ਨਵੀਂ ਦਿੱਲੀ – ਨੈਸ਼ਨਲ ਜਾਂਚ ਏਜੰਸੀ ਨੇ ਪਠਾਨਕੋਟ ਏਅਰਬੇਸ ਤੇ ਹੋਏ ਹਮਲੇ ਤੋਂ ਪਹਿਲਾਂ ਅੱਤਵਾਦੀਆਂ ਦੁਆਰਾ ਅਗਵਾ ਕੀਤੇ ਗਏ ਗੁਰਦਾਸਪੁਰ ਦੇ ਐਸਪੀ ਸਲਵਿੰਦਰ ਸਿੰਘ ਨੂੰ ਪੁੱਛਗਿੱਛ ਲਈ ਆਪਣੀ ਨਿਗਰਾਨੀ ਵਿੱਚ ਰੱਖਿਆ ਹੋਇਆ ਹੈ। ਐਨਆਈਏ ਐਸਪੀ ਸਲਵਿੰਦਰ ਸਿੰਘ ਨੂੰ ਮੰਗਲਵਾਰ ਸ਼ਾਮ ਨੂੰ ਹੀ ਉਨ੍ਹਾਂ ਦੇ ਗੁਰਦਾਸਪੁਰ ਨਿਵਾਸ ਸਥਾਨ ਤੋਂ ਆਪਣੇ ਨਾਲ ਲੈ ਗਈ ਸੀ।
ਐਨਆਈਏ ਤੇ ਪੰਜਾਬ ਪੁਲਿਸ ਇਹ ਜਾਨਣਾ ਚਾਹੁੰਦੀ ਹੈ ਕਿ ਆਖਿਰ ਰਾਤ ਦੇ ਸਮੇਂ ਐਸਪੀ ਪਾਕਿਸਤਾਨ ਸੀਮਾ ਦੇ ਨਜ਼ਦੀਕ ਕੀ ਕਰਨ ਗਏ ਸਨ।ਪਠਾਨਕੋਟ ਵਿੱਚ ਦਹਿਸ਼ਤਗਰਦਾਂ ਦੁਆਰਾ ਕੀਤੇ ਗਏ ਹਮਲੇ ਸਬੰਧੀ ਐਨਆਈਏ ਬਹੁਤ ਤਕਨੀਕੀ ਅਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਸਲਵਿੰਦਰ ਸਿੰਘ ਗੁਰਦਾਸਪੁਰ ਪੁਲਿਸ ਵਿੱਚ ਬਤੌਰ ਐਸਪੀ ਹੈਡਕਵਾਟਰ ਨਿਯੁਕਤ ਸਨ ਅਤੇ ਘਟਨਾ ਤੋਂ ਦੋ ਦਿਨ ਪਹਿਲਾਂ ਹੀ ਉਨ੍ਹਾਂ ਦਾ ਜਲੰਧਰ ਵਿੱਚ ਪੀਏਪੀ ਵਿੱਚ ਬਤੌਰ ਅਸਿਸਟੈਂਟ ਕਮਾਂਡਰ ਤਬਾਦਲਾ ਹੋਇਆ ਸੀ, ਪਰ ਉਨ੍ਹਾਂ ਨੇ ਉਸ ਸਮੇਂ ਤੱਕ ਜਲੰਧਰ ਆਫਿਸ ਦਾ ਚਾਰਜ ਨਹੀਂ ਸੀ ਲਿਆ।
ਜਾਂਚ ਏਜੰਸੀਆਂ ਐਸਪੀ ਦੇ ਮਜਾਰ ਤੇ ਜਾਣ ਦੀ ਗੱਲ ਤੇ ਭਰੋਸਾ ਨਹੀਂ ਕਰ ਰਹੀਆਂ ਅਤੇ ਏਨੀ ਰਾਤ ਨੂੰ ਪਾਕਿਸਤਾਨ ਦੀ ਸੀਮਾ ਤੇ ਜਾਣ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਰਹੀਆਂ ਹਨ। ਉਨ੍ਹਾਂ ਦੇ ਨਾਲ ਅਗਵਾ ਹੋਏ ਰਸੋਈਏ ਅਤੇ ਇੱਕ ਹੋਰ ਦੋਸਤ ਵਰਮਾ ਦੇ ਬਿਆਨ ਵੀ ਆਪਸ ਵਿੱਚ ਮੇਲ ਨਹੀਂ ਖਾ ਰਹੇ। ਇਸ ਲਈ ਐਨਆਈਏ ਦੀ ਟੀਮ ਹੋਰ ਜਾਂਚ ਪੜਤਾਲ ਲਈ ਐਸਪੀ ਨੂੰ ਕਿਸੇ ਅਗਿਆਤ ਸਥਾਨ ਤੇ ਲੈ ਗਈ ਹੈ।