ਉਰੂਮਕੀ- ਚੀਨ ਦੇ ਪੱਛਮੀ ਉਤਰੀ ਖੇਤਰ ਵਿਚ ਹੋਈ ਹਿੰਸਾ ਦੌਰਾਨ ਘੱਟ ਤੋਂ ਘੱਟ 140 ਲੋਕਾਂ ਦੀ ਮੌਤ ਹੋ ਗਈ ਅਤੇ 800 ਤੋਂ ਜਿਆਦਾ ਲੋਕ ਜਖ਼ਮੀ ਹੋ ਗਏ। ਮੁਸਲਿਮ ਅਘੂਰ ਕਮਿਊਨਟੀ ਦੇ ਵਿਖਾਵਾਕਾਰੀਆਂ ਦਾ ਚੀਨ ਦੇ ਹਾਨ ਫਿਰਕੇ ਨਾਲ ਟਕਰਾਅ ਹੋ ਗਿਆ, ਜਿਸ ਕਰਕੇ ਪੁਲਿਸ ਨੂੰ ਸਖਤ ਕਾਰਵਾਈ ਕਰਨੀ ਪਈ।
ਸਰਕਾਰੀ ਤੌਰ ਤੇ ਇਹ ਪੁਸ਼ਟੀ ਕੀਤੀ ਗਈ ਹੈ ਕਿ ਸਿ਼ਨਜਿਆਂਗ ਸੂਬੇ ਦੀ ਰਾਜਧਾਨੀ ਉਰੂਮਕੀ ਵਿਚ ਭੜ੍ਹਕੇ ਦੰਗਿਆਂ ਦੌਰਾਨ ਘੱਟ ਤੋਂ ਘੱਟ 140 ਲੋਕ ਮਾਰੇ ਗਏ ਹਨ ਅਤੇ 800 ਤੋਂ ਵੱਧ ਜਖ਼ਮੀ ਹੋ ਗਏ ਹਨ। 57 ਲੋਕਾਂ ਦੀ ਮੌਤ ਮੌਕੇ ਤੇ ਹੀ ਹੋ ਗਈ। ਕੁਝ ਲੋਕਾਂ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ। ਮਰਨ ਵਾਲਿਆਂ ਦੀ ਸੰਖਿਆ ਵੱਧ ਸਕਦੀ ਹੈ। ਇਨ੍ਹਾਂ ਦੋਵਾਂ ਫਿਰਕਿਆਂ ਵਿਚ ਖਹਿਬਾਜ਼ੀ ਚਲਦੀ ਹੀ ਰਹਿੰਦੀ ਹੈ। ਪਿੱਛਲੇ ਸਾਲ ਮੁਸਲਮਾਨ ਅਘੂਰ ਫਿਰਕੇ ਵਲੋਂ ਕੀਤੇ ਗਏ ਹਮਲੇ ਵਿਚ 17 ਪੁਲਿਸ ਕਰਮਚਾਰੀ ਮਾਰੇ ਗਏ ਸਨ। ਵਿਖਾਵਾਕਾਰੀ ਪਿੱਛਲੇ ਮਹੀਨੇ ਚੀਨ ਦੇ ਇਕ ਕਾਰਖਾਨੇ ਵਿਚ ਦੋਵਾਂ ਫਿਰਕਿਆਂ ਦੌਰਾਨ ਹੋਏ ਸੰਘਰਸ਼ ਵਿਚ ਦੋ ਵਿਅਕਤੀਆਂ ਦੀ ਮੌਤ ਦੇ ਸਬੰਧ ਵਿਚ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਸਨ। ਪਹਿਲਾਂ ਤਾਂ ਇਹ ਪਰਦਰਸ਼ਨ ਸ਼ਾਂਤਮਈ ਢੰਗ ਨਾਲ ਚਲ ਰਿਹਾ ਸੀ ਪਰ ਬਾਅਦ ਵਿਚ ਭੀੜ੍ਹ ਬੇਕਾਬੂ ਹੋ ਗਈ। ਉਨ੍ਹਾਂ ਨੇ ਗੱਡੀਆਂ ਨੂੰ ਅੱਗਾਂ ਲਗਾਈਆਂ ਅਤੇ ਪੁਲਿਸ ਨਾਲ ਵੀ ਹੱਥੋਪਾਈ ਕੀਤੀ। ਦੰਗਾਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਹਿੰਸਕ ਢੰਗ ਨਾਲ ਸਖਤੀ ਵਰਤਣ ਕਰਕੇ ਹੀ ਹਿੰਸਾ ਸ਼ੁਰੂ ਹੋਈ। ਪੁਲਿਸ ਨੇ ਸਖਤੀ ਵਰਤ ਕੇ ਕਾਫੀ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਚੀਨ ਦੇ ਟੀਵੀ ਚੈਨਲ ਤੇ ਦੰਗਾਕਾਰੀਆਂ ਨੂੰ ਹੱਥਾਂ ਵਿਚ ਚਾਕੂ, ਡੰਡੇ, ਇੱਟਾਂ ਅਤੇ ਪੱਥਰ ਫੜੇ ਹੋਏ ਵਿਖਾਇਆ ਗਿਆ ਹੈ।
ਚੀਨ ਵਲੋਂ ਇਨ੍ਹਾਂ ਦੰਗਿਆਂ ਲਈ ਅਘੂਰ ਕਾਂਗਰਸ ਦੇ ਆਗੂ ਰਬੀਆ ਕਾਦਿਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਕਾਦਿਰ ਇਸ ਸਮੇਂ ਅਮਰੀਕਾ ਵਿਚ ਰਹਿ ਰਿਹਾ ਹੈ। ਚੀਨ ਦੀ ਸਰਕਾਰ ਦਾ ਕਹਿਣਾ ਹੈ ਕਿ ਇਹ ਹਿੰਸਾ ਭੜ੍ਹਕਾਉਣ ਦੀ ਸਾਜਿਸ਼ ਕਾਦਿਰ ਨੇ ਰਚੀ ਸੀ। ਸਿ਼ਨਜਿਆਂਗ ਸੂਬੇ ਵਿਚ ਅਘੂਰ ਫਿਰਕੇ ਦੇ ਲੋਕਾਂ ਦੀ ਅਬਾਦੀ 80 ਲਖ ਅਤੇ ਹਾਨ ਫਿਰਕੇ ਦੇ ਲੋਕਾਂ ਦੀ ਗਿਣਤੀ 23 ਲਖ ਹੈ।