ਫ਼ਤਹਿਗੜ੍ਹ ਸਾਹਿਬ – “ਮੀਡੀਏ ਅਤੇ ਪ੍ਰਚਾਰ ਸਾਧਨਾਂ ‘ਤੇ ਜੋ ਇਹ ਗੱਲ ਆ ਰਹੀ ਹੈ ਕਿ 2004 ਵਾਲੀ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਬਰਾਂ ਵੱਲੋਂ 01 ਜਨਵਰੀ 2016 ਨੂੰ ਹਗਾਮੀ ਇਕੱਤਰਤਾ ਕਰਕੇ ਪੰਜ ਪਿਆਰਿਆ ਸੰਬੰਧੀ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਵਿਰੁੱਧ ਜਾ ਕੇ ਗੈਰ-ਸਿਧਾਤਿਕ ਢੰਗਾਂ ਰਾਹੀ ਕੋਈ ਸਖ਼ਤ ਫੈਸਲਾ ਕਰਨ ਦੇ ਰੌਂਅ ਵਿਚ ਹੈ । ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 2004 ਵਾਲੀ ਅੰਤਰਿੰਗ ਕਮੇਟੀ ਮੈਬਰਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਅਜਿਹਾ ਕੋਈ ਵੀ ਪੰਥ ਵਿਰੋਧੀ ਫੈਸਲਾ ਹੋਣ ਨਾਲ ਐਸ.ਜੀ.ਪੀ.ਸੀ, ਬਾਦਲ ਹਕੂਮਤ ਅਤੇ ਸਰਕਾਰੀ ਜਥੇਦਾਰ ਸਾਹਿਬਾਨ ਅਤੇ ਸਿੱਖ ਕੌਮ ਵਿਚਕਾਰ ਵੱਡੀ ਖਾਨਾਜੰਗੀ ਸੁਰੂ ਕਰਵਾਉਣ ਦੇ ਭਾਗੀਦਾਰ ਬਣ ਜਾਣਗੇ । ਜਦੋਕਿ ਸਿੱਖ ਕੌਮ ਅੱਜ ਸਰਕਾਰੀ ਜਥੇਦਾਰ ਸਾਹਿਬਾਨ ਸ੍ਰੀ ਮੱਕੜ ਅਤੇ ਬਾਦਲ ਪਰਿਵਾਰ ਦੇ ਵੱਲੋਂ ਧਾਰਮਿਕ ਖੇਤਰ ਵਿਚ ਸਵਾਰਥੀ ਹਿੱਤਾ ਅਧੀਨ ਹੋ ਰਹੀ ਗੈਰ-ਸਿਧਾਤਿਕ ਦਖਲ ਅੰਦਾਜੀ ਤੋ ਡੂੰਘੀ ਖਫ਼ਾ ਹੈ ਅਤੇ ਬ਼ਗਾਵਤ ਤੇ ਉਤਰ ਆਈ ਹੈ । ਦੂਸਰਾ ਉਪਰੋਕਤ ਦੋਵੇ ਧਾਰਮਿਕ ਅਤੇ ਤੀਸਰੀ ਸਿਆਸੀ ਸੰਸਥਾਂ ਉਤੇ ਕਾਬਿਜ ਸਵਾਰਥੀ ਹਿੱਤਾ ਦੀ ਪੂਰਤੀ ਕਰਨ ਵਾਲੇ ਬਾਦਲ ਪਰਿਵਾਰ ਅਤੇ ਉਹਨਾਂ ਦੇ ਲਿਫਾਫਿਆ ‘ਚੋ ਨਿਕਲੇ ਜਥੇਦਾਰ ਸਾਹਿਬਾਨ ਅਤੇ ਐਸ.ਜੀ.ਪੀ.ਸੀ ਦੇ ਪ੍ਰਧਾਨ ਤੋ ਛੁਟਕਾਰਾ ਪਾਉਣ ਲਈ ਤਤਪਰ ਹੋਈ ਬੈਠੀ ਹੈ । ਜੇਕਰ ਐਸ.ਜੀ.ਪੀ.ਸੀ ਦੀ ਅੰਤਰਿੰਗ ਕਮੇਟੀ ਨੇ ਬਾਦਲ ਪਰਿਵਾਰ ਦੇ ਹੁਕਮਾਂ ਤੇ ਆਪਣੀ ਹੋਣ ਵਾਲੀ ਇਕੱਤਰਤਾ ਵਿਚ ਪੰਜ ਪਿਆਰਿਆ ਦੀ ਤੋਹੀਨ ਕਰਨ ਵਾਲਾ ਕੋਈ ਫੈਸਲਾ ਕਰ ਦਿੱਤਾ, ਤਾਂ ਵੱਡੇ ਪੱਧਰ ਤੇ ਸਿੱਖ ਕੌਮ ਵਿਚ ਖਾਨਾਜੰਗੀ ਸੁਰੂ ਹੋਣ ਲਈ ਅਤੇ ਉਸਦੇ ਮਾਰੂ ਨਤੀਜਿਆ ਲਈ ਇਹ ਉਪਰੋਕਤ ਹੁਕਮਰਾਨ ਅਤੇ ਧਾਰਮਿਕ ਪਦਵੀਆਂ ਤੇ ਜ਼ਬਰੀ ਕਬਜਾ ਜਮਾਈ ਬੈਠੇ ਦਿਸ਼ਾਹੀਣ ਆਗੂ ਜਿੰਮੇਵਾਰ ਹੋਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਬਾਦਲ, ਸ੍ਰੀ ਮੱਕੜ ਅਤੇ ਸਿੱਖ ਕੌਮ ਵੱਲੋ 10 ਨਵੰਬਰ 2015 ਨੂੰ ਕੀਤੇ ਗਏ ਸਰਬੱਤ ਖ਼ਾਲਸੇ ਵੱਲੋ ਰੱਦ ਕੀਤੇ ਜਾ ਚੁੱਕੇ ਸਰਕਾਰੀ ਸਰਪ੍ਰਸਤੀ ਵਾਲੇ ਜਥੇਦਾਰ ਸਾਹਿਬਾਨ ਨੂੰ ਉਹਨਾਂ ਦੇ ਕੀਤੇ ਗਏ ਗਲਤ ਫੈਸਲਿਆ ਦੀ ਬਦੌਲਤ ਸੁਰੂ ਹੋਣ ਜਾ ਰਹੀ ਕੌਮੀ “ਖਾਨਾਜੰਗੀ” ਤੋ ਅਤਿ ਗੰਭੀਰਤਾ ਨਾਲ ਸੁਚੇਤ ਅਤੇ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੇਕਰ ਸ੍ਰੀ ਮੱਕੜ ਅਤੇ ਅੰਤਰਿੰਗ ਕਮੇਟੀ ਬਾਦਲ ਪਰਿਵਾਰ ਦੇ ਹੁਕਮਾਂ ‘ਤੇ ਕੋਈ ਗਲਤ ਫੈਸਲਾ ਕਰਦੀ ਹੈ, ਤਾਂ ਸਿੱਖ ਕੌਮ ਇਸ ਨੂੰ ਕਤਈ ਬਰਦਾਸਤ ਨਹੀਂ ਕਰੇਗੀ ਅਤੇ ਜਿਵੇ ਸ੍ਰੀ ਮੱਕੜ ਅਤੇ ਹੋਰਨਾਂ ਅਖੋਤੀ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਸਿੱਖ ਕੌਮ ਸਟੇਜ਼ਾਂ ਉਤੇ ਬੋਲਣ ਨਹੀਂ ਦੇ ਰਹੀ, ਇਹ ਸਿਲਸਿਲਾ ਪ੍ਰਪੱਕ ਹੋ ਕੇ ਅਜਿਹੇ ਪੰਥ ਵਿਰੋਧੀ ਆਗੂਆਂ ਨਾਲ ਅਜਿਹਾ ਵਿਵਹਾਰ ਕਰਨ ਲਈ ਮਜ਼ਬੂਰ ਹੋਵੇਗਾ ਜਿਸ ਦੇ ਨਤੀਜਿਆ ਲਈ ਵੀ ਸ੍ਰੀ ਬਾਦਲ, ਸ੍ਰੀ ਮੱਕੜ ਅਤੇ ਸਰਕਾਰੀ ਜਥੇਦਾਰ ਜਿੰਮੇਵਾਰ ਹੋਣਗੇ । ਉਹਨਾਂ ਕਿਹਾ ਕਿ ਇਹਨਾਂ ਵੱਲੋਂ ਅਜਿਹੇ ਖੁਦਗਰਜੀ ਭਰੇ ਅਮਲ ਕਰਨ ਦੀ ਬਦੌਲਤ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਬਹੁਤ ਵੱਡੀ ਬਦਨਾਮੀ ਹੋ ਜਾਵੇਗੀ । ਜਿਸ ਲਈ ਸਿੱਖ ਕੌਮ ਇਹਨਾਂ ਨੂੰ ਕਦਾਚਿਤ ਮੁਆਫ਼ ਨਹੀਂ ਕਰ ਸਕੇਗੀ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹਨਾਂ ਕੌਮ ਵੱਲੋ ਦੁਰਕਾਰੇ ਜਾ ਚੁੱਕੇ ਜਥੇਦਾਰ ਸਾਹਿਬਾਨ, ਸ. ਬਾਦਲ, ਸ੍ਰੀ ਮੱਕੜ ਨੂੰ ਨਿਰਪੱਖਤਾ ਨਾਲ ਇਹ ਮਸਵਰਾ ਦਿੰਦੀ ਹੈ ਕਿ 2004 ਵਾਲੀ ਬੋਗਸ ਐਸ.ਜੀ.ਪੀ.ਸੀ ਦੀ ਅੰਤਰਿੰਗ ਕਮੇਟੀ ਜਿਸ ਨੂੰ ਕੋਈ ਵੀ ਪੰਥਕ ਫੈਸਲਾ ਕਰਨ ਦਾ ਨਾ ਤਾਂ ਇਖ਼ਲਾਕੀ ਅਤੇ ਧਾਰਮਿਕ ਅਧਿਕਾਰ ਹੈ ਅਤੇ ਨਾ ਹੀ ਕਾਨੂੰਨੀ, ਉਹ ਅੰਤਰਿੰਗ ਕਮੇਟੀ ਆਪਣੀ ਹੋਣ ਵਾਲੀ ਮੀਟਿੰਗ ਵਿਚ ਅਜਿਹਾ ਫੈਸਲਾ ਨਾ ਕਰੇ ਜਿਸ ਨਾਲ ਸਿੱਖ ਕੌਮ ਵਿਚ “ਖਾਨਾਜੰਗੀ” ਸੁਰੂ ਹੋ ਜਾਵੇ । ਬਲਕਿ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰੀ ਜਥੇਦਾਰ ਸਾਹਿਬਾਨ, ਸ੍ਰੀ ਮੱਕੜ ਆਪੋ-ਆਪਣੇ ਧਾਰਮਿਕ ਅਹੁਦਿਆ ਤੋ ਪੰਥ ਦੇ ਵਡੇਰੇ ਹਿੱਤਾ ਲਈ ਤਿਆਗ ਕਰ ਦੇਣ ਤਾਂ ਇਹ ਆਉਣ ਵਾਲੇ ਸਮੇਂ ਵਿਚ ਧਾਰਮਿਕ ਅਤੇ ਸਿਆਸਤ ਤੌਰ ਤੇ ਜੀਵਤ ਰਹਿ ਸਕਣਗੇ, ਵਰਨਾ ਇਹਨਾਂ ਦੀ ਇਖ਼ਲਾਕੀ ਮੌਤ ਅਵੱਸ ਹੋ ਕੇ ਰਹੇਗੀ ।
ਸਾਨੂੰ ਇਹ ਵੀ ਪਤਾ ਹੈ ਕਿ ਇਹ ਆਗੂ “ਹਾਰੇ ਹੋਏ ਜੁਆਰੀ ਦੀ ਤਰ੍ਹਾਂ ਗੀਟੀਆਂ ਖਿਲਾਰਣ” ਦਾ ਅਮਲ ਕਰਕੇ ਆਪਣੀ ਹਕੂਮਤੀ ਤਾਕਤ, ਸਰਕਾਰੀ ਅਤੇ ਐਸ.ਜੀ.ਪੀ.ਸੀ ਦੇ ਖਜਾਨੇ ਦੀ ਦੁਰਵਰਤੋ ਕਰਕੇ ਸਿੱਖ ਕੌਮ ਉਤੇ ਹੋਰ ਵੀ ਵਧੇਰੇ ਜ਼ਬਰ-ਜੁਲਮ ਕਰਨ ਦੇ ਦੁੱਖਦਾਇਕ ਅਮਲ ਕਰ ਸਕਦੀ ਹੈ । ਲੇਕਿਨ ਇਸ ਨਾਲ ਸ. ਬਾਦਲ, ਮੱਕੜ, ਜਥੇਦਾਰ ਸਾਹਿਬਾਨ ਅਤੇ ਸਿੱਖ ਕੌਮ ਵਿਚਕਾਰ ਇਕ ਬਹੁਤ ਵੱਡੀ ਨਫ਼ਰਤ ਅਤੇ ਰੋਹ ਭਰੀ ਲਾਈਨ ਖਿੱਚੀ ਜਾਵੇਗੀ । ਲੇਕਿਨ ਸਿੱਖ ਕੌਮ ਨੇ ਕਦੀ ਵੀ ਗੈਰ-ਸਿਧਾਤਿਕ ਅਤੇ ਗੈਰ-ਅਸੂਲੀ ਕਾਰਵਾਈਆਂ ਅੱਗੇ ਗੋਡੇ ਨਹੀਂ ਟੇਕੇ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ । ਇਸ ਲਈ ਇਹਨਾਂ ਲਈ ਬਿਹਤਰ ਹੋਵੇਗਾ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੌਮ ਨੂੰ ਖਾਨਾਜੰਗੀ ਵੱਲ ਧਕੇਲਣ ਤੋ ਪਹਿਲੇ ਗੁਰਬਾਣੀ ਦੇ ਕਥਨ ਅਨੁਸਾਰ “ਬੰਦਾ ਸੋਇ ਜੋ ਵਕਤ ਵਿਚਰੇ” ਦੇ ਅਨੁਸਾਰ ਸਮੇਂ ਦੀ ਅਤਿ ਗੰਭੀਰ ਨਿਜ਼ਾਕਤ ਨੂੰ ਸਮਝਦੇ ਹੋਏ ਖੁਦ ਹੀ ਨਿਮਰਤਾ ਨਾਲ ਦੁਨਿਆਵੀ ਅਹੁਦਿਆ ਦਾ ਤਿਆਗ ਕਰਕੇ ਵੱਡੇ ਦਿਲ ਨਾਲ ਕੌਮ ਪੱਖੀ ਫੈਸਲਾ ਕਰਨ ।