ਨਵੀਂ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪ੍ਰਸਿੱਧ ਕਮੇਡੀਆਨ ਕਿੱਕੂ ਸ਼ਾਰਦਾ ਵੱਲੋ ਸੌਦਾ ਸਾਧ ਦੀ ਨਕਲ ਕਰਨ ‘ਤੇ ਹਰਿਆਣਾ ਪੁਲੀਸ ਵੱਲੋ ਕੀਤੀ ਗਈ ਕਾਰਵਾਈ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਹਰਿਆਣਾ ਪੁਲੀਸ ਕਈ ਕਤਲਾਂ ਤੇ ਬਲਾਤਕਾਰਾਂ ਦੇ ਕੇਸਾਂ ਵਿੱਚ ਵੱਖ ਵੱਖ ਅਦਾਲਤਾਂ ਵਿੱਚ ਤਰੀਕਾਂ ਭੁਗਤ ਰਹੇ ਸੌਦਾ ਸਾਧ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਯਾਤਰਾ ਤੇ ਭੇਜਦੀ ਪਰ ਇੱਕ ਕਲਾਕਰ ਨੂੰ ਗ੍ਰਿਫਤਾਰ ਕਰਨਾ ਸਾਬਤ ਕਰਦਾ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ ਬਲਾਤਕਾਰੀ ਸੌਦਾ ਸਾਧ ਦੇ ਪੂਰੀ ਤਰ੍ਹਾਂ ਪ੍ਰਭਾਵ ਹੇਠ ਆਈ ਹੋਈ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਬਾਦਲਾਂ ਦੇ ਇਲਾਕੇ ਬਠਿੰਡਾ ਦੇ ਪਿੰਡ ਸਲਾਬਤਪੁਰਾ ਡੇਰੇ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਆਪਣੇ ਚੇਲਿਆਂ ਨੂੰ ਮਿੱਠਾ ਪਾਣੀ ਪਿਲਾ ਕੇ ਇੰਸ਼ਾ ਬਣਾਉਣ ਵਾਲੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਪੰਜਾਬ ਪੁਲੀਸ ਨੇ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਉਲਟਾ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨਾਲ ਬੈਠ ਕੇ ਇੱਕ ਕੱਪ ਚਾਹ ਪੀ ਕੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਵੱਲੋਂ ਤਖਤਾਂ ਦੇ ਜਥੇਦਾਰਾਂ ਤੇ ਦਬਾ ਪਾ ਕੇ ਸੌਦਾ ਸਾਧ ਨੂੰ ਮੁਆਫੀ ਦਿਵਾਈ ਜਿਹੜੀ ਸੰਗਤਾਂ ਦੇ ਰੋਸ ਕਾਰਨ ਅਕਾਲੀ ਦਲ ਬਾਦਲ ਲਈ ਜੀਅ ਦਾ ਜੰਜਾਲ ਬਣੀ ਹੋਈ ਹੈ। ਉਹਨਾਂ ਕਿਹਾ ਕਿ ਕਿੱਕੂ ਸ਼ਾਰਦਾ ਇੱਕ ਕਲਾਕਾਰ ਹੈ ਤੇ ਕਲਾਕਾਰ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਕਲਾ ਪ੍ਰਤੀ ਫਰਜ਼ ਨਿਭਾਉਦਿਆ ਲੋਕਾਂ ਨੂੰ ਸਹੀ ਜਾਣਕਾਰੀ ਦੇਵੇ ਤੇ ਕਿੱਕੂ ਨੇ ਵੀ ਆਪਣਾ ਫਰਜ਼ ਨਿਭਾਇਆ ਹੈ। ਉਹਨਾਂ ਕਿਹਾ ਕਿ ਸੌਦਾ ਸਾਧ ਦੇ ਚੇਲਿਆਂ ਨੇ ਸਿਰਫ ਕਿੱਕੂ ਸ਼ਾਰਦਾ ਦੇ ਖਿਲਾਫ ਹੀ ਕਾਰਵਾਈ ਨਹੀਂ ਕਰਵਾਈ ਸਗੋਂ ਸਮੁੱਚੇ ਕਲਾਕਾਰਾਂ ਦੀ ਅਜ਼ਮਤ ‘ਤੇ ਹਮਲਾ ਕੀਤਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸੌਦਾ ਸਾਧ ਖੁਦ ਹੀ ਮੰਨ ਚੁੱਕਾ ਹੈ ਕਿ ਉਹ ਕੋਈ ਸਾਧ ਜਾਂ ਸੰਤ ਨਹੀਂ ਸਗੋਂ ਇੱਕ ਸ਼ੋਸ਼ਲ ਵਰਕਰ ਹੈ ਤੇ ਫਿਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਹੋ ਹੀ ਨਹੀਂ ਸਕਦਾ। ਉਹਨਾਂ ਕਿਹਾ ਕਿ ਕਲਾਕਾਰ ਤਾਂ ਦੇਸ਼ ਦੇ ਹਰ ਸਿਆਸੀ ਆਗੂ ਤੋਂ ਵਿਅੰਗ ਕੱਸ ਕੇ ਉਸ ਦੀ ਅਸਲੀਅਤ ਲੋਕਾਂ ਵਿੱਚ ਲਿਆਉਦੇ ਹਨ ਤੇ ਸੌਦਾ ਸਾਧ ਤੇ ਫਿਰ ਵਿਅੰਗ ਕੱਸਣ ਨਾਲ ਕੋਈ ਪਰਲੋ ਨਹੀ ਆ ਗਈ। ਉਹਨਾਂ ਕਿਹਾ ਕਿ ਬੱਜਰ ਗਲਤੀ ਕਰਨ ਵਾਲੇ ਸੌਦਾ ਸਾਧ ਵੱਲੋਂ ਗੁਰੂ ਸਾਹਿਬ ਦਾ ਸਵਾਂਗ ਰਚਾਉਣ ਦੀਆ ਲੱਗੀਆਂ ਖਬਰਾਂ ਦੀਆ ਸੁਰਖੀਆਂ ਅਖਬਾਰਾਂ ਦਾ ਸ਼ਿੰਗਾਰ ਬਣ ਚੁੱਕੀਆਂ ਹਨ ਤੇ ਹੁਣ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੌਦਾ ਸਾਧ ਦੇ ਖਿਲਾਫ ਦਰਜ ਕੀਤਾ ਕੇਸ ਇਹ ਕਹਿ ਕੇ ਵਾਪਸ ਲੈ ਰਹੇ ਹਨ ਕਿ ਘਟਨਾ ਵਾਪਰੀ ਹੀ ਨਹੀਂ ਹੈ। ਉਹਨਾਂ ਕਿਹਾ ਕਿ ਸੌਦਾ ਸਾਧ ਬਾਦਲ ਪਰਿਵਾਰ ਦਾ ਗੁਰੂ ਤਾਂ ਹੋ ਸਕਦਾ ਹੈ ਪਰ ਸਿੱਖ ਪੰਥ ਦਾ ਅੱਜ ਵੀ ਉਹ ਦੋਸ਼ੀ ਹੈ ਜਿਸ ਨੇ ਗੁਰੂ ਸਾਹਿਬ ਦਾ ਸਵਾਂਗ ਰਚਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਅਤੇ ਸਿੱਖ ਪੰਥ ਉਸ ਨੂੰ ਕਦੇ ਵੀ ਮੁਆਫ ਨਹੀ ਕਰੇਗਾ।