ਇਸਲਾਮਾਬਾਦ- ਆਖਰ ਬਿੱਲੀ ਥੈਲੇ ਵਿਚੋਂ ਬਾਹਰ ਆ ਹੀ ਗਈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਪਹਿਲੀ ਵਾਰ ਇਹ ਮੰਨਿਆ ਕਿ ਕੁਝ ਰਣਨੀਤਕ ਉਦੇਸ਼ਾਂ ਦੀ ਪੂਰਤੀ ਲਈ ਦੇਸ਼ ਵਿਚ ਉਗਰਵਾਦੀਆਂ ਨੂੰ ਤਿਆਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਾਲਿਆ ਪੋਸਿਆ ਗਿਆ। ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਵਿਚ ਨੌਕਰਸ਼ਾਹਾਂ ਨਾਲ ਗੱਲਬਾਤ ਦੌਰਾਨ ਇਹ ਕਿਹਾ ਕਿ 11 ਸਿਤੰਬਰ 2001 ਦੀ ਘਟਨਾ ਤੋਂ ਬਾਅਦ ਉਹ ਦੇਸ਼ ਨੂੰ ਤੰਗ ਕਰਨ ਲਗੇ।
ਰਾਸ਼ਟਰਪਤੀ ਜਰਦਾਰੀ ਨੇ ਕਿਹਾ, ਰਾਸ਼ਟਰੀ ਪੱਧਰ ਤੇ ਅਤਵਾਦੀ ਅੱਗੇ ਆਏ ਤੇ ਉਨ੍ਹਾਂ ਨੇ ਦੇਸ਼ ਨੂੰ ਸਿਰਫ ਇਸ ਲਈ ਚੁਣੌਤੀ ਨਹੀਂ ਦਿਤੀ ਕਿ ਨੌਕਰਸ਼ਾਹੀ ਕਮਜੋਰ ਹੋ ਗਈ ਸੀ ਜਾਂ ਉਸਦਾ ਮਨੋਬਲ ਕਮਜੋਰ ਹੋ ਗਿਆ ਸੀ। ਸਗੋਂ ਦਹਿਸ਼ਤਗਰਦਾਂ ਨੂੰ ਰਣਨੀਤਕ ਉਦੇਸ਼ਾਂ ਦੀ ਪ੍ਰਾਪਤੀ ਦੀ ਨੀਤੀ ਦੇ ਤਹਿਤ ਜਾਣ-ਬੁਝ ਕੇ ਤਿਆਰ ਕੀਤਾ ਗਿਆ ਅਤੇ ਉਨ੍ਹਾਂ ਦੀ ਪਾਲਣਾ ਕੀਤੀ ਗਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਨੂੰ ਖੁਦ ਦੇ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ ਹੈ ਅਤੇ ਸਚਾਈ ਨੂੰ ਸਪੱਸ਼ਟ ਰੂਪ ਵਿਚ ਸਵੀਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਅਤਵਾਦੀ 9/11 ਦੀ ਘਟਨਾ ਤੋਂ ਪਹਿਲਾਂ ਤਕ ਗੁਜ਼ਰੇ ਹੋਏ ਕਲ੍ਹ ਦੇ ਨਾਇਕ ਸਨ, ਪਰ ਇਸ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਤੰਗ ਕਰਨਾ ਸ਼ੁਰੂ ਕਰ ਦਿਤਾ। ਅਤਵਾਦ ਨੂੰ ਸਮਾਜ ਵਿਚੋਂ ਖਤਮ ਕਰਨ ਬਾਰੇ ਵੀ ਉਨ੍ਹਾਂ ਨੇ ਦ੍ਰਿੜਤਾ ਨਾਲ ਸੰਕਲਪ ਲਿਆ। ਉਨ੍ਹਾਂ ਕਿਹਾ, “ ਮੈਂ ਬਹੁਤ ਹੀ ਕਠਿਨ ਸਮੇਂ ਜਿੰਮੇਵਾਰੀ ਸੰਭਾਲੀ ਹੈ, ਇਸ ਦੇ ਬਾਵਜੂਦ ਦੇਸ਼ ਨੂੰ ਇਨ੍ਹਾਂ ਚੁਣੌਤੀਆਂ ਵਿਚੋਂ ਕਢ ਲਵਾਂਗਾ।”
ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਇਕ ਇੰਟਰਵਿਯੂ ਵਿਚ ਕਿਹਾ ਸੀ ਕਿ ਪਾਕਿਸਤਾਨੀ ਸੈਨਾ ਅਤਵਾਦੀਆਂ ਦੇ ਉਨ੍ਹਾਂ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਵੇਗੀ, ਜਿਨ੍ਹਾਂ ਦੇ ਸਮਰਥਣ ਨਾਲ ਉਹ ਭਾਰਤ ਨਾਲ ਯੁਧ ਕਰਦੀ ਰਹੀ ਹੈ। ਵਰਨਣਯੋਗ ਹੈ ਕਿ ਇਸ ਸਮੇਂ ਸੈਨਾ ਸਵਾਤ ਘਾਟੀ ਵਿਚ ਅਤਵਾਦੀਆਂ ਦੇ ਖਿਲਾਫ਼ ਸੰਘਰਸ਼ ਕਰ ਰਹੀ ਹੈ। ਜਰਦਾਰੀ ਨੇ ਕਿਹਾ ਕਿ ਉਹ ਸਾਰੀਆਂ ਰਾਜਨੀਤਕ ਸ਼ਕਤੀਆਂ ਨਾਲ ਮਿਲ ਕੇ ਚਲਣਾ ਚਾਹੁੰਦੇ ਹਨ। ਪਾਕਿਸਤਾਨ ਇਸ ਸਮੇਂ ਟਕਰਾਅ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਗੱਲਬਾਤ ਹੀ ਸਾਡਾ ਸੱਭ ਤੋਂ ਵੱਡਾ ਹੱਥਿਆਰ ਹੈ। ਇਸ ਨਾਲ ਹੀ ਅਸਾਂ ਤਾਨਾਸ਼ਾਹੀ ਨੂੰ ਖਤਮ ਕੀਤਾ ਹੈ। ਹੁਣ ਵੀ ਪਾਕਿਸਤਾਨ ਦੇ ਸਾਹਮਣੇ ਜੋ ਮੁਦੇ ਹਨ, ਉਨ੍ਹਾਂ ਦਾ ਹਲ ਵੀ ਗੱਲਬਾਤ ਦੇ ਰਾਹੀਂ ਹੀ ਕਢਿਆ ਜਾਵੇਗਾ। ਉਨ੍ਹਾਂ ਨੇ ਕਿਹਾ, “ ਅਸੀਂ ਹਾਸ਼ੀਏ ਤੇ ਹਾਂ ਅਤੇ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਵਿਅਕਤੀਗਤ ਰਾਜਨੀਤਕ ਖੇਡ ਨਹੀਂ ਖੇਡਣੀ ਚਾਹੀਦੀ।”