ਔਰਤ ਪਹਿਲਾਂ ਬੇਟੀ ਦੇ ਤੌਰ ਤੇ ਪਿਓ- ਦਾਦੇ ਦੇ ਘਰ ਵਿੱਚ ਰਹਿੰਦੀ ਹੈ। ਜਿੰਨੀ ਦੇਰ ਉਹ ਵਿਆਹੀ ਨਹੀਂ ਜਾਂਦੀ ਉਨੀ ਦੇਰ ਉਸ ਦੇ ਮਾਂ ਬਾਪ, ਦਾਦਾ ਦਾਦੀ, ਭੈਣ ਭਰਾ ਸਾਰੇ ਉਸ ਦਾ ਪਰਿਵਾਰ ਹੁੰਦੇ ਹਨ। ਉਹ ਉਹਨਾਂ ਸਾਰਿਆਂ ਨੂੰ ਪਿਆਰ ਕਰਦੀ ਹੈ। ਉਹਨਾਂ ਬਾਰੇ ਸੋਚਦੀ ਹੈ। ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ। ਪਰ ਜਦੋਂ ਉਹ ਵਿਆਹੀ ਜਾਂਦੀ ਹੈ, ਤਾਂ ਇੱਕ ਨਵੇਂ ਪਰਿਵਾਰ ਦਾ ਹਿੱਸਾ ਬਣ ਜਾਂਦੀ ਹੈ। ਉਥੇ ਉਸ ਦਾ ਵਾਹ, ਪਤੀ ਤੋਂ ਇਲਾਵਾ ਪਤੀ ਦੇ ਮਾਂ ਬਾਪ, ਦਾਦਾ ਦਾਦੀ, ਭੈਣ ਭਰਾ ਜਾਂ ਭਾਬੀਆਂ ਨਾਲ ਵੀ ਪੈਂਦਾ ਹੈ। ਹੁਣ ਇਹ ਸਹੁਰਾ ਪਰਿਵਾਰ, ਉਸ ਦਾ ਨਵਾਂ ਪਰਿਵਾਰ ਬਣ ਜਾਂਦਾ ਹੈ। ਕੋਈ ਵੀ ਲੜਕੀ, ਆਪਣੇ ਜਨਮ ਦੇਣ ਵਾਲੇ ਮਾਂ ਬਾਪ ਤੇ ਖੂਨ ਦੇ ਰਿਸ਼ਤਿਆਂ ਨੂੰ ਭੁਲਾ ਨਹੀਂ ਸਕਦੀ, ਤੇ ਭੁਲਾਉਣਾ ਚਾਹੀਦਾ ਵੀ ਨਹੀਂ। ਪਰ ਸੋਚਣ ਵਾਲੀ ਗੱਲ ਇਹ ਹੈ ਕਿ- ਜੇਕਰ ਉਹ ਸਹੁਰੇ ਜਾ ਕੇ, ਪੇਕੇ ਪਰਿਵਾਰ ਬਾਰੇ ਹੀ ਹਰ ਵੇਲੇ ਸੋਚਦੀ ਰਹੇ, ਤਾਂ ਕੀ ਉਹ ਸਹੁਰੇ ਪਰਿਵਾਰ ਵਿੱਚ ਰਚ ਮਿਚ ਸਕੇਗੀ? ਜੇ ਉਹ ਸਹੁਰੇ ਪਰਿਵਾਰ ਵਿੱਚ ਅਡਜਸਟ ਨਾ ਹੋ ਸਕੀ- ਤਾਂ ਕੀ ਉਹ ਸੁਖੀ ਰਹਿ ਸਕੇਗੀ?
ਦੇਖਣ ਵਿੱਚ ਆਇਆ ਹੈ ਕਿ- ਅੱਜਕਲ ਲੜਕੀਆਂ ਵਿਆਹ ਤੋਂ ਬਾਅਦ ਕੇਵਲ ਆਪਣੇ ਪਤੀ ਨਾਲ ਹੀ ਰਿਸ਼ਤਾ ਰੱਖਣਾ ਚਾਹੁੰਦੀਆਂ ਹਨ। ਪਤੀ ਦੇ ਪਰਿਵਾਰ ਨਾਲ ਉਹਨਾਂ ਨੂੰ ਕੋਈ ਵਾਸਤਾ ਨਹੀਂ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ- ਬੱਚੀਆਂ ਤੇ ਘਰ ਦੇ ਮਹੌਲ ਦਾ ਬਹੁਤ ਅਸਰ ਪੈਂਦਾ ਹੈ। ਮਾਂ ਬਾਪ ਤੋਂ ਮਿਲੇ ਸੰਸਕਾਰ ਜ਼ਿੰਦਗੀ ਵਿੱਚ ਕੰਮ ਆਉਂਦੇ ਹਨ। ਜਿਸ ਲੜਕੀ ਨੇ ਪੇਕੇ ਘਰ ਵਿੱਚ ਆਪਣੀ ਮਾਂ ਜਾਂ ਭਾਬੀ ਨੂੰ, ਪਰਿਵਾਰ ਵਿੱਚ ਸਭ ਨਾਲ ਮਿਲ ਜੁਲ ਕੇ ਰਹਿੰਦੇ, ਵੱਡਿਆਂ ਦਾ ਆਦਰ ਕਰਦੇ ਅਤੇ ਨਨਾਣ, ਦਰਾਣੀ, ਜਠਾਣੀ ਨਾਲ ਵਰਤਦੇ ਦੇਖਿਆ ਹੋਏਗਾ, ਉਸ ਨੂੰ ਸਹੁਰੇ ਪਰਿਵਾਰ ਵਿੱਚ ‘ਅਡਜਸਟ’ ਹੋਣ ਵਿੱਚ ਜਿਆਦਾ ਸਮਾਂ ਨਹੀਂ ਲਗੇਗਾ। ਪਰ ਇਸ ਦੇ ਉਲਟ, ਜਿਸ ਲੜਕੀ ਨੇ ਪੇਕੇ ਪਰਿਵਾਰ ਵਿੱਚ ਮਾਂ ਨੂੰ, ਦਾਦੀ ਜਾਂ ਨਨਾਣ ਤੇ ਦਰਾਣੀ ਜਠਾਣੀ ਦੀਆਂ ਚੁਗਲੀਆਂ ਕਰਦੇ ਹੀ ਹਮੇਸ਼ਾ ਸੁਣਿਆਂ, ਉਹ ਲੜਕੀ ਆਪਣੇ ਸਹੁਰੇ ਪਰਿਵਾਰ ਵਿੱਚ ਜਾ ਕੇ ਵੀ ਉਹੀ ਵਰਤਾਓ ਕਰੇਗੀ। ਇਸ ਵਿੱਚ ਉਸ ਵਿਚਾਰੀ ਦਾ ਕਸੂਰ ਨਹੀਂ ਸਗੋਂ ਪਰਿਵਾਰਕ ਮਹੌਲ ਦਾ ਵੱਡਾ ਹੱਥ ਹੈ।
ਲੜਕੀਆਂ ਨੂੰ ਸਹੁਰੇ ਪਰਿਵਾਰ ਵਿੱਚ ‘ਅਡਜਸਟ’ ਹੋਣ ਲਈ, ਪੇਕਿਆਂ ਦਾ ਮੋਹ ਤੇ ਫਿਕਰ, ਕੁੱਝ ਹੱਦ ਤੱਕ ਘੱਟ ਕਰਨਾ ਪਏਗਾ। ਵੈਸੇ ਵੀ ਵਿਆਹੁਤਾ ਲੜਕੀ ਨੂੰ ਆਪਣੇ ਪੇਕੇ ਘਰ ਵਿੱਚ ਦਖਲ ਅੰਦਾਜ਼ੀ, ਘੱਟ ਕਰ ਦੇਣੀ ਚਾਹੀਦੀ ਹੈ। ਸੋਚੋ ਭਲਾ ਕਿ- ਉਹ ਆਪ ਤਾਂ ਆਪਣੀ ਵਿਆਹੀ ਹੋਈ ਨਨਾਣ ਦੀ ਦਖਲ ਅੰਦਾਜ਼ੀ ਸਹਿ ਨਹੀਂ ਸਕਦੀ, ਤਾਂ ਇਹੀ ਗੱਲ ਉਸ ਦੀ ਭਰਜਾਈ ਕਿਵੇਂ ਸਹੇਗੀ? ਬਾਕੀ ਪਤੀ ਦੇ ਮਾਂ ਬਾਪ ਨੂੰ- ਆਪਣੇ ਮਾਂ ਬਾਪ ਹੀ ਨਾ ਸਮਝਣਾ, ਤੇ ਹਰ ਵੇਲੇ ਆਪਣਿਆਂ ਦੇ ਹੀ ਗੁਣ ਗਾਈ ਜਾਣਾ- ਵੀ ਕਿਥੋਂ ਦੀ ਸਿਆਣਪ ਹੈ ਭਲਾ? ਉਹ ਇਹ ਨਹੀਂ ਸੋਚਦੀ ਕਿ ਜਿਵੇਂ ਉਸ ਨੂੰ ਆਪਣੇ ਮਾਂ ਬਾਪ ਜਾਂ ਭੈਣ ਭਰਾ ਪਿਆਰੇ ਹਨ, ਇਸੇ ਤਰ੍ਹਾਂ ਉਸ ਦਾ ਪਤੀ ਵੀ- ਕਿਸੇ ਦਾ ਬੇਟਾ ਹੈ, ਕਿਸੇ ਦਾ ਭਰਾ ਹੈ। ਉਸ ਦੇ ਪਰਿਵਾਰ ਨੂੰ ਨਜ਼ਰ ਅੰਦਾਜ਼ ਕਰਕੇ, ਉਹ ਪਤੀ ਦਾ ਪਿਆਰ ਕਿਵੇਂ ਪਾ ਸਕੇਗੀ? ਪਰ ਅੱਜਕਲ ਤਾਂ ਬਹੁਤੇ ਲੜਕੇ ਵੀ ਬੀਵੀ ਦਾ ਹੀ ਸਾਥ ਦਿੰਦੇ ਹਨ? ਵਿਆਹ ਤੋਂ ਬਾਅਦ ਛੇਤੀ ਹੀ, ਵੱਖ ਹੋਣ ਦਾ ਪ੍ਰਸਤਾਵ ਆ ਜਾਂਦਾ ਹੈ। ਕੀ ਪਤੀ ਇਹ ਨਹੀਂ ਕਹਿ ਸਕਦਾ ਕਿ- ‘ਜੇ ਤੂੰ ਆਪਣੇ ਮਾਂ ਬਾਪ ਨੂੰ ਅੱਜ ਤੱਕ ਨਹੀਂ ਛੱਡ ਸਕੀ, ਤਾਂ ਮੈਂ ਕਿਵੇਂ ਛੱਡ ਸਕਦਾ ਹਾਂ?’ ਪਰ ਉਹ ਵਿਚਾਰੇ ਵੀ ਕੀ ਕਰਨ, ਚੱਕੀ ਦੇ ਦੋ ਪੁੜਾਂ ਵਿਚਾਲੇ ਪਿਸ ਰਹੇ ਹੁੰਦੇ ਹਨ। ਤਰਾਸਦੀ ਇਹ ਹੈ, ਕਿ ਕਈ ਕਈ ਪੁੱਤਾਂ ਵਾਲੇ ਵੀ, ਹਨ੍ਹੇਰੀਆਂ ਤੇ ਠੰਢੀਆਂ ਬੇਸਮੈਂਟਾਂ ਵਿੱਚ ਰੁਲ਼ਣ ਨੂੰ ਮਜਬੂਰ ਹਨ। ਕਿਹੋ ਜਿਹਾ ਯੁੱਗ ਆ ਗਿਆ ਇਹ?
ਇਸ ਵਿੱਚ ਬਹੁਤ ਵਾਰੀ ਦੋਸ਼, ਕੁੜੀਆਂ ਦੀਆਂ ਮਾਵਾਂ ਦਾ ਵੀ ਹੁੰਦਾ ਹੈ। ਵਿਆਹੀ ਹੋਈ ਧੀ ਦੇ ਘਰ ਵਿੱਚ, ਮਾਂ ਨੂੰ ਜ਼ਿਆਦਾ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਇੱਕ ਤਾਂ ਇਹ ਮੋਬਾਇਲ ਵੀ ਕੁੜੀਆਂ ਨੂੰ ਨਵੇਂ ਘਰ ਵਿੱਚ ਵਸਣ ਨਹੀਂ ਦਿੰਦੇ। ਸਹੁਰੇ ਪਰਿਵਾਰ ਦੀ ਹਰ ਨਿੱਕੀ ਮੋਟੀ ਗੱਲ, ਪੇਕੇ ਮਾਵਾਂ ਕੋਲ ਪੁਚਾਈ ਜਾਂਦੇ ਹਨ। ਮਾਵਾਂ ਫਿਰ ਆਪਣੀ ਲਾਡਲੀ ਨੂੰ, ਆਪਣਾ ਯੋਗ ਮਸ਼ਵਰਾ ਦੇਣਾ ਵੀ ਆਪਣਾ ਫਰਜ਼ ਸਮਝਦੀਆਂ ਹਨ। ਜੇ ਤਾਂ ਮਾਂ ਸਿਆਣੀ ਹੋਵੇ, ਤਾਂ ਉਹ ਆਪਣੀ ਧੀ ਨੂੰ ਹੀ ਸਮਝਾਏਗੀ ਕਿ- “ਹੁਣ ਇਹ ਤੇਰਾ ਪਰਿਵਾਰ ਹੈ..ਜੇ ਸੱਸ ਨੇ ਕੁੱਝ ਕਿਹਾ ਤਾਂ ਕੋਈ ਨਹੀਂ, ਮੈਂ ਵੀ ਤਾਂ ਤੈਂਨੂੰ ਸਮਝਾਉਣ ਲਈ ਕਹਿ ਹੀ ਦਿੰਦੀ ਸੀ..ਗੁੱਸਾ ਨਹੀਂ ਕਰੀਦਾ… ਹੁਣ ਉਹ ਹੀ ਤੇਰੇ ਮਾਂ ਬਾਪ ਹਨ।” ਪਰ ਬਹੁਤੀਆਂ ਮਾਵਾਂ ਅਕਸਰ ਹੀ ਧੀ ਨੂੰ ਹੋਰ ਸ਼ਹਿ ਦੇ ਦਿੰਦੀਆਂ ਹਨ- “ਇੱਕ ਦੀਆਂ ਚਾਰ ਸੁਣਾਈਂ…ਕੋਈ ਲੋੜ ਨਹੀਂ ਨਾਲ ਰਹਿਣ ਦੀ..ਵੱਖ ਹੋ ਜਾ..ਤੇਰੇ ਬੱਚੇ ਅਸੀਂ ਪਾਲ ਦਿਆਂਗੇ..” ਹੁਣ ਤੁਸੀਂ ਆਪ ਹੀ ਸੋਚੋ ਕਿ ਇਸ ਤਰ੍ਹਾਂ ਦੀ ਸਿੱਖਿਆ ਮਿਲਣ ਨਾਲ ਭਲਾ ਕਿਹੜੀ ਧੀ ਸਹੁਰੇ ਪਰਿਵਾਰ ਦਾ ਆਦਰ ਮਾਣ ਕਰੇਗੀ? ਮਾਵਾਂ ਹੋਣ ਦੇ ਨਾਤੇ, ਅਸੀ ਵੀ ਆਪਣੇ ਅੰਦਰ ਝਾਤੀ ਮਾਰੀਏ ਕਿ- ਕਿਤੇ ਅਸੀਂ ਵੀ ਇਸ ਗੁਨਾਹ ਦੀਆਂ ਭਾਗੀਦਾਰ ਤਾਂ ਨਹੀਂ?
ਮੇਰੀ ਇੱਕ ਸਹੇਲੀ ਨੇ ਬੜਾ ਚਿਰ ਸੋਚ ਵਿਚਾਰ ਕਰਕੇ, ਆਪਣੇ ਪੁੱਤਰ ਦਾ ਵਿਆਹ ਕੀਤਾ। ਨੂੰਹ ਸੁਹਣੀ ਸੁਨੱਖੀ ਤੇ ਪੜ੍ਹੀ ਲਿਖੀ ਸੀ। ਪਰ ਦੋ ਮਹੀਨੇ ਬਾਅਦ ਹੀ ਉਸਨੇ ਸੱਸ ਨੂੰ ਘਰੋਂ ਜਾਣ ਦਾ ਹੁਕਮ, ਆਪਣੇ ਪਤੀ ਰਾਹੀਂ ਸੁਣਾ ਦਿੱਤਾ। ਉਹ ਵਿਧਵਾ ਔਰਤ ਸੀ, ਜਾਵੇ ਕਿੱਥੇ? ਵਿਚਾਰੀ ਆਪਣੀ ਧੀ ਕੋਲ ਚਲੀ ਗਈ। ਮੈਂ ਉਸ ਨੂੰ ਹੌਸਲਾ ਦਿੱਤਾ- “ਸ਼ੁਕਰ ਕਰ ਤੇਰੀ ਇੱਕ ਧੀ ਵੀ ਸੀ, ਜਿਸ ਕੋਲ ਤੂੰ ਚਲੀ ਗਈ। ਜਿਹਨਾਂ ਦੀਆਂ ਧੀਆਂ ਨਹੀਂ ਹੁੰਦੀਆਂ, ਉਹ ਬਜ਼ੁਰਗ ਕਿੱਥੇ ਜਾਣ ਭਲਾ?” ਤੇ ਫਿਰ ਲੜਕੀ ਦੇ ਸਹੁਰੇ ਪਰਿਵਾਰ ਬਾਰੇ ਪੁੱਛਣ ਲੱਗੀ। ਪਤਾ ਲੱਗਾ ਕਿ- ਉਸ ਦੇ ਸੱਸ ਸਹੁਰਾ ਵੀ ਕਿਤੇ ਹੋਰ ਬੇਸਮੈਂਟ ਲੈ ਕੇ ਰਹਿ ਰਹੇ ਹਨ, ਜਦ ਕਿ ਜੁਆਈ ਵੀ ਮਾਪਿਆਂ ਦਾ ਇੱਕਲੌਤਾ ਪੁੱਤਰ ਹੈ। “ਕਿਹੋ ਜਿਹੀ ਹਵਾ ਵਗ ਪਈ?” ਮੈਂ ਦੇਰ ਰਾਤ ਤੱਕ ਸੋਚਦੀ ਰਹੀ। ਇਹ ਕਹਾਣੀ ਕਿਸੇ ਇੱਕ ਘਰ ਦੀ ਨਹੀਂ, ਬਹੁਤੇ ਘਰਾਂ ਦੀ ਹੈ।
ਅਸਲ ਵਿੱਚ ‘ਜੁਆਇੰਟ ਫੈਮਿਲੀ ਸਿਸਟਮ’ ਖਤਮ ਹੋਣ ਦਾ ਵੀ ਇੱਕ ਬੜਾ ਵੱਡਾ ਨੁਕਸਾਨ ਹੋਇਆ ਹੈ। ਇਕਹਿਰੇ ਪਰਿਵਾਰਾਂ ਦੇ ਇਕੱਲੇ ਕਾਰੇ ਬੱਚੇ, ਜੋ ਹੋਸਟਲਾਂ ਵਿੱਚ ਪੜ੍ਹਦੇ ਹੋਏ, ਜ਼ਿੰਦਗੀ ਦੇ ਇਸ ਪੜ੍ਹਾਅ ਵਿੱਚ ਦਾਖਲ ਹੋ ਜਾਂਦੇ ਹਨ। ਉਹ ਪਰਿਵਾਰਕ ਰਿਸ਼ਤਿਆਂ ਤੋਂ ਕੋਰੇ ਹੁੰਦੇ ਹਨ। ਸਬਰ, ਸੰਤੋਖ ਤੇ ਸਹਿਨਸ਼ੀਲਤਾ ਵਰਗੇ ਗੁਣਾਂ ਤੋਂ ਸੱਖਣੇ ਹੁੰਦੇ ਹਨ। ਅਜੋਕੀ ਨਵੀਂ ਪੀੜ੍ਹੀ ਵਿੱਚ ਤਾਂ ‘ਈਗੋ’ ਹੀ ਏਨੀ ਹੈ ਕਿ, ਕੋਈ ਵੀ ਇੱਕ ਦੂਸਰੇ ਦੀ ਗੱਲ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਇਸ ਸਥਿਤੀ ਵਿੱਚ, ਸੱਸ ਸਹੁਰੇ ਨਾਲ ਰਹਿਣਾ ਤਾਂ ਇੱਕ ਪਾਸੇ- ਲੜਕੀ ਆਪਣੇ ਜੀਵਨ ਸਾਥੀ ਨੂੰ ਛੱਡਣ ਦਾ ਫੈਸਲਾ ਵੀ ਇੱਕ ਸਕਿੰਟ ਵਿੱਚ ਕਰ ਲੈਂਦੀ ਹੈ। ਇਸੇ ਕਾਰਨ ਘਰ ਪਰਿਵਾਰ ਟੁੱਟ ਰਹੇ ਹਨ।
ਇੱਕ ਦਿਨ ਅਸੀਂ ਗਰੌਸਰੀ ਕਰਨ ਗਏ, ਤਾਂ ਪਾਰਕਿੰਗ ਵਿੱਚ ਸਾਡੇ ਬਰਾਬਰ ਹੀ ਇੱਕ ਹੋਰ ਗੱਡੀ ਰੁਕੀ ਹੋਈ ਸੀ। ਇਸ ਵਿੱਚ ਡਰਾਈਵਰ ਸੀਟ ਤੇ, ਇੱਕ ਨੌਜਵਾਨ ਫੈਸ਼ਨੇਬਲ ਲੜਕੀ ਬੈਠੀ ਸੀ, ਤੇ ਪਿੱਛੇ ਇੱਕ ਬਿਰਧ ਔਰਤ। ਕੁੱਝ ਪਲਾਂ ਵਿੱਚ ਹੀ ਇੱਕ ਬਜ਼ੁਰਗ ਗਰੌਸਰੀ ਕਰਕੇ ਆਇਆ, ਤੇ ਉਸਨੇ ਟਰੌਲੀ ਵਿੱਚੋਂ ਭਾਰੀ ਲਿਫਾਫੇ, ਬੜੀ ਮੁਸ਼ਕਲ ਨਾਲ ਚੁੱਕ ਕੇ, ਉਸ ਨਾਲ ਵਾਲੀ ਗੱਡੀ ਵਿੱਚ ਰੱਖੇ। ਮੈਂਨੂੰ ਬੜਾ ਤਰਸ ਆਇਆ ਤੇ ਗੁੱਸਾ ਵੀ ਆ ਰਿਹਾ ਸੀ ਕਿ- ਇਹ ਲੜਕੀ ਕਿਉਂ ਨਹੀਂ ਸੀਟ ਤੋਂ ਉੱਠ ਕੇ ਉਸ ਤੋਂ ਗਰੌਸਰੀ ਫੜਦੀ? ਮੈਂ ਆਪਣੀ ਪਰੇਸ਼ਾਨੀ ਬੇਟੇ ਨਾਲ ਜ਼ਾਹਰ ਕੀਤੀ ਤਾਂ ਉਸ ਕਿਹਾ- “ਇਹ ਉਸਦਾ ਸਹੁਰਾ ਹੋਏਗਾ ਵਿਚਾਰਾ। ਜੇ ਬਾਪ ਹੁੰਦਾ ਤਾਂ ਜਰੂਰ ਉਠ ਕੇ ਫੜਦੀ।” “ਲੋਹੜਾ ਆ ਗਿਆ! ਬਜ਼ੁਰਗ ਤਾਂ ਬਜ਼ੁਰਗ ਹੈ- ਬਾਪ ਹੋਵੇ ਜਾਂ ਸਹੁਰਾ?” ਮੈਂ ਸਾਰੇ ਰਸਤੇ ਸੋਚਦੀ ਰਹੀ।
ਆਦਮੀ ‘ਮਕਾਨ’ ਬਣਾਉਂਦਾ ਹੈ, ਪਰ ਉਸ ਨੂੰ ‘ਘਰ’ ਤਾਂ, ਔਰਤ ਬਣਾਉਂਦੀ ਹੈ। ਜੇ ਸਾਡੀਆਂ ਕੁੜੀਆਂ ਨੂੰ ‘ਘਰ’ ਬਨਾਉਣੇ ਭੁੱਲ ਗਏ ਤਾਂ ਇਹ ਰਿਸ਼ਤਿਆਂ ਤੋਂ ਸੱਖਣੇ ‘ਘਰ’, ਮੁੜ ‘ਮਕਾਨ’ ਬਣ ਜਾਣਗੇ। ਕੁੜੀਆਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ- ਜੇ ਇਹੀ ਵਰਤਾਓ, ਉਸ ਦੀ ਭਰਜਾਈ ਉਸ ਦੇ ਮਾਂ ਬਾਪ ਨਾਲ ਕਰੇ- ਤਾਂ ਉਸ ਤੇ ਕੀ ਬੀਤੇਗੀ? ਔਰਤ ਇਹ ਕਿਉਂ ਭੁੱਲ ਜਾਂਦੀ ਹੈ ਕਿ ਉਸ ਨੇ ਵੀ ਕੱਲ੍ਹ ਨੂੰ ਸੱਸ ਬਨਣਾ ਹੈ। ਜੇ ਇਹੀ ਸਲੂਕ, ਉਸ ਦੀ ਨੂੰਹ ਨੇ ਉਸ ਨਾਲ ਕੀਤਾ- ਤਾਂ ਉਸ ਦੀ ਕੀ ਹਾਲਤ ਹੋਏਗੀ? ਆਖਿਰ ਉਸ ਦਾ ਬੱਚਾ ਵੀ ਤਾਂ ਦੇਖ ਰਿਹੈ ਸਭ ਕੁੱਝ। ਉਸ ਨੇ ਵੀ ਤਾਂ ਮਾਪਿਆਂ ਦੇ ਪਾਏ ਪੂਰਨਿਆਂ ਤੇ ਹੀ ਚਲਣਾ ਹੈ। ਦੁਨੀਆਂ ਦਾ ਦਸਤੂਰ ਹੈ- “ਜੋ ਬੀਜੋਗੇ, ਉਹੀ ਵੱਢੋਗੇ”।
ਅੱਜਕਲ ਕੁੱਝ ਨੂੰਹਾਂ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵੀ, ਸਹੁਰੇ ਪਰਿਵਾਰ ਵਲੋਂ ਨਿਰਲੇਪ ਰਹਿੰਦੀਆਂ ਹਨ। ਵਰਤੋਂ ਕੇਵਲ ਪੇਕਿਆਂ ਨਾਲ ਹੀ ਰੱਖਦੀਆਂ ਹਨ। ਘਰ ਵਿੱਚ ਰਹਿਣ ਨਾਲ, ਉਹ ਸੱਸ ਦੇ ਸਿਰ ਤੇ ਐਸ਼ ਕਰਦੀਆਂ ਹਨ। ਰੋਟੀ ਤੋਂ ਲੈ ਕੇ, ਘਰ ਦਾ ਸਾਰਾ ਕੰਮ ਸੱਸਾਂ ਕਰੀ ਜਾਂਦੀਆਂ ਹਨ। ਉਧਰ ਉਹ ਦੋਵੇਂ ਜੀਅ, ਆਪਣੇ ਦੋਸਤਾਂ ਮਿੱਤਰਾਂ ਨਾਲ, ਜਾਂ ਬੀਵੀ ਦੇ ਭੈਣ ਭਾਈ ਨਾਲ ਘੁੰਮ ਫਿਰ ਕੇ ਖੁਸ਼ ਰਹਿੰਦੇ ਹਨ। ਸਹੁਰਿਆਂ ਦੇ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਲਈ, ਆਪਣਾ ਦੋਸਤਾਂ ਨਾਲ ਬਣਾਇਆ ਪ੍ਰੋਗਰਾਮ ਕਦੇ ਰੱਦ ਨਹੀਂ ਕੀਤਾ ਜਾਂਦਾ। ਨੂੰਹ ਆਪਣੇ ਭੈਣ ਭਰਾਵਾਂ ਦਾ ਹਰ ਰੋਜ਼ ਹਾਲ ਪੁੱਛੇਗੀ, ਪਰ ਸਹੁਰੇ ਵੱਸਦੀ ਜਾਂ ਹੋਸਟਲ ਵਿੱਚ ਪੜ੍ਹਦੀ ਨਨਾਣ ਨੂੰ, ਫੋਨ ਕਰਨ ਦੀ ਕਦੇ ਜ਼ਰੂਰਤ ਨਹੀਂ ਸਮਝਦੀ। ਸੱਸ ਵਿਚਾਰੀ ਇਸੇ ਗੱਲੋਂ ਡਰਦੀ, ਮੂੰਹੋਂ ਕੁੱਝ ਨਹੀਂ ਕਹਿੰਦੀ ਕਿ- ਨੂੰਹ ਉਸ ਦੇ ਇੱਕਲੌਤੇ ਪੁੱਤਰ ਨੂੰ ਨਾਲ ਲੈ ਕੇ, ਕਿਧਰੇ ਵੱਖ ਨਾ ਹੋ ਜਾਵੇ।
ਮੈਨੂੰ ਲਗਦਾ ਕਿ ਕਿਧਰੇ ਮਰਦ ਵੀ ਕਸੂਰਵਾਰ ਹੈ। ਉਸ ਨੂੰ ਇੱਕ ਰਿਸ਼ਤੇ ਦੇ ਜੁੜਨ ਨਾਲ, ਪੰਝੀ ਤੀਹ ਸਾਲ ਦੇ ਬਣੇ ਹੋਏ ਖੂਨ ਦੇ ਰਿਸ਼ਤੇ, ਇੱਕਦਮ ਵਿਸਾਰ ਨਹੀਂ ਦੇਣੇ ਚਾਹੀਦੇ। ਉਹ ਗਲਤੀ ਕਰਨ ਤੇ, ਆਪਣੀ ਬੀਵੀ ਅਤੇ ਮਾਂ, ਦੋਹਾਂ ਨੂੰ ਵੱਖਰੇ ਤੌਰ ਤੇ ਸਮਝਾ ਸਕਦਾ ਹੈ। ਮਰਦ ਔਰਤ ਦਾ ਸਭ ਤੋਂ ਕਰੀਬੀ ਸਾਥੀ ਹੁੰਦਾ ਹੈ। ਉਹ ਪਿਆਰ ਨਾਲ, ਉਸ ਦੇ ਅਸਲੀ ਪਰਿਵਾਰ ਦੀ ਅਹਿਮੀਅਤ, ਉਸ ਨੂੰ ਸਮਝਾ ਸਕਦਾ ਹੈ। ਉਧਰ ਜੇਕਰ ਮਾਪੇ ਵੀ ਧੀ ਦੇ ਸੁਖੀ ਜੀਵਨ ਦੀ ਕਲਪਨਾ ਕਰਦੇ ਹਨ, ਤਾਂ ਉਹਨਾਂ ਨੂੰ ਵੀ ਆਪਣੀ ਸੋਚ ਬਦਲਨੀ ਪਏਗੀ। ਕੁੜੀਆਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਸ਼ਾਦੀ ਸ਼ੁਦਾ ਔਰਤ ਦਾ ਜੋ ਇੱਜ਼ਤ ਮਾਣ, ਸਹੁਰੇ ਪਰਿਵਾਰ ਵਿੱਚ ਹੋ ਸਕਦਾ ਹੈ, ਉਹ ਨਾ ਤਾਂ ਹੁਣ ਪੇਕੇ ਰਹਿਣ ਨਾਲ, ਤੇ ਨਾ ਹੀ ਇਕੱਲੇ ਰਹਿਣ ਨਾਲ ਹੋਣਾ ਹੈ। ਕਹਿਣ ਦਾ ਇਹ ਭਾਵ ਨਹੀਂ ਕਿ- ਕੁੜੀਆਂ ਚੁੱਪ ਚਾਪ ਸਹੁਰਿਆਂ ਵਲੋਂ ਹੁੰਦੇ ਜ਼ੁਲਮ ਬਰਦਾਸ਼ਤ ਕਰੀ ਜਾਣ। ਇਸ ਲਈ ਬਹੁਤ ਸਾਰੇ ਕਨੂੰਨ ਉਹਨਾਂ ਦੇ ਹੱਕ ਵਿੱਚ ਬਣੇ ਹੋਏ ਹਨ। ਜੇ ਸਿਰੋਂ ਪਾਣੀ ਲੰਘ ਜਾਵੇ ਤਾਂ ਕਨੂੰਨ ਦਾ ਸਹਾਰਾ ਲੈਣਾ ਹੀ ਪੈਣਾ ਹੈ। ਪਰ ਇਹਨਾਂ ਕਨੂੰਨਾਂ ਦਾ ਡਰਾਵਾ ਦੇ ਕੇ, ਸ਼ਰੀਫ ਸਹੁਰਿਆਂ ਨੂੰ ਤੰਗ ਕਰਨਾ, ਜਾਂ ਉਹਨਾਂ ਦਾ ਪੈਰ ਪੈਰ ਤੇ ਨਿਰਾਦਰ ਕਰਨਾ- ਤੇ ਆਪਣੀ ਘਰ ਗ੍ਰਹਿਸਥੀ ਆਪਣੇ ਹੱਥੀਂ ਆਪ ਉਜਾੜ ਦੇਣਾ- ਵੀ ਤਾਂ ਕੋਈ ਅਕਲਮੰਦੀ ਨਹੀਂ। ਘਰ ਪਰਿਵਾਰ ਨੂੰ ਤੋੜਨ ਤੋਂ ਪਹਿਲਾਂ ਦਸ ਵਾਰੀ ਨਹੀਂ ਸਗੋਂ ਸੌ ਵਾਰੀ ਉਹਨਾਂ ਬੱਚਿਆਂ ਬਾਰੇ ਸੋਚੋ ਜਿਹਨਾਂ ਨੂੰ ਤੁਹਾਡੀ ਇਸ ਗਲਤੀ ਦੀ ਸਜ਼ਾ, ਬਿਨਾ ਕਸੂਰ ਤੋਂ ਭੁਗਤਣੀ ਪਏਗੀ। ਉਹ ਵਿਚਾਰੇ ਮਾਂ ਬਾਪ ਵਿਚੋਂ, ਕਿਸੇ ਇੱਕ ਦੇ ਪਿਆਰ ਤੋਂ ਵਾਂਝੇ ਹੋ ਜਾਣਗੇ।
ਅੰਤ ਵਿੱਚ ਮੈਂ ਤਾਂ ਇਹੀ ਕਹਾਂਗੀ ਕਿ-
ਧਰਤੀ ਉਤੇ ਸੁਰਗ ਨੇ, ਹੁੰਦੇ ਉਹ ਘਰ ਬਾਰ,
ਜਿੱਥੇ ਨੂੰਹ ਤੇ ਸੱਸ ਵਿੱਚ, ਹੁੰਦਾ ਨਹੀਂ ਤਕਰਾਰ।
ਸੋ ਆਓ ਅੱਜ ਨਵੇਂ ਸਾਲ ਤੋਂ, ਆਪਣੇ ਘਰ ਪਰਿਵਾਰਾਂ ਵਿੱਚ ਪਿਆਰ ਮੁਹੱਬਤ ਤੇ ਸਤਿਕਾਰ ਦੇ ਬੀਜ ਬੀਜੀਏ ਅਤੇ ਘਰਾਂ ਨੂੰ ਸਵਰਗ ਬਨਾਉਣ ਦੀ ਕੋਸ਼ਿਸ਼ ਕਰਦੇ ਹੋਏ, ਇੱਕ ਨਵਾਂ ਨਰੋਆ ਸਮਾਜ ਸਿਰਜਣ ਵਿੱਚ ਸਹਾਈ ਹੋਈਏ।
Very nice story