ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਆਯੋਜਿਤ 31ਵਾਂ ਉਤਰੀ ਭਾਰਤੀ ਯੂਨੀਵਰਸਿਟੀਆਂ ਦਾ ਯੁਵਕ ਮੇਲਾ ਅੱਜ ਸਮਾਪਤ ਹੋਇਆ । ਮੇਲੇ ਦੇ ਸਮਾਪਤੀ ਸਮਾਗਮ ਵਿੱਚ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ । ਇਸ ਮੌਕੇ ਉਪ ਮੁੱਖ ਮੰਤਰੀ ਪੰਜਾਬ ਦੇ ਓ ਐਸ ਡੀ ਸ. ਪਰਮਜੀਤ ਸਿੰਘ ਸਿਧਵਾਂ, ਸਾਬਕਾ ਸੱਭਿਆਚਾਰਕ ਮੰਤਰੀ ਪੰਜਾਬ ਸ. ਹੀਰਾ ਸਿੰਘ ਗਾਬੜੀਆ ਅਤੇ ਯੂਨੀਵਰਸਿਟੀ ਦੇ ਸਮੂਹ ਅਧਿਕਾਰੀ ਸ਼ਾਮਲ ਸਨ ।
ਖਚਾਖਚ ਭਰੇ ਓਪਨ ਏਅਰ ਥੀਏਟਰ ਨੂੰ ਸੰਬੋਧਨ ਕਰਦਿਆਂ ਡਾ.ਚੀਮਾ ਨੇ ਕਿਹਾ ਕਿ ਉਸਾਰੂ ਸੋਚ ਅਤੇ ਅਨੁਸਾਸ਼ਨਬੱਧ ਹੋਣਾ ਇੱਕ ਚੰਗ ਸਖਸ਼ੀਅਤ ਦੀ ਨਿਸ਼ਾਨੀ ਹੈ । ਉਹਨਾਂ ਕਿਹਾ ਕਿ ਕਿਸੇ ਵੀ ਮੰਜ਼ਿਲ ਨੂੰ ਪ੍ਰਾਪਤ ਕਰਨ ਦੇ ਲਈ ਇਹ ਅਹਿਮ ਸਥਾਨ ਰੱਖਦੇ ਹਨ । ਸਾਨੂੰ ਦੂਜਿਆਂ ਦੇ ਦੋਸ਼ ਕੱਢਣ ਤੋਂ ਪਹਿਲਾਂ ਆਪਣੇ ਅੰਦਰ ਵੀ ਝਾਤੀ ਮਾਰਨੀ ਚਾਹੀਦੀ ਹੈ ਅਤੇ ਹਰ ਦੂਜੇ ਇਨਸਾਨ ਤੋਂ ਚੰਗੀ ਸਿੱਖਿਆ ਲੈ ਕੇ ਆਪਣੀ ਸਖਸ਼ੀਅਤ ਦਾ ਹਿੱਸਾ ਬਨਾਉਣਾ ਚਾਹੀਦਾ ਹੈ । ਹੁਨਰ ਸਿਖਲਾਈ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਜਪਾਨ, ਕੋਰੀਆ, ਜਰਮਨੀ ਵਰਗੇ ਦੇਸ਼ਾਂ ਵਿੱਚ 75 ਪ੍ਰਤੀਸ਼ਤ ਤੋਂ ਵੱਧ ਨੌਜਵਾਨ ਕਿਸੇ ਨਾ ਕਿਸੇ ਕਿੱਤੇ ਦਾ ਹੁਨਰ ਰੱਖਦੇ ਹਨ ਜੋ ਕਿ ਭਾਰਤ ਮੁਲਕ ਵਿੱਚ ਇਸ ਦੀ ਪ੍ਰਤੀਸ਼ਤਤਾ 3-4 ਫੀਸਦੀ ਹੈ । ਦੇਸ਼ ਦੇ ਚੰਗੇ ਭਵਿੱਖ ਦੇ ਲਈ ਨੌਜਵਾਨਾਂ ਨੂੰ ਹੁਨਰ ਸਿਖਲਾਈ ਵੱਲ ਵੱਧ ਤੋਂ ਵੱਧ ਤੋਰਨਾ ਪਵੇਗਾ ।
ਇਸ ਮੌਕੇ ਡਾ. ਢਿੱਲੋਂ ਨੇ ਸੰਬੋਧਨ ਕਰਦਿਆ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਅਹਿਮ ਸਥਾਨ ਰੱਖਦੇ ਹਨ । ਉਹਨਾਂ ਕਿਹਾ ਕਿ ਇਹਨਾਂ ਯੁਵਕ ਮੇਲਿਆਂ ਵਿੱਚ ਅਨੇਕਤਾ ਵਿੱਚ ਏਕਤਾ ਦਾ ਸੁਨੇਹਾ ਬਾਖੂਬੀ ਢੰਗ ਦੇ ਨਾਲ ਦਿੱਤਾ ਜਾਂਦਾ ਹੈ । ਜਿੱਥੇ ਅਸੀਂ ਆਪਣੇ ਸੱਭਿਆਚਾਰ ਤੋਂ ਦੂਜਿਆਂ ਨੂੰ ਜਾਣੂੰ ਕਰਾਉਂਦੇ ਹਾਂ ਨਾਲ ਹੀ ਸਾਨੂੰ ਦੂਜਿਆਂ ਦੇ ਸੱਭਿਆਚਾਰ ਨਾਲ ਸਾਂਝ ਪਾਉਣ ਦਾ ਮੌਕਾ ਮਿਲਦਾ ਹੈ । ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਖੇਡਾਂ ਅਤੇ ਯੁਵਕ ਗਤੀਵਿਧੀਆਂ ਨਾਲ ਸਾਂਝ ਪਾਉਣ ਅਤੇ ਅਜਿਹੀਆਂ ਪ੍ਰਤੀਯੋਗਿਤਾਵਾਂ ਵਿੱਚ ਭਾਗ ਜ਼ਰੂਰ ਲੈਣ । ਉਹਨਾਂ ਕਿਹਾ ਕਿ ਭਾਗ ਲੈਣ ਵਾਲਾ ਵਿਦਿਆਰਥੀ ਚਾਹੇ ਕੋਈ ਤਗਮਾ ਹਾਸਲ ਨਾ ਕਰ ਸਕੇ ਪਰ ਜਿੱਤਦਾ ਉਹ ਵੀ ਹੈ । ਇਸਲਈ ਸਾਨੂੰ ਹਾਰ ਜਿੱਤ ਨੂੰ ਭੁੱਲ ਕੇ ਵੱਧ ਤੋਂ ਵੱਧ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣਾ ਚਾਹੀਦਾ ਹੈ । ਇਸ ਮੌਕੇ ਕੁੱਲ ਭਾਰਤੀ ਐਸੋਸੀਏਸ਼ਨ ਦੇ ਨਿਗਰਾਨ ਡਾ. ਐਸ ਕੇ ਸ਼ਰਮਾ ਨੇ ਵੀ ਸੰਬੋਧਨ ਕੀਤਾ । ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਇਹ ਉਤਰੀ ਭਾਰਤੀ ਯੁਵਕ ਮੇਲਾ ਬੜੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਆਯੋਜਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਇਸ ਯੂਨੀਵਰਸਿਟੀ ਨੂੰ ਕੁੱਲ ਭਾਰਤੀ ਯੁਵਕ ਮੇਲਾ ਆਯੋਜਿਤ ਕਰਨ ਦੇ ਲਈ ਸੱਦਾ ਦਿੱਤਾ ਜਾਵੇਗਾ ।
ਇਸ ਤੋਂ ਪਹਿਲਾਂ ਜੀ ਆਇਆ ਦੇ ਸ਼ਬਦ ਯੂਨੀਵਰਸਿਟੀ ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ.ਨੀਲਮ ਗਰੇਵਾਲ ਨੇ ਕਹੇ ਜਦਕਿ ਯੁਵਕ ਮੇਲੇ ਸੰਬੰਧੀ ਰਿਪੋਰਟ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਪੜ੍ਹੀ । ਉਹਨਾਂ ਜਾਣਕਾਰੀ ਵਧਾਉਦਿਆਂ ਦੱਸਿਆ ਕਿ ਇਸ ਯੁਵਕ ਮੇਲੇ ਦੌਰਾਨ ਸੰਗੀਤ, ਨਾਟਕ, ਨਾਚਾਂ, ਵਾਦ-ਵਿਵਾਦ ਦੀਆਂ 25 ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ ਅਤੇ ਇਸ ਯੁਵਕ ਮੇਲੇ ਵਿੱਚ 31 ਯੂਨੀਵਰਸਿਟੀਆਂ ਨੇ ਭਾਗ ਲਿਆ। ਅੰਤ ਵਿੱਚ ਧੰਨਵਾਦ ਦੇ ਸ਼ਬਦ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪੀ ਕੇ ਖੰਨਾ ਨੇ ਕਹੇ ।
ਪਿਛਲੇ ਚਾਰ ਦਿਨਾਂ ਦੌਰਾਨ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਸੰਗੀਤ, ਰੰਗਮੰਚ ਅਤੇ ਸਾਹਿਤਕ ਵਿਧਾਵਾਂ ਦੀ ਚੈਂਪੀਅਨਸ਼ਿਪ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ, ਡਾਂਸ ਦੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ, ਕੋਮਲ ਕਲਾਵਾਂ ਦੀ ਡਾ: ਬੀ ਆਰ ਅੰਬੇਦਕਰ ਯੂਨੀਵਰਸਿਟੀ ਆਗਰਾ ਨੇ ਜਿੱਤੀ।
ਇਸ ਯੁਵਕ ਮੇਲੇ ਦੀ ਓਅਰ ਆਲ ਟਰਾਫੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਨੇ ਪ੍ਰਾਪਤ ਕੀਤੀ ਜਦਕਿ ਦੂਜੇ ਸਥਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਟੀਮ ਰਹੀ ।