਦੇ ਮੂੰਹ ਕਿਰਲੀ ਹੈ, ਨਾ ਕੋਈ ਚਾਰਾ ਹੈ।
ਅਮਰੀਕਾ ਨਾਲ ਮੇਰਾ, ਰਿਸ਼ਤਾ ਬੜਾ ਗਾੜਾ ਹੈ।
ਜੀਵਨ ਦਾਨ ਦਿੰਦਾ ਹੈ, ਕਰੋੜਾਂ ਦਾ ਸਹਾਰਾ ਹੈ।
ਭਵਿੱਖ ਨਵੀ ਪਨੀਰੀ ਦਾ, ਚੰਗਾ ਉਜਿਆਰਾ ਹੈ।
ਪੰਨੂ ਨੂੰ ਝੱਲਦਾ ਇਹ, ਮਹਿਫੂਜ਼ ਗਲਿਆਰਾ ਹੈ।